ਵੈਨਕੂਵਰ : ਖੋਜੀ ਪੱਤਰਕਾਰ ਮੋਚਾ ਬੇਜ਼ੀਰਗਨ ਨੇ ਕਿਹਾ ਹੈ ਕਿ ਵੈਨਕੂਵਰ ਸ਼ਹਿਰ ਵਿੱਚ ਖਾਲਿਸਤਾਨ ਸਮਰਥਕਾਂ ਦੇ ਇੱਕ ਸਮੂਹ ਨੇ ਉਸਨੂੰ ਘੇਰ ਲਿਆ ਅਤੇ ਧਮਕੀ ਦਿੱਤੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਐਤਵਾਰ ਖਾਲਿਸਤਾਨ ਸਮਰਥਕਾਂ ਦੀ ਡਾਊਨਟਾਊਨ ਰੈਲੀ ਦੀਆਂ ਵੀਡੀਓ ਬਣਾ ਰਿਹਾ ਸੀ ਅਤੇ ਤਸਵੀਰਾਂ ਲੈ ਰਿਹਾ ਸੀ। ਉਸ ਨੇ ਕਿਹਾ, ‘‘ਮੇਰੇ ਨਾਲ ਗੁੰਡਿਆਂ ਵਰਗਾ ਸਲੂਕ ਕੀਤਾ ਗਿਆ, ਮੈਂ ਅਜੇ ਵੀ ਕੰਬ ਰਿਹਾ ਹਾਂ। ਉਨ੍ਹਾਂ ਨੇ ਮੈਨੂੰ ਘੇਰ ਲਿਆ, ਮੇਰਾ ਫੋਨ ਖੋਹ ਲਿਆ ਅਤੇ ਰਿਕਾਰਡਿੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।’’
ਉਸ ਨੇ ਅੱਗੇ ਕਿਹਾ ਕਿ ਇਹ ਸਭ ਕੁਝ ਸਮੇਂ ਲਈ ਹੋਇਆ ਪਰ ਸਥਿਤੀ ਬਹੁਤ ਡਰਾਉਣੀ ਸੀ। ਮੋਚਾ ਨੇ ਦੱਸਿਆ ਕਿ ਉਹ ਉਸ ਰੈਲੀ ਨੂੰ ਕਵਰ ਕਰਨ ਗਿਆ ਸੀ, ਜਿਸ ਵਿੱਚ ਖਾਲਿਸਤਾਨ ਸਮਰਥਕ ਇਕੱਠੇ ਹੋਏ ਸਨ। ਇਸ ਦੌਰਾਨ ਉਸ ਨੇ ਦੇਖਿਆ ਕਿ ਇਹ ਲੋਕ ਖੁੱਲ੍ਹ ਕੇ ਹਿੰਸਾ ਦੀ ਪ੍ਰਸੰਸਾ ਕਰ ਰਹੇ ਸਨ ਅਤੇ ਭਾਰਤ ਵਿਰੁੱਧ ਭੜਕਾਊ ਗੱਲਾਂ ਕਹਿ ਰਹੇ ਸਨ। ਮੋਚਾ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਨਿਊਜ਼ੀਲੈਂਡ ਵਿੱਚ ਖਾਲਿਸਤਾਨੀ ਪ੍ਰਦਰਸ਼ਨਾਂ ਨੂੰ ਕਵਰ ਕਰਦਾ ਰਿਹਾ ਹੈ। ਉਸ ਨੇ ਕਿਹਾ ਕਿ ਇੱਕ ਅੰਦੋਲਨਕਾਰੀ ਨੇ ਉਸ ਨਾਲ ਬਹਿਸ ਕੀਤੀ, ਜਿਹੜਾ ਉਸ ਨੂੰ ਪਹਿਲਾਂ ਵੀ ਆਨਲਾਈਨ ਪ੍ਰੇਸ਼ਾਨ ਕਰਦਾ ਰਿਹਾ ਹੈ। ਮੋਚਾ ਨੇ ਕਿਹਾ, ‘‘ਮੈਂ ਅਜ਼ਾਦਾਨਾ ਪੱਤਰਕਾਰੀ ਕਰਦਾ ਹਾਂ। ਉਹ ਮੈਥੋਂ ਆਪਣੀ ਮਰਜ਼ੀ ਦੀ ਰਿਪੋਰਟਿੰਗ ਕਰਾਉਣਾ ਚਾਹੁੰਦੇ ਸੀ। ਮੈਂ ਤਾਂ ਕੈਨੇਡੀਅਨ ਨਾਗਰਿਕ ਵੀ ਨਹੀਂ ਹਾਂ, ਯੂ ਕੇ ਦਾ ਨਾਗਰਿਕ ਹਾਂ। ਮੈਂ ਸਿਰਫ ਇਨ੍ਹਾਂ ਦਾ ਇਕੱਠ ਕਵਰ ਕਰਨ ਆਇਆ ਸੀ, ਜਿੱਥੇ ਉਹ ਇੰਦਰਾ ਗਾਂਧੀ ਦੇ ਕਾਤਲਾਂ ਸਣੇ ਹੋਰਨਾਂ ਨੂੰ ਸਨਮਾਨਤ ਕਰਨ ਲਈ ਇਕੱਠੇ ਹੋਏ ਸੀ।’’



