ਪਟਨਾ : ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਐਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ ਨੂੰ ਹਾਈਜੈੱਕ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਸੱਤਾਧਾਰੀ ਭਾਜਪਾ ਨੂੰ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਹੀ ਚੋਣ ਪ੍ਰੋਗਰਾਮ ਦਾ ਪਤਾ ਲੱਗ ਜਾਂਦਾ ਹੈ। ਬਿਹਾਰ ਦੇ ਉਪ ਮੁੱਖ ਮੰਤਰੀ ਰਹੇ ਤੇਜਸਵੀ ਯਾਦਵ ਨੇ ਇਹ ਵੀ ਦਾਅਵਾ ਕੀਤਾ ਕਿ 2020 ਵਿੱਚ ਹੋਈਆਂ ਪਿਛਲੀਆਂ ਰਾਜ ਵਿਧਾਨ ਸਭਾ ਚੋਣਾਂ ਨਿਰਪੱਖ ਨਹੀਂ ਸਨ। ਉਨ੍ਹਾ ਨੇ ਮਹਾਰਾਸ਼ਟਰ ਚੋਣਾਂ ’ਤੇ ਕਾਂਗਰਸੀ ਆਗੂ ਰਾਹੁਲ ਗਾਂਂਧੀ ਵੱਲੋਂ ਪ੍ਰਗਟਾਏ ਖਦਸ਼ਿਆਂ ਦੀ ਹਮਾਇਤ ਵੀ ਕੀਤੀ। ਉਨ੍ਹਾ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ 2014 ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਦੇ ਕੇਂਦਰ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਸਾਰੀਆਂ ਸੰਵਿਧਾਨਕ ਸੰਸਥਾਵਾਂ ਨੂੰ ਹਾਈਜੈੱਕ ਕਰ ਲਿਆ ਗਿਆ ਹੈ। ਇਹ ਕਾਫੀ ਹੈਰਾਨੀ ਵਾਲੀ ਗੱਲ ਹੈ ਕਿ ਭਾਜਪਾ ਦੇ ਆਈ ਟੀ ਸੈੱਲ ਨੂੰ ਚੋਣ ਕਮਿਸ਼ਨ ਵੱਲੋਂ ਤਰੀਕਾਂ ਦਾ ਐਲਾਨ ਕਰਨ ਤੋਂ ਪਹਿਲਾਂ ਹੀ ਚੋਣ ਪ੍ਰੋਗਰਾਮ ਬਾਰੇ ਪਤਾ ਲੱਗ ਜਾਂਦਾ ਹੈ। ਅਸੀਂ ਇਸ ਘਟਨਾਕ੍ਰਮ ’ਤੇ ਨਜ਼ਰ ਰੱਖ ਰਹੇ ਹਾਂ।’’
ਤੇਜਸਵੀ ਨੇ ਕਿਹਾ ਕਿ ਸੰਵਿਧਾਨਕ ਸੰਸਥਾਵਾਂ ਨੂੰ ਆਜ਼ਾਦਾਨਾ ਤੌਰ ’ਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾ ਮੁਤਾਬਕ ਜੇ ਇਹ ਅਸਰਅੰਦਾਜ਼ ਹੋਣਗੀਆਂ ਤਾਂ ਲੋਕ ਨਿਆਂ ਦੀ ਉਮੀਦ ਕਿਵੇਂ ਕਰ ਸਕਦੇ ਹਨ। ਉਨ੍ਹਾ ਕਿਹਾ, ‘‘ਲੋਕ ਜਾਣਦੇ ਹਨ ਕਿ 2020 ਦੀਆਂ ਅਸੈਂਬਲੀ ਚੋਣਾਂ ਦੌਰਾਨ ਸੁੂਬੇ ਵਿੱਚ ਕੀ ਹੋਇਆ ਸੀ। ਅਸੀਂ ਸਰਕਾਰ ਬਣਾਉਣ ਵਾਲੇ ਸੀ। ਚੋਣ ਕਮਿਸ਼ਨ ਨੇ ਸ਼ਾਮ ਨੂੰ ਵੋਟਾਂ ਦੀ ਗਿਣਤੀ ਰੋਕਣ ਦੇ ਕਾਰਨਾਂ ਨੂੰ ਜਾਇਜ਼ ਠਹਿਰਾਉਣ ਲਈ ਤਿੰਨ ਵਾਰ ਪ੍ਰੈੱਸ ਕਾਨਫਰੰਸ ਕੀਤੀ। ਪਰ ਰਾਤ ਨੂੰ ਮੁੜ ਗਿਣਤੀ ਸ਼ੁਰੂ ਕਰ ਦਿੱਤੀ ਗਈ। ਮਹਾਗਠਬੰਧਨ ਦੇ ਜਿਹੜੇ ਉਮੀਦਵਾਰ ਜੇਤੂ ਐਲਾਨੇ ਗਏ ਸਨ, ਬਾਅਦ ਵਿੱਚ ਉਨ੍ਹਾਂ ਹਾਰਿਆ ਕਰਾਰ ਦੇ ਦਿੱਤਾ ਗਿਆ।’’