ਮਾਉਵਾਦੀਆਂ ਦੇ ਫਰਜ਼ੀ ਪੁਲਸ ਮੁਕਾਬਲੇ ਫੌਰੀ ਤੌਰ ’ਤੇ ਬੰਦ ਹੋਣ

0
16

ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੰਜਾਬ ਦੀਆਂ ਕਮਿਊਨਿਸਟ ਪਾਰਟੀਆਂ ਤੇ ਇਨਕਲਾਬੀ ਜਥੇਬੰਦੀਆਂ ਵੱਲੋਂ ਕੇਂਦਰ ਦੀ ਛੱਤੀਸਗੜ੍ਹ ਅਤੇ ਹੋਰ ਇਲਾਕਿਆਂ ’ਚੋਂ ਮਾਉਵਾਦੀਆਂ ਤੇ ਨਕਸਲਾਈਟਾਂ ਨੂੰ ਖਤਮ ਕਰਨ, ਦੇਸ਼ ਦੀ ਵਸੋਂ ਵਿੱਚ ਫਿਰਕਾਪ੍ਰਸਤੀ ਦਾ ਜ਼ਹਿਰ ਘੋਲਣ ਤੇ ਭਰਾ-ਭਰਾ ਵਿੱਚ ਪਾੜਾ ਪਾਉਣ ਅਤੇ ਹਿੰਦ ਦੀ ਧਰਤੀ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਵਾਲੀ ਨੀਤੀ ਵਿਰੁੱਧ ਕਨਵੈਨਸ਼ਨ ਕਰਨ ਤੋਂ ਬਾਅਦ ਜਲੰਧਰ ਦੀਆਂ ਸੜਕਾਂ ’ਤੇ ਰੋਹ ਭਰਪੂਰ ਮਾਰਚ ਕੀਤਾ ਗਿਆ।
ਕਨਵੈਨਸ਼ਨ ਦੀ ਪ੍ਰਧਾਨਗੀ ਸੂਬਾਈ ਆਗੂਆਂ ਪਿ੍ਰਥੀਪਾਲ ਸਿੰਘ ਮਾੜੀਮੇਘਾ, ਰਤਨ ਸਿੰਘ ਰੰਧਾਵਾ, ਅਜਮੇਰ ਸਿੰਘ, ਜਸਬੀਰ ਕੌਰ ਨੱਤ, ਨਰਿੰਜਨ ਸਿੰਘ ਸਫੀਪੁਰ ਤੇ ਮੁਖਤਿਆਰ ਸਿੰਘ ਪੂਹਲਾ ਨੇ ਕੀਤੀ। ਸੰਬੋਧਨ ਕਰਨ ਵਾਲਿਆਂ ਵਿੱਚ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਆਰ ਐੱਮ ਪੀ ਆਈ ਦੇ ਕੁੱਲ ਹਿੰਦ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ ਪੀ ਆਈ ਐੱਮ ਐੱਲ ਨਿਊ ਡੈਮੋਕਰੇਸੀ ਦੇ ਦਰਸ਼ਨ ਸਿੰਘ ਖਟਕੜ, ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਗੁਰਮੀਤ ਸਿੰਘ ਬਖਤਪੁਰਾ, ਇਨਕਲਾਬੀ ਕੇਂਦਰ ਪੰਜਾਬ ਦੇ ਮੁਖਤਿਆਰ ਸਿੰਘ ਪੂਹਲਾ ਅਤੇ ਐੱਮ ਸੀ ਪੀ ਆਈ ਯੂ ਦੇ ਕਿਰਨਜੀਤ ਸਿੰਘ ਸੇਖੋਂ ਸਨ।ਬੁਲਾਰਿਆਂ ਨੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀ ਪੁਰਜ਼ੋਰ ਨਿੰਦਾ ਕਰਦਿਆਂ ਕਿਹਾ ਕਿ ਮਾਉਵਾਦੀਆਂ ਤੇ ਨਕਸਲਬਾੜੀਆਂ ਦੇ ਫਰਜ਼ੀ ਪੁਲਸ ਮੁਕਾਬਲੇ ਫੌਰੀ ਤੌਰ ’ਤੇ ਬੰਦ ਕੀਤੇ ਜਾਣ। ਨਕਸਲਾਈਟ ਖਤਮ ਕਰਨ ਦੇ ਬਹਾਨੇ ਜੰਗਲਾਂ ਵਿੱਚ ਮੁੱਢ-ਕਦੀਮ ਤੋਂ ਵੱਸਦੇ ਆਦਿਵਾਸੀਆਂ ਦੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਗਏ ਹਨ।ਜਲ, ਜੰਗਲ, ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਧੜਾਧੜ ਵੇਚੇ ਜਾ ਰਹੇ ਹਨ।
ਬੁਲਾਰਿਆਂ ਮੰਗ ਕੀਤੀ ਕਿ ਕੇਂਦਰ ਹਕੂਮਤ ਵਿਰੁੱਧ ਬੋਲਣ ਤੇ ਲਿਖਣ ਵਾਲੇ ਬੁੱਧੀਜੀਵੀ, ਪੱਤਰਕਾਰ , ਅਗਾਂਹਵਧੂ ਆਗੂਆਂ ਤੇ ਚੈਨਲਾਂ ਵਾਲਿਆਂ ਨੂੰ ਫੌਰੀ ਤੌਰ ’ਤੇ ਰਿਹਾਅ ਕੀਤਾ ਜਾਵੇ। ਕਨਵੈਨਸ਼ਨ ਵਿੱਚ ਮਤਾ ਪਾਸ ਕੀਤਾ ਗਿਆ ਕਿ ਦੇਸ਼ ਭਰ ਵਿੱਚ ਘੱਟ ਗਿਣਤੀਆਂ ਵਿਸ਼ੇਸ਼ਕਰ ਮੁਸਲਮਾਨਾਂ ਖਿਲਾਫ ਨਫ਼ਰਤ ਫੈਲਾਉਣ ਵਾਲੀ ਮੁਹਿੰਮ ਬੰਦ ਕੀਤੀ ਜਾਵੇ ਅਤੇ ਵਕਫ ਬੋਰਡ ਵਿੱਚ ਕੀਤੀਆਂ ਮੁਸਲਿਮ ਵਿਰੋਧੀ ਅਮੈਂਡਮੈਟਾਂ ਰੱਦ ਕੀਤੀਆਂ ਜਾਣ ਕਨਵੈਨਸ਼ਨ ਪਹਿਲਗਾਮ ਘਟਨਾ ਦੀ ਆੜ ਵਿੱਚ ਕੇਂਦਰ ਸਰਕਾਰ ਵੱਲੋਂ ‘ਸੰਧੂਰ ਅਪਰੇਸ਼ਨ’ ਦੇ ਪ੍ਰਚਾਰ ਨਾਲ ਆਪਣੀ ਹਕੂਮਤ ਦੀ ਮਜ਼ਬੂਤੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਪਰਦਾ ਫਾਸ਼ ਕਰਨ ਦਾ ਦੇਸ਼ ਦੇ ਲੋਕਾਂ ਨੂੰ ਸੱਦਾ ਦਿੰਦੀ ਹੈ।ਕਨਵੈਨਸ਼ਨ ਇਹ ਵੀ ਮੰਗ ਕਰਦੀ ਹੈ ਕਿ ਇਜ਼ਰਾਈਲ ਵੱਲੋਂ ਫਲਸਤਨੀਆਂ ਦਾ ਕਤਲੇਆਮ ਬੰਦ ਕੀਤਾ ਜਾਵੇ ਅਤੇ ਫਲਸਤੀਨ ਦੇਸ਼ ਆਜ਼ਾਦ ਕੀਤਾ ਜਾਵੇ।ਕਨਵੈਨਸ਼ਨ ਵਿੱਚ ਮਤਾ ਪਾਸ ਕੀਤਾ ਗਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਵਿਦੇਸ਼ਾਂ ’ਚੋਂ ਅਮਰੀਕਾ ਵਿਖੇ ਪੜ੍ਹਨ ਆਏ ਵਿਦਿਆਰਥੀਆਂ ਨੂੰ ਜਬਰਨ ਕੱਢਣਾ ਅਤੇ ਹਿੰਦੁਸਤਾਨ ਦੇ ਵਿਦਿਆਰਥੀਆਂ ਨੂੰ ਹੱਥਕੜੀਆਂ ਅਤੇ ਬੇੜੀਆਂ ਲਾ ਕੇ ਹਿੰਦੁਸਤਾਨ ਭੇਜਣ ਵਿਰੁੱਧ ਅਤੇ ਟਰੰਪ ਦੀ ਕੌਮਾਂਤਰੀ ਪੱਧਰ ਦੀ ਟਰੇਡ ਵਾਰ ਦੀ ਨਿਖੇਧੀ ਕਰਦੀ ਹੋਏ ਆਵਾਮ ਨੂੰ ਸੱਦਾ ਦਿੰਦੀ ਹੈ ਕਿ ਉਹ ਟਰੰਪ ਦੀ ਨੀਤੀ ਦਾ ਜ਼ੋਰਦਾਰ ਵਿਰੋਧ ਕਰਨ।ਪੰਜਾਬ ਸਰਕਾਰ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਸੰਘਰਸ਼ ਨੂੰ ਦਬਾਉਣ ਦੀ ਨੀਤੀ ਖ਼ਤਮ ਕਰਕੇ। ਮਤਾ ਪਾਸ ਕੀਤਾ ਕਿ ਪੰਜਾਬ ਸਰਕਾਰ 17 ਜ਼ਿਲ੍ਹਿਆਂ ਵਿੱਚ ਉਪਜਾਊ ਜ਼ਮੀਨਾਂ ’ਤੇ ਅਰਬਨ ਅਸਟੇਟ ਬਣਾਉਣ ਦੇ ਕਾਰਪੋਰੇਟ ਤੇ ਲੁਟੇਰੇ ਕਦਮਾਂ ਦੀ ਨਿੰਦਾ ਕਰਦੀ ਹੋਈ ਲੋਕਾਂ ਨੂੰ ਸਰਕਾਰ ਦੀ ਇਸ ਨੀਤੀ ਵਿਰੁੱਧ ਲਾਮਬੰਦੀ ਦਾ ਹੋਕਾ ਦਿੰਦੀ ਹੈ।ਸਟੇਜ ਸੰਚਾਲਕ ਦੀ ਜ਼ਿੰਮੇਵਾਰੀ ਕੰਵਲਜੀਤ ਖੰਨਾ ਨੇ ਬਾਖੂਬੀ ਨਿਭਾਈ।