ਚਿਤਰਦੁਰਗ (ਕਰਨਾਟਕ) : ਹਾਈ ਸਕੂਲ ਦੀਆਂ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ’ਚ ਮੁਰੂਘਾ ਮੱਠ ਦੇ ਮੁੱਖ ਪੁਜਾਰੀ ਸ਼ਿਵਮੂਰਤੀ ਮੁਰੂਘਾ ਸਰਨਾਰੂ (64) ਦਾ ਸਥਾਨਕ ਅਦਾਲਤ ਨੇ ਚਾਰ ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ। ਪੁਲਸ ਨੇ ਉਸ ਨੂੰ ਵੀਰਵਾਰ ਗਿ੍ਰਫਤਾਰ ਕੀਤਾ ਸੀ ਤੇ ਸਿਹਤ ਵਿਗੜਨ ਕਾਰਨ ਸ਼ੁੱਕਰਵਾਰ ਸਵੇਰੇ ਹਸਪਤਾਲ ਦਾਖਲ ਕਰਾਇਆ ਸੀ। ਅਦਾਲਤ ਨੇ ਪੁਲਸ ਦੀ ਇਸ ਗੱਲੋਂ ਖਿਚਾਈ ਕੀਤੀ ਕਿ ਉਸ ਨੂੰ ਦੱਸੇ ਬਿਨਾਂ ਉਹ ਉਸ ਨੂੰ ਹਸਪਤਾਲ ਕਿਵੇਂ ਲੈ ਗਈ। ਸੂਬੇ ਦੇ ਲਿੰਗਾਇਤ ਭਾਈਚਾਰੇ ਦੇ ਸਭ ਤੋਂ ਵੱਕਾਰੀ ਅਤੇ ਪ੍ਰਭਾਵਸ਼ਾਲੀ ਮੱਠਾਂ ਵਿੱਚੋਂ ਇੱਕ ਇਸ ਮੱਠ ਦੇ ਮੁਖੀ ਉੱਤੇ ਮੱਠ ਦੀਆਂ ਦੋ ਵਿਦਿਆਰਥਣਾਂ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ ਤੇ ਉਸ ਵਿਰੁੱਧ ਛੇ ਦਿਨ ਪਹਿਲਾਂ ਕੇਸ ਦਰਜ ਕੀਤਾ ਗਿਆ ਸੀ।





