ਈ-20 ਬਣਿਆ 420-ਰਾਹੁਲ

0
1

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਸ਼ਨੀਵਾਰ ਈ-20 ਪੈਟਰੋਲ ਦੀ ਸਪਲਾਈ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨੇ ਸੇਧੇ ਹਨ | ਕਰਨਾਟਕ ਸਰਕਾਰ ਵੱਲੋਂ ਇਕੱਠੇ ਕੀਤੇ ਗਏ ਪੈਟਰੋਲ ਨਮੂਨਿਆਂ ਦੇ ਟੈਸਟ ਨਤੀਜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ ਭਰ ਵਿੱਚ ਵੇਚੇ ਜਾ ਰਹੇ ਈਾਧਨ ਵਿੱਚ ਇਥਾਨੋਲ ਦੀ ਅਸਲ ਮਾਤਰਾ ਬਾਰੇ ਸਥਿਤੀ ਤੁਰੰਤ ਸਪੱਸ਼ਟ ਕੀਤੀ ਜਾਵੇ | ਸੋਸ਼ਲ ਮੀਡੀਆ ਮੰਚ ‘ਐੱਕਸ’ ‘ਤੇ ਹਿੰਦੀ ਵਿੱਚ ਪੋਸਟ ਸਾਂਝੀ ਕਰਦਿਆਂ ਗਾਂਧੀ ਨੇ ਲਿਖਿਆ, ‘ਈ-20 ਬਣ ਗਿਆ 420, ਜਨਤਾ ਦੀਆਂ ਕਾਰਾਂ ਵਿੱਚੋਂ ਪੈਟਰੋਲ ਦੀ ਚੋਰੀ!’ ਉਨ੍ਹਾ ਦਾ ਇਹ ਇਸ਼ਾਰਾ ਆਈ ਪੀ ਸੀ ਦੀ ਧੋਖਾਧੜੀ ਨਾਲ ਸੰਬੰਧਤ ਧਾਰਾ 420 ਵੱਲ ਹੈ | ਰਾਹੁਲ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਪੈਟਰੋਲ ਵਿੱਚ 20 ਫ਼ੀਸਦੀ ਇਥਾਨੋਲ ਮਿਲਾਉਣ ਦਾ ਦਾਅਵਾ ਕੀਤਾ ਜਾਂਦਾ ਹੈ, ਪਰ ਕਰਨਾਟਕ ਦੇ 7 ਜ਼ਿਲਿ੍ਹਆਂ ਵਿੱਚੋਂ ਲਏ ਗਏ ਨਮੂਨਿਆਂ ਦੀ ਜਾਂਚ ਦੌਰਾਨ ਇਹ ਮਾਤਰਾ ਤੈਅ ਹੱਦ ਤੋਂ ਕਿਤੇ ਵੱਧ ਪਾਈ ਗਈ ਹੈ | ਉਨ੍ਹਾ ਕਿਹਾ, ‘ਮਾਨਤਾ ਪ੍ਰਾਪਤ ਲੈਬਾਰਟਰੀ ਵਿੱਚ ਕਰਵਾਏ ਟੈਸਟਾਂ ਅਨੁਸਾਰ 14 ਵਿੱਚੋਂ 11 ਨਮੂਨਿਆਂ ਵਿੱਚ 20 ਫ਼ੀਸਦੀ ਤੋਂ ਵੱਧ ਇਥਾਨੋਲ ਮਿਲਿਆ | ਆਈ ਓ ਸੀ ਐੱਲ ਦੇ ਨਮੂਨੇ ਵਿੱਚ 31.2 ਫ਼ੀਸਦੀ ਅਤੇ ਐੱਚ ਪੀ ਸੀ ਐੱਲ ਵਿੱਚ 30.5 ਫ਼ੀਸਦੀ ਇਥਾਨੋਲ ਨਿਕਲਿਆ | ਚਾਹੇ ਸਰਕਾਰੀ ਕੰਪਨੀਆਂ ਹੋਣ ਜਾਂ ਨਿੱਜੀ ਸਭ ਨੇ ਨਿਰਧਾਰਿਤ ਹੱਦ ਪਾਰ ਕਰ ਦਿੱਤੀ ਹੈ |’ ਉਨ੍ਹਾ ਚਿੰਤਾ ਪ੍ਰਗਟਾਈ ਕਿ ਬਹੁਤ ਜ਼ਿਆਦਾ ਇਥਾਨੋਲ ਕਾਰਨ ਵਾਹਨਾਂ ਦੀ ਮਾਈਲੇਜ ਘਟਦੀ ਹੈ ਅਤੇ ਮੁਰੰਮਤ ਦਾ ਖ਼ਰਚਾ ਵਧਦਾ ਹੈ | ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੁੱਦੇ ‘ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਵੀ ਦਿੱਤੀ | ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਰਨਾਟਕ ਦੇ ਖ਼ੁਰਾਕ, ਖਪਤਕਾਰ ਮਾਮਲੇ ਅਤੇ ਲੀਗਲ ਮੈਟਰੋਲੋਜੀ ਮੰਤਰੀ ਰਿਜ਼ਵਾਨ ਅਰਸ਼ਦ ਨੇ ਪ੍ਰੈੱਸ ਕਾਨਫਰੰਸ ਕਰਕੇ ਤੇਲ ਮਾਰਕੀਟਿੰਗ ਕੰਪਨੀਆਂ (ਓ ਐੱਮ ਸੀਜ਼) ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ | ਉਨ੍ਹਾ ਦੱਸਿਆ ਕਿ ਬੈਂਗਲੁਰੂ, ਕੋਲਾਰ, ਰਾਮਨਗਰਾ, ਮੈਂਗਲੁਰੂ ਅਤੇ ਤੁਮਾਕੁਰੂ ਸਮੇਤ ਕਈ ਜ਼ਿਲਿ੍ਹਆਂ ਵਿੱਚੋਂ ਲਏ ਨਮੂਨਿਆਂ ਦੀ ਬੈਂਗਲੁਰੂ ਸਥਿਤ ਐੱਨ ਏ ਬੀ ਐੱਲ ਪ੍ਰਮਾਣਿਤ ਸ੍ਰੀਰਾਮ ਰਿਸਰਚ ਇੰਸਟੀਚਿਊਟ ਵਿੱਚ ਜਾਂਚ ਕਰਵਾਈ ਗਈ ਸੀ, ਜਿਸ ਵਿੱਚ ਇਥਾਨੋਲ ਦੀ ਮਾਤਰਾ ਨਿਯਮਾਂ ਤੋਂ ਕਿਤੇ ਜ਼ਿਆਦਾ ਦਰਜ ਕੀਤੀ ਗਈ | ਦੂਜੇ ਪਾਸੇ, ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਨੇ ਕਰਨਾਟਕ ਸਰਕਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ | ਇੱਕ ਸਾਂਝੇ ਬਿਆਨ ਵਿੱਚ ਕੰਪਨੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਪਲਾਈ ਕੀਤਾ ਜਾ ਰਿਹਾ ਈ-20 ਪੈਟਰੋਲ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਦੇ ਮਾਪਦੰਡਾਂ ਅਨੁਸਾਰ ਹੀ ਹੈ, ਜਿਸ ਵਿੱਚ 19 ਤੋਂ 21 ਫ਼ੀਸਦੀ ਇਥਾਨੋਲ ਦੀ ਹੱਦ ਤੈਅ ਹੈ |