ਚੰਡੀਗੜ੍ਹ (ਗੁਰਜੀਤ ਬਿੱਲਾ, �ਿਸ਼ਨ ਗਰਗ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਸਿੱਖਿਆ ਖ਼ੇਤਰ ਨੂੰ ਹੁਲਾਰਾ ਦੇਣ ਲਈ ਲੀਕ ਤੋਂ ਹਟਵੀਆਂ ਪਹਿਲਕਦਮੀਆਂ ਉੱਤੇ ਚੱਲ ਰਹੀ ਹੈ।
ਨੀਟ ਪ੍ਰੀਖਿਆ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਰੱਖੇ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਖ਼ੇਤਰ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਮਿਸਾਲੀ ਤਬਦੀਲੀ ਦੇਖਣ ਨੂੰ ਮਿਲੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕ੍ਰਾਂਤੀਕਾਰੀ ਕਦਮਾਂ ਨਾਲ ਸਿੱਖਿਆ ਖ਼ੇਤਰ ਨੂੰ ਵੱਡਾ ਹੁਲਾਰਾ ਮਿਲਿਆ ਹੈ, ਜਿਸ ਕਾਰਨ ਇਨ੍ਹੀਂ ਦਿਨੀਂ ਵਿਦਿਆਰਥੀ ਹਰੇਕ ਖ਼ੇਤਰ ਵਿੱਚ ਸਫ਼ਲਤਾ ਦੇ ਝੰਡੇ ਗੱਡ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ ਕਿਉਕਿ ਸਰਕਾਰੀ ਸਕੂਲਾਂ ਦੇ 509 ਵਿਦਿਆਰਥੀਆਂ ਨੇ ਨੀਟ ਦੀ ਵੱਕਾਰੀ ਪ੍ਰੀਖਿਆ ਪਾਸ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ, ਸਿਹਤ, ਬੁਨਿਆਦੀ ਢਾਂਚਾ, ਸਨਅਤ, ਖੇਡਾਂ ਤੇ ਨੌਕਰੀਆਂ ਦੇ ਨਾਲ-ਨਾਲ ਨਸ਼ਿਆਂ ਦਾ ਖ਼ਾਤਮਾ ਸੂਬਾ ਸਰਕਾਰ ਦੇ ਤਰਜੀਹੀ ਖ਼ੇਤਰਾਂ ਵਿੱਚੋਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਦਫ਼ਾ ਸੂਬਾ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਦੇ ਰੂਪ ਵਿੱਚ ਵਿਆਪਕ ਲੋਕ ਲਹਿਰ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚੋਂ ਨਸ਼ਿਆਂ ਦੇ ਖ਼ਤਰੇ ਦੀ ਜੜ੍ਹ ਵੱਢਣ ਲਈ ਹਰ ਹਰਬਾ ਵਰਤੇਗੀ। ਉਨ੍ਹਾ ਕਿਹਾ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਸੂਬਾ ਸਰਕਾਰ ਵੱਲੋਂ ਸਲਾਖਾਂ ਪਿੱਛੇ ਡੱਕਿਆ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ 70 ਸਾਲਾਂ ਤੋਂ ਫੈਲਾਈ ਬਦਅਮਨੀ ਨੂੰ ਦਰੁਸਤ ਕਰਨ ਲਈ ਸਰਕਾਰ ਨੇ ਆਪਣਾ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਤੋਂ ਕੰਮ ਸ਼ੁਰੂ ਕੀਤਾ ਹੋਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਉਦਾਸੀਨ ਰਵੱਈਏ ਕਾਰਨ ਸਾਡੇ ਨੌਜਵਾਨ ਸਰਕਾਰੀ ਨੌਕਰੀਆਂ ਲਈ ਉਮਰ ਹੱਦ ਟੱਪ ਗਏ।ਇਸ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਹੋਰ ਵੀ ਹਾਜ਼ਰ ਸਨ।




