ਸੁਖੋਈ ਬੇੜਾ ਅੱਪਗ੍ਰੇਡ ਕਰਨ ਲਈ ਰੂਸੀ ਰੱਖਿਆ ਮੰਤਰੀ ਨਾਲ ਗੱਲਬਾਤ

0
86

ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਰੂਸੀ ਹਮਰੁਤਬਾ ਆਂਦਰੇ ਬੇਲੋਸ਼ੋਵ ਨਾਲ ਚੀਨ ਦੇ ਸ਼ਹਿਰ ਕਿੰਗਦਾਓ ਵਿੱਚ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਭਾਰਤ ਦੇ ਸੁਖੋਈ ਲੜਾਕੂ ਬੇੜੇ ਨੂੰ ਅੱਪਗ੍ਰੇਡ ਕਰਨਾ, ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦਾ ਉਤਪਾਦਨ ਅਤੇ ਐੱਸ-400 ਮਿਜ਼ਾਈਲ ਪ੍ਰਣਾਲੀਆਂ ਦੀਆਂ ਦੋ ਖੇਪਾਂ ਦੀ ਤੇਜ਼ੀ ਨਾਲ ਸਪਲਾਈ ਮੁੱਖ ਮੁੱਦੇ ਰਹੇ। ਦੋਵੇਂ ਰੱਖਿਆ ਮੰਤਰੀਆਂ ਨੇ ਵੀਰਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ ਦੀ ਇੱਕ ਕਨਕਲੇਵ ਦੇ ਨਾਲ-ਨਾਲ ਦੁਵੱਲੀ ਬੈਠਕ ਕੀਤੀ।
ਭਾਰਤੀ ਹਵਾਈ ਸੈਨਾ ਲਗਭਗ 260 ਸੁਖੋਈ 30-ਐੱਮ ਕੇ ਆਈ ਜੈੱਟਾਂ ਦਾ ਸੰਚਾਲਨ ਕਰ ਰਹੀ ਹੈ ਅਤੇ ਉਹ ਇੱਕ ਯੋਜਨਾ ਤਹਿਤ ਬੇੜੇ ਨੂੰ ਅੱਪਗ੍ਰੇਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਰੂਸੀ ਮੂਲ ਦੇ ਸੁਖੋਈ ਜੈੱਟਾਂ ਨੇ ਪਿਛਲੇ ਮਹੀਨੇ ‘ਅਪ੍ਰੇਸ਼ਨ ਸਿੰਧੂਰ’ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਕਿਹਾ ਕਿ ਸਿੰਘ ਅਤੇ ਬੇਲੋਸ਼ੋਵ ਨੇ ਮੌਜੂਦਾ ਭੂ-ਰਾਜਨੀਤਕ ਸਥਿਤੀਆਂ, ਸਰਹੱਦ ਪਾਰਲੇ ਅੱਤਵਾਦ ਅਤੇ ਭਾਰਤ-ਰੂਸ ਰੱਖਿਆ ਸਹਿਯੋਗ ਸਮੇਤ ਕਈ ਵਿਸ਼ਿਆਂ ’ਤੇ ਡੂੰਘਾਈ ਨਾਲ ਚਰਚਾ ਕੀਤੀ। ਰੂਸੀ ਰੱਖਿਆ ਮੰਤਰੀ ਨੇ ਭਾਰਤ-ਰੂਸ ਦੇ ਲੰਮੇ ਸਮੇਂ ਤੋਂ ਚੱਲ ਰਹੇ ਸੰਬੰਧਾਂ ’ਤੇ ਜ਼ੋਰ ਦਿੱਤਾ ਅਤੇ ਭਿਆਨਕ ਅਤੇ ਬੁਜ਼ਦਿਲਾਨਾ ਪਹਿਲਗਾਮ ਅੱਤਵਾਦੀ ਹਮਲੇ ’ਤੇ ਭਾਰਤ ਨਾਲ ਇਕਜੁੱਟਤਾ ਪ੍ਰਗਟਾਈ।
ਰੂਸ ਪਹਿਲਾਂ ਹੀ 5.5 ਅਰਬ ਡਾਲਰ ਦੇ ਸੌਦੇ ਤਹਿਤ ਭਾਰਤ ਨੂੰ ਲੰਮੀ ਦੂਰੀ ਦੀਆਂ ਮਿਜ਼ਾਈਲ ਪ੍ਰਣਾਲੀਆਂ ਦੀਆਂ ਤਿੰਨ ਯੂਨਿਟਾਂ ਦੀ ਸਪਲਾਈ ਕਰ ਚੁੱਕਾ ਹੈ। ਇਨ੍ਹਾਂ ਮਿਜ਼ਾਈਲ ਪ੍ਰਣਾਲੀਆਂ ਦੀ ਵਰਤੋਂ ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਨਾਲ 7-10 ਮਈ ਦੇ ਫੌਜੀ ਸੰਘਰਸ਼ ਦੌਰਾਨ ਵਿਆਪਕ ਰੂਪ ਵਿੱਚ ਕੀਤੀ ਗਈ ਸੀ। ਰਾਜਨਾਥ ਸਿੰਘ ਨੇ ਬੇਲਾਰੂਸ, ਤਾਜਿਕਸਤਾਨ ਅਤੇ ਕਜ਼ਾਖ਼ਸਤਾਨ ਦੇ ਆਪਣੇ ਹਮਰੁਤਬਾ ਨਾਲ ਵੀ ਦੁਵੱਲੀਆਂ ਮੀਟਿੰਗਾਂ ਕੀਤੀਆਂ।