ਜਲੰਧਰ (ਸਟਾਫ ਰਿਪੋਰਟਰ)
‘ਜਿਹੜੇ ਲੋਕ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵੇਲੇ ਅੰਗਰੇਜ਼ ਹਾਕਮ ਦੇ ਟੋਡੀ ਬਣੇ, ਉਹੀ ਆਜ਼ਾਦ ਭਾਰਤ ਵਿੱਚ ਘਰੇਲੂ ਕਲੇਸ਼ ਪਾ ਕੇ ਭਾਈਚਾਰਕ ਸਾਂਝ ਨੂੰ ਤਾਰ-ਤਾਰ ਕਰਨ ਦੀ ਤਾਕ ਵਿੱਚ ਹਨ। ’ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕੀਤਾ। ਉਹ ਇੱਥੇ ਪਾਰਟੀ ਦਫਤਰ ਵਿਖੇ ਸੀ ਪੀ ਆਈ ਦੀ ਜ਼ਿਲ੍ਹਾ ਕੌਂਸਲ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਆਰ ਐੱਸ ਐੱਸ ਦੇ ਜਨਰਲ ਸਕੱਤਰ ਦੱਤਾ ਤ੍ਰੇਅ ਹੋਸਬਾਲੇ ਤੋਂ ਲੈ ਕੇ ਉਪ ਰਾਸ਼ਟਰਪਤੀ ਤੱਕ ਵੱਲੋਂ ਸੰਵਿਧਾਨ ਵਿੱਚੋਂ ਸਮਾਜਵਾਦੀ ਤੇ ਧਰਮ ਨਿਰਪੱਖ ਸ਼ਬਦਾਂ ਨੂੰ ਹਟਾਉਣ ਦੀ ਮੰਗ ਦੇ ਸੰਦਰਭ ਵਿੱਚ ਕਿਹਾ ਕਿ ਇਸੇ ਧਿਰ ਦੇ ਪਹਿਲੇ ਆਗੂਆਂ ਨੇ ਆਜ਼ਾਦੀ ਦੀ ਲੜਾਈ ਵੇਲੇ ਦੇਸ਼ ਨਾਲ ਗਦਾਰੀ ਕੀਤੀ ਤੇ ਹੁਣ ਭਾਰਤੀ ਲੋਕਾਂ ਦੀ ਸਾਂਝ ਨੂੰ ਤੋੜਨ ਦਾ ਰਾਹ ਫੜਿਆ ਹੋਇਆ ਹੈ। ਕਾਮਰੇਡ ਬਰਾੜ ਨੇ ਸੰਘ ਪਰਵਾਰ ਦੇ ਆਗੂਆਂ ਦੇ ਕੁਬੋਲਾਂ ਬਾਰੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ ਲਈ ਘਾਤਕ ਸਾਬਤ ਹੋਈ ਟੂ-ਨੇਸ਼ਨ ਥਿਊਰੀ ਵੀ ਇਨ੍ਹਾਂ ਲੋਕਾਂ ਦੀ ਦੇਣ ਸੀ।
ਸੰਸਾਰ ਪੱਧਰ ਦੇ ਹਾਲਾਤ ਦੀ ਗੱਲ ਕਰਦਿਆਂ ਕਮਿਊਨਿਸਟ ਆਗੂ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਅਗਵਾਈ ਵਿੱਚ ਅਮਰੀਕਾ ਪੂਰੀ ਦੁਨੀਆ ’ਤੇ ਧੌਂਸ ਦੀ ਸਿਆਸਤ ਕਰ ਰਿਹਾ ਹੈ। ਉਸ ਨੇ ਪੂਰੀ ਦੁਨੀਆਂ ਨੂੰ ਪੁਲਸੀਆ ਡੰਡੇ ਨਾਲ ਡਰਾਉਣ ਦੀ ਅਨੈਤਿਕ ਨੀਤੀ ਅਪਣਾਈ ਹੋਈ ਹੈ।ਉਹਨਾ ਕਿਹਾ ਕਿ ਕਮਿਊਨਿਸਟ ਧਿਰਾਂ ਦੀ ਇਹ ਦਿਲੀ ਚਾਹਤ ਹੈ ਕਿ ਫਲਸਤੀਨੀ ਲੋਕ ਆਪਣਾ ਮੁਲਕ ਬਣਾ ਕੇ ਵੱਸਣ। ਅਮਰੀਕਾ ਫਲਸਤੀਨੀਆ ਨੂੰ ਤਬਾਹ ਕਰਨ ’ਤੇ ਤੁਲਿਆ ਹੋਇਆ ਹੈ।
ਦਲਜੀਤ ਦੁਸਾਂਝ ਦੀ ਫਿਲਮ ’ਤੇ ਕਾਵਾਂਰੌਲੀ ਪਾਉਣ ਦੀ ਆਲੋਚਨਾ ਕਰਦਿਆਂ ਕਾਮਰੇਡ ਬਰਾੜ ਨੇ ਕਿਹਾ ਕਿ ਸਾਂਝਾ ਸੱਭਿਆਚਾਰ ਪੰਜਾਬੀਆਂ ਦੀ ਵਡੱਤਣ ਅਤੇ ਸ਼ਾਨ ਹੈ। ਕਲਾ ਤੇ ਕਲਾਕਾਰਾਂ ਲਈ ਹੱਦਾਂ-ਸਰਹੱਦਾਂ ਕੋਈ ਮਾਇਨੇ ਨਹੀਂ ਰੱਖਦੀਆਂ। ਕਲਾਕਾਰਾਂ ਨੂੰ ਫਿਰਕਿਆਂ ਵਿੱਚ ਵੰਡਣਾ ਕਦੇ ਵੀ ਦਰੁਸਤ ਨਹੀਂ ਹੋ ਸਕਦਾ। ਫਿਲਮ ’ਤੇ ‘ਹਾਲਪਾਰ੍ਹਿਆ’ ਕਰਨ ਵਾਲੇ ਆਪਣੀ ਅੱਖ ਦਾ ਟੀਰ ਹੀ ਦਰਸਾਉਦੇ ਹਨ।
ਸੂਬਾ ਸਕੱਤਰ ਨੇ ਚੰਡੀਗੜ੍ਹ ਵਿੱਚ 21 ਸਤੰਬਰ ਤੋਂ 25 ਸਤੰਬਰ ਤੱਕ ਹੋ ਰਹੀ ਪਾਰਟੀ ਕਾਂਗਰਸ ਦੇ ਸੰਦਰਭ ਵਿੱਚ ਗੱਲ ਕਰਦਿਆਂ ਕਿਹਾ ਕਿ ਸਾਡੇ ਸਭ ਲਈ ਮਾਣ ਵਾਲੀ ਘੜੀ ਹੈ ਕਿ ਮਹਾਂ-ਸੰਮੇਲਨ ਕਰਨਾ ਪੰਜਾਬ ਦੇ ਹਿੱਸੇ ਆਇਆ ਹੈ। ਉਨ੍ਹਾ ਕਿਹਾ ਕਿ ਇਹ ਪੰਜਾਬੀਆਂ ਦਾ ਸੁਭਾਅ ਹੈ ਕਿ ਉਹ ਔਕੜਾਂ ਅੱਗੇ ਵੀ ਡਟ ਕੇ ਖੜਦੇ ਹਨ ਤੇ ਮਿਲੇ ਮੌਕਿਆਂ ਨੂੰ ਵੀ ਮਾਣਦੇ ਹਨ। ਉਨ੍ਹਾ ਕਿਹਾ ਕਿ ਇਸ ਸਬੰਧੀ ਸਰਗਰਮੀਆਂ ਦੇਖਦਿਆਂ ਪੂਰਨ ਆਸ ਬੱਝਦੀ ਹੈ ਕਿ ਪੰਜਾਬ ਦੇ ਕਮਿਊਨਿਸਟ ਮਹਾਂ-ਸੰਮੇਲਨ ਨੂੰ ਸ਼ਾਨ ਨਾਲ ਨੇਪਰੇ ਚੜ੍ਹਾਉਣਗੇ।ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਹਾਇਕ ਸਕੱਤਰ ਹਰਜਿੰਦਰ ਸਿੰਘ ਮੌਜੀ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਦੇ ਸ਼ੁਰੂ ਵਿੱਚ ਜ਼ਿਲ੍ਹਾ ਸਕੱਤਰ ਰਸ਼ਪਾਲ ਕੈਲੇ ਵੱਲੋਂ ਸ਼ੋਕ ਮਤਾ ਪੇਸ਼ ਕੀਤਾ ਗਿਆ, ਇਸ ਵਿੱਚ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ, ਕਾਮਰੇਡ ਸੁਤੰਤਰ ਕੁਮਾਰ ਅਤੇ ਹੋਰ ਵਿਛੜੀਆਂ ਸ਼ਖਸੀਅਤਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਵਿੱਚ ਮਹਿੰਦਰ ਪਾਲ ਮੁਹਾਲੀ, ਸੰਤੋਸ਼ ਬਰਾੜ, ਗਿਆਨ ਸਿੰਘ ਸੈਦਪੁਰੀ, ਪਰਮਜੀਤ ਸਮਰਾਏ, ਸਿਕੰਦਰ ਸੰਧੂ, ਸਵਰਨਜੀਤ ਭੋਗਪੁਰ ਤੇ ਪਰਵਿੰਦਰ ਫਲਪੋਤਾ ਸ਼ਾਮਲ ਸਨ।





