‘ਸਾਰਕ’ ਦਾ ਬਦਲ ਤਿਆਰ ਕਰਨ ਦੀ ਕਵਾਇਦ

0
79

ਇਸਲਾਮਾਬਾਦ : ਪਾਕਿਸਤਾਨ ਅਤੇ ਚੀਨ ਇੱਕ ਨਵੀਂ ਖੇਤਰੀ ਸੰਸਥਾ ਸਥਾਪਤ ਕਰਨ ਦੀ ਤਜਵੀਜ਼ ’ਤੇ ਕੰਮ ਕਰ ਰਹੇ ਹਨ, ਜੋ ਹੁਣ ਬੇਹਰਕਤ ਹੋ ਚੁੱਕੇ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੀ ਥਾਂ ਲੈ ਸਕਦੀ ਹੈ। ਇਸ ਘਟਨਾਕ੍ਰਮ ਤੋਂ ਜਾਣੂ ਕੂਟਨੀਤਕ ਸੂਤਰਾਂ ਦੇ ਹਵਾਲੇ ਨਾਲ ਐਕਸਪ੍ਰੈਸ ਟਿ੍ਰਬਿਊਨ ਅਖਬਾਰ ਨੇ ਰਿਪੋਰਟ ਦਿੱਤੀ ਹੈ ਕਿ ਇਸਲਾਮਾਬਾਦ ਅਤੇ ਬੀਜਿੰਗ ਵਿਚਕਾਰ ਗੱਲਬਾਤ ਹੁਣ ਅਗਲੇ ਪੜਾਅ ’ਤੇ ਹੈ, ਕਿਉਂਕਿ ਦੋਵੇਂ ਧਿਰਾਂ ਇਸ ਗੱਲ ’ਤੇ ਸਹਿਮਤ ਹਨ ਕਿ ਖੇਤਰੀ ਏਕੀਕਰਨ ਅਤੇ ਸੰਪਰਕ ਲਈ ਇੱਕ ਨਵੀਂ ਸੰਸਥਾ ਜ਼ਰੂਰੀ ਹੈ। ਸੂਤਰਾਂ ਦੇ ਹਵਾਲੇ ਨਾਲ ਅਖਬਾਰ ਨੇ ਕਿਹਾ ਕਿ ਇਹ ਨਵੀਂ ਸੰਸਥਾ ਸੰਭਾਵਤ ਤੌਰ ’ਤੇ ਖੇਤਰੀ ਬਲਾਕ ਸਾਰਕ ਦੀ ਥਾਂ ਲੈ ਸਕਦੀ ਹੈ, ਜਿਸ ਵਿੱਚ ਭਾਰਤ, ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ੍ਰੀਲੰਕਾ ਸ਼ਾਮਲ ਹਨ। ਉਨ੍ਹਾ ਕਿਹਾ ਕਿ ਪਾਕਿਸਤਾਨ, ਚੀਨ ਅਤੇ ਬੰਗਲਾਦੇਸ਼ ਵਿਚਕਾਰ ਹਾਲ ਹੀ ਵਿੱਚ ਚੀਨ ਦੇ ਕੁਨਮਿੰਗ ਵਿੱਚ ਹੋਈ ਤਿੰਨ-ਪੱਖੀ ਮੀਟਿੰਗ ਕੂਟਨੀਤਕ ਚਾਲਾਂ ਦਾ ਹਿੱਸਾ ਸੀ ਅਤੇ ਇਸ ਦਾ ਉਦੇਸ਼ ਦੂਜੇ ਦੱਖਣੀ ਏਸ਼ੀਆਈ ਦੇਸ਼ਾਂ, ਜੋ ਸਾਰਕ ਦਾ ਹਿੱਸਾ ਸਨ, ਨੂੰ ਨਵੇਂ ਸਮੂਹ ਵਿੱਚ ਸ਼ਾਮਲ ਹੋਣ ਲਈ ਸੱਦਾ ਦੇਣਾ ਸੀ। ਹਾਲਾਂਕਿ ਬੰਗਲਾਦੇਸ਼ ਦੀ ਅੰਤਰਮ ਸਰਕਾਰ ਨੇ ਇਹ ਕਹਿੰਦੇ ਹੋਏ ਕਿ ਮੀਟਿੰਗ ਰਾਜਨੀਤਕ ਨਹੀਂ ਸੀ, ਢਾਕਾ, ਬੀਜਿੰਗ ਅਤੇ ਇਸਲਾਮਾਬਾਦ ਵਿਚਕਾਰ ਕਿਸੇ ਵੀ ਉਭਰ ਰਹੇ ਗੱਠਜੋੜ ਦੇ ਵਿਚਾਰ ਨੂੰ ਖਾਰਜ ਕਰ ਦਿੱਤਾ ਸੀ। ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਐੱਮ ਤੌਹੀਦ ਹੁਸੈਨ ਨੇ ਕਿਹਾ ਸੀ, ‘‘ਅਸੀਂ ਕੋਈ ਗੱਠਜੋੜ ਨਹੀਂ ਬਣਾ ਰਹੇ ਹਾਂ।’’ ਸੂਤਰਾਂ ਅਨੁਸਾਰ ਭਾਰਤ ਨੂੰ ਨਵੇਂ ਪ੍ਰਸਤਾਵਤ ਫੋਰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇਗਾ, ਜਦੋਂ ਕਿ ਸ੍ਰੀਲੰਕਾ, ਮਾਲਦੀਵ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਦੇ ਇਸ ਸਮੂਹ ਦਾ ਹਿੱਸਾ ਬਣਨ ਦੀ ਉਮੀਦ ਹੈ।
ਅਖਬਾਰ ਨੇ ਕਿਹਾ ਕਿ ਨਵੀਂ ਸੰਸਥਾ ਦਾ ਮੁੱਖ ਉਦੇਸ਼ ਵਧੇ ਹੋਏ ਵਪਾਰ ਅਤੇ ਸੰਪਰਕ ਰਾਹੀਂ ਵਧੇਰੇ ਖੇਤਰੀ ਸ਼ਮੂਲੀਅਤ ਦੀ ਮੰਗ ਕਰਨਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜੇ ਇਹ ਤਜਵੀਜ਼ ਸਿਰੇ ਚੜ੍ਹਦੀ ਹੈ ਤਾਂ ਇਹ ਸੰਸਥਾ ਸਾਰਕ ਦੀ ਥਾਂ ਲੈ ਲਵੇਗੀ, ਜੋ ਭਾਰਤ-ਪਾਕਿਸਤਾਨ ਸੰਘਰਸ਼ ਕਾਰਨ ਲੰਬੇ ਸਮੇਂ ਤੋਂ ਮੁਅੱਤਲ ਹੈ।
ਸਾਲ 2014 ਦੌਰਾਨ ਕਾਠਮੰਡੂ ਵਿੱਚ ਸਾਰਕ ਦਾ ਦੋ-ਸਾਲਾ ਸਿਖਰ ਸੰਮੇਲਨ ਆਖਰੀ ਸੀ। 2016 ਦਾ ਸਾਰਕ ਸੰਮੇਲਨ ਇਸਲਾਮਾਬਾਦ ਵਿੱਚ ਹੋਣਾ ਸੀ, ਪਰ ਉਸ ਸਾਲ 18 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਉੜੀ ਵਿੱਚ ਇੱਕ ਭਾਰਤੀ ਫੌਜੀ ਕੈਂਪ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਹਾਲਾਤ ਕਾਰਨ ਸੰਮੇਲਨ ਵਿੱਚ ਹਿੱਸਾ ਲੈਣ ਵਿੱਚ ਆਪਣੀ ਅਸਮਰੱਥਾ ਪ੍ਰਗਟਾਈ ਸੀ। ਬੰਗਲਾਦੇਸ਼, ਭੂਟਾਨ ਅਤੇ ਅਫਗਾਨਿਸਤਾਨ ਦੇ ਵੀ ਇਸਲਾਮਾਬਾਦ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਸੰਮੇਲਨ ਰੱਦ ਕਰ ਦਿੱਤਾ ਗਿਆ ਸੀ।