ਜਕਾਰਤਾ : ਇੰਡੋਨੇਸ਼ੀਆ ਵਿੱਚ ਭਾਰਤੀ ਦੂਤਘਰ ਦੇ ਡਿਫੈਂਸ ਅਤਾਸ਼ੀ ਕੈਪਟਨ ਸ਼ਿਵ ਕੁਮਾਰ ਦੇ ਇਸ ਬਿਆਨ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ ਅਪ੍ਰੇਸ਼ਨ ਸਿੰਧੂਰ ਦੇ ਸ਼ੁਰੂਆਤੀ ਪੜਾਅ ਵਿੱਚ ਭਾਰਤੀ ਹਵਾਈ ਫੌਜ ਨੂੰ ਪਾਕਿਸਤਾਨੀ ਫੌਜੀ ਟਿਕਾਣਿਆਂ ’ਤੇ ਹਮਲਾ ਕਰਨ ਦੀ ਆਗਿਆ ਨਹੀਂ ਸੀ ਤੇ ਸਿਰਫ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੇ ਨਿਰਦੇਸ਼ ਸਨ, ਜਿਸ ਕਰਕੇ ਕੁਝ ਲੜਾਕੂ ਜਹਾਜ਼ ਗੁਆਉਣੇ ਪਏ। ਕੈਪਟਨ ਸ਼ਿਵ ਕੁਮਾਰ ਨੇ 10 ਜੂਨ ਨੂੰ ਜਕਾਰਤਾ ਦੀ ਇੱਕ ਯੂਨੀਵਰਸਿਟੀ ਵਿੱਚ ‘ਭਾਰਤ-ਪਾਕਿਸਤਾਨ ਹਵਾਈ ਜੰਗ ਤੇ ਇੰਡੋਨੇਸ਼ੀਆ ਦੀ ਯੁੱਧ ਨੀਤੀ’ ਵਿਸ਼ੇ ’ਤੇ ਇੱਕ ਸੈਮੀਨਾਰ ਵਿੱਚ ਬੋਲਦਿਆਂ ਇਹ ਗੱਲ ਕਹੀ। ਇਸ ਦੀ ਵੀਡੀਓ ਹੁਣ ਵਾਇਰਲ ਹੋਈ ਹੈ। (ਡਿਫੈਂਸ ਅਤਾਸ਼ੀ ਹਥਿਆਰਬੰਦ ਬਲਾਂ ਦੇ ਮੈਂਬਰ ਹੁੰਦੇ ਹਨ, ਜਿਹੜੇ ਵਿਦੇਸ਼ੀ ਦੂਤਘਰ ਵਿੱਚ ਦੇਸ਼ ਦੇ ਰੱਖਿਆ ਨੁਮਾਇੰਦੇ ਦੇ ਰੂਪ ਵਿੱਚ ਕੰਮ ਕਰਦੇ ਹਨ।) ਕੈਪਟਨ ਨੇ ਕਿਹਾ ਕਿ ਨੁਕਸਾਨ ਦੇ ਬਾਅਦ ਭਾਰਤ ਨੇ ਰਣਨੀਤੀ ਬਦਲੀ ਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। (ਇਸ ਤੋਂ ਪਹਿਲਾਂ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਨੇ ਇੱਕ ਇੰਟਰਵਿਊ ਵਿੱਚ ਕੁਝ ਜਹਾਜ਼ ਗੁਆਉਣ ਦੀ ਗੱਲ ਮੰਨੀ ਸੀ।)
ਇਸੇ ਦੌਰਾਨ ਇੰਡੋਨੇਸ਼ੀਆ ਵਿਚਲੇ ਭਾਰਤੀ ਦੂਤਘਰ ਨੇ ਸਫਾਈ ਦਿੱਤੀ ਹੈ ਕਿ ਕੈਪਟਨ ਦੇ ਬਿਆਨ ਨੂੰ ਸੰਦਰਭ ਤੋਂ ਹਟਾ ਕੇ ਪੇਸ਼ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਭਾਰਤੀ ਫੌਜ ਸਿਆਸੀ ਲੀਡਰਸ਼ਿਪ ਦੇ ਅਧੀਨ ਕੰਮ ਕਰਦੀ ਹੈ ਜਦਕਿ ਗੁਆਂਢੀ ਦੇਸ਼ਾਂ ਵਿੱਚ ਵੱਖਰਾ ਸਿਸਟਮ ਹੈ। ਅਪ੍ਰੇਸ਼ਨ ਸਿੰਧੂਰ ਦਾ ਉਦੇਸ਼ ਦਹਿਸ਼ਤਗਰਦੀ ਦੇ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਸੀ। ਭਾਰਤ ਦੀ ਪ੍ਰਤੀਕਿਰਿਆ ਉਕਸਾਵੇ ਵਾਲੀ ਨਹੀਂ ਸੀ।
ਕਾਂਗਰਸ ਨੇ ਸਰਕਾਰ ’ਤੇ ਦੇਸ਼ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਇਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪਹਿਲਾਂ ਜਨਰਲ ਚੌਹਾਨ ਨੇ ਅਹਿਮ ਖੁਲਾਸੇ ਕੀਤੇ ਤੇ ਹੁਣ ਕੈਪਟਨ ਸ਼ਿਵ ਕੁਮਾਰ ਨੇ ਇੰਕਸ਼ਾਫ ਕੀਤਾ ਹੈ ਪਰ ਪ੍ਰਧਾਨ ਮੰਤਰੀ ਸਰਬਪਾਰਟੀ ਬੈਠਕ ਦੀ ਪ੍ਰਧਾਨਗੀ ਕਰਨ ਤੇ ਆਪੋਜ਼ੀਸ਼ਨ ਨੂੰ ਭਰੋਸੇ ਵਿੱਚ ਲੈਣ ਤੋਂ ਕਿਉਂ ਇਨਕਾਰ ਕਰ ਰਹੇ ਹਨ? ਸੰਸਦ ਦੇ ਵਿਸ਼ੇਸ਼ ਅਜਲਾਸ ਦੀ ਮੰਗ ਕਿਉ ਖਾਰਜ ਕਰ ਦਿੱਤੀ ਗਈ ਹੈ?





