ਸ਼ਿਮਲਾ : ਨੂਰਮਹਿਲ ਤੋਂ ਹਿਮਾਚਲ ਦੇ ਦਰਲਾਘਾਟ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਨਿੱਜੀ ਬੱਸ ਸ਼ੁੱਕਰਵਾਰ ਤੜਕੇ ਨਮਹੋਲ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 32 ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਬਿਲਾਸਪੁਰ ਦੇ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ ਬੱਸ ਡਰਾਈਵਰ ਮਾਰਕੰਡਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਜ਼ਖਮੀਆਂ ਦਾ ਹਾਲ ਜਾਨਣ ਲਈ ਏਮਜ਼ ਦਾ ਦੌਰਾ ਕੀਤਾ।
ਬਲੋਚਿਸਤਾਨ ’ਚ ਬੱਸ ’ਚੋਂ ਲਾਹ ਕੇ 9 ਪੰਜਾਬੀ ਮਾਰੇ
ਇਸਲਾਮਾਬਾਦ : ਪਾਕਿਸਤਾਨ ਦੇ ਗੜਬੜਜ਼ਦਾ ਬਲੋਚਿਸਤਾਨ ਸੂਬੇ ਵਿੱਚ ਬਲੋਚ ਲੜਾਕਿਆਂ ਨੇ ਸ਼ੁੱਕਰਵਾਰ ਬੱਸ ਵਿੱਚੋਂ ਉਤਾਰ ਕੇ ਪੰਜਾਬ ਦੇ ਨੌਂ ਯਾਤਰੀਆਂ ਨੂੰ ਗੋਲੀ ਮਾਰ ਦਿੱਤੀ। ਸੂਬੇ ਦੇ ਝੋਬ ਇਲਾਕੇ ਦੇ ਸਹਾਇਕ ਕਮਿਸ਼ਨਰ ਨਵੀਦ ਆਲਮ ਨੇ ਦੱਸਿਆ ਕਿ ਇਹ ਘਟਨਾ ਕੌਮੀ ਰਾਜਮਾਰਗ ’ਤੇ ਵੀਰਵਾਰ ਰਾਤ ਨੂੰ ਵਾਪਰੀ। ਹਥਿਆਰਬੰਦਾਂ ਨੇ ਪੰਜਾਬ ਜਾਣ ਵਾਲੀਆਂ ਦੋ ਬੱਸਾਂ ਨੂੰ ਰੋਕਿਆ ਅਤੇ ਯਾਤਰੀਆਂ ਦੇ ਪਛਾਣ ਪੱਤਰ ਦੇਖ ਕੇ ਨੌਂ ਵਿਅਕਤੀਆਂ ਨੂੰ ਬੱਸ ਤੋਂ ਉਤਾਰ ਕੇ ਗੋਲੀ ਮਾਰ ਕੇ ਦਿੱਤੀ। ਮਿ੍ਰਤਕ ਪੰਜਾਬ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਸਨ। ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਫਰੰਟ ਨੇ ਇਸ ਹੱਤਿਆ ਕਾਂਡ ਦੀ ਜ਼ਿੰਮੇਵਾਰੀ ਲਈ ਹੈ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਸਰਫਰਾਜ਼ ਬੁਗਤੀ ਨੇ ਕਿਹਾ ਕਿ ਪਛਾਣ ਦੇ ਆਧਾਰ ’ਤੇ ਬੇਕਸੂਰ ਲੋਕਾਂ ਦੀ ਹੱਤਿਆ ਕਰਨਾ ਨਾਮੁਆਫੀਯੋਗ ਅਪਰਾਧ ਹੈ।


