ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਰੈਲੀ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾ ਦੀ ਸਰਕਾਰ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦਿੰਦੀ ਹੈ, ਇਸ ਕਰਕੇ ਜੋ ਵੋਟ ਨਹੀਂ ਦੇਵੇਗਾ, ਉਸ ਨੂੰ ਪੁੰਨ ਨਹੀਂ ਮਿਲੇਗਾ। ਮੋਦੀ ਨੇ ਇਹ ਕਹਿ ਕੇ ਇੱਕ ਤਰ੍ਹਾਂ ਸਵੀਕਾਰ ਕੀਤਾ ਸੀ ਕਿ ਉਨ੍ਹਾ ਦੇ ਸ਼ਾਸਨ ਦੇ ਦਸਵੇਂ ਸਾਲ ਵੀ 80 ਕਰੋੜ ਲੋਕ ਸਰਕਾਰ ਤੋਂ ਮਿਲਣ ਵਾਲੇ ਮੁਫਤ ਅਨਾਜ ’ਤੇ ਨਿਰਭਰ ਹਨ। ਇਸ ਗਰੀਬੀ ਨੇ ਵੱਡੇ ਪੈਮਾਨੇ ’ਤੇ ਨਾਬਰਾਬਰੀ ਪੈਦਾ ਕੀਤੀ ਹੈ ਤੇ ਇਹ ਗੱਲ ਆਪੋਜ਼ੀਸ਼ਨ ਹੀ ਨਹੀਂ ਕਹਿੰਦੀ, ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਕਹਿ ਰਹੇ ਹਨ, ਪਰ ਸਰਕਾਰੀ ਅਦਾਰੇ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀ ਆਈ ਬੀ) ਨੇ ਵਿਸ਼ਵ ਬੈਂਕ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਹੈ ਕਿ ਭਾਰਤ ਆਮਦਨ ਨਾਬਰਾਬਰੀ ਨੂੰ ਘੱਟ ਕਰਨ ਵਿੱਚ ਦੁਨੀਆ ਦਾ ਚੌਥਾ ‘ਸਭ ਤੋਂ ਬਰਾਬਰੀ ਵਾਲਾ ਦੇਸ਼’ ਬਣ ਗਿਆ ਹੈ। ਕੀ ਇਹ ਦੋਨੋਂ ਗੱਲਾਂ ਇੱਕੋ ਵੇਲੇ ਸੱਚ ਹੋ ਸਕਦੀਆਂ ਹਨ? ਸੰਸਾਰ ਭੁੱਖਮਰੀ ਸੂਚਕ ਅੰਕ-2024 ਮੁਤਾਬਕ ਭਾਰਤ 129 ਦੇਸ਼ਾਂ ਵਿੱਚੋਂ 105ਵੇਂ ਨੰਬਰ ’ਤੇ ਸੀ। ਭਾਰਤ ਵਿੱਚ ਭੁੱਖਮਰੀ ਦੀ ਹਾਲਤ ਏਨੀ ਗੰਭੀਰ ਹੈ ਕਿ ਗੁਆਂਢੀ ਸ੍ਰੀਲੰਕਾ, ਨੇਪਾਲ ਤੇ ਬੰਗਲਾਦੇਸ਼ ਸਾਥੋਂ ਬਿਹਤਰ ਹਾਲਤ ਵਿੱਚ ਹਨ। ਭਾਰਤ ਨੇ ਅਧਿਕਾਰਤ ਗਰੀਬੀ ਰੇਖਾ ਨੂੰ 2011 ਤੋਂ ਬਾਅਦ ਅਪਡੇਟ ਨਹੀਂ ਕੀਤਾ, ਜਿਸ ਕਰਕੇ ਗਰੀਬੀ ਵਿੱਚ ਕਮੀ ਦੇ ਦਾਅਵੇ ਗੁੰਮਰਾਹਕੁੰਨ ਹੋ ਸਕਦੇ ਹਨ।
ਗਡਕਰੀ ਨੇ 5 ਜੁਲਾਈ ਨੂੰ ਨਾਗਪੁਰ ਵਿੱਚ ਇੱਕ ਪ੍ਰੋਗਰਾਮ ’ਚ ਕਿਹਾ ਸੀ ਕਿ ਗਰੀਬਾਂ ਦੀ ਗਿਣਤੀ ਹੌਲੀ-ਹੌਲੀ ਵਧ ਰਹੀ ਹੈ ਅਤੇ ਧਨ ਕੁਝ ਅਮੀਰ ਲੋਕਾਂ ਦੇ ਹੱਥਾਂ ਵਿੱਚ ਸਿਮਟਦਾ ਜਾ ਰਿਹਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਤੇ ਧਨ ਦਾ ਵਿਕੇਂਦਰੀਕਰਨ ਜ਼ਰੂਰੀ ਹੈ। ਗਡਕਰੀ ਦਾ ਇਹ ਬਿਆਨ ਸਰਕਾਰ ਦੇ ਦਾਅਵਿਆਂ ’ਤੇ ਸਵਾਲ ਉਠਾਉਦਾ ਹੈ, ਜਿਹੜੇ ਭਾਰਤ ਨੂੰ ਆਰਥਕ ਬਰਾਬਰੀ ਦੀ ਮਿਸਾਲ ਦੱਸਦੇ ਹਨ। ਪੀ ਆਈ ਬੀ ਨੇ 6 ਜੁਲਾਈ ਨੂੰ ਦਾਅਵਾ ਕੀਤਾ ਕਿ ਆਰਥਕ ਬਰਾਬਰੀ ਵਿੱਚ ਸਲੋਵਾਕ ਰਿਪਬਲਿਕ, ਸਲੋਵੇਨੀਆ ਤੇ ਬੇਲਾਰੂਸ ਹੀ ਭਾਰਤ ਨਾਲੋਂ ਬਿਹਤਰ ਸਥਿਤੀ ਵਿੱਚ ਹਨ। ਦੇਸ਼ ਦੀਆਂ ਸਰਕਰਦਾ ਅਖਬਾਰਾਂ ਨੇ ਬਿਨਾਂ ਪਰਖੇ ਇਸ ਦਾਅਵੇ ਨੂੰ ਲਿਸ਼ਕਾ ਕੇ ਛਾਪ ਦਿੱਤਾ।
ਦਰਅਸਲ ਸੰਸਾਰ ਬੈਂਕ ਦੀ ਰਿਪੋਰਟ ਨਾਲ ਫਰਜ਼ੀਵਾੜਾ ਕੀਤਾ ਗਿਆ। ਰਿਪੋਰਟ ਕਹਿੰਦੀ ਹੈ ਕਿ ਭਾਰਤ ਦਾ ਖਪਤ ਅਧਾਰਤ ਜਿਨੀ ਇੰਡੈਕਸ (ਸੂਚਕ ਅੰਕ) 25.5 ਹੈ, ਪਰ ਇਸ ਦੀ ਹੋਰਨਾਂ ਦੇਸ਼ਾਂ ਦੇ ਆਮਦਨ ਅਧਾਰਤ ਜਿਨੀ ਇੰਡੈਕਸ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਇਹ ਸੇਬ ਤੇ ਸੰਤਰੇ ਦੀ ਤੁਲਨਾ ਵਰਗੀ ਹੋਵੇਗੀ। ਅਸਲ ਵਿੱਚ ਭਾਰਤ ਦਾ ਆਮਦਨ ਅਧਾਰਤ ਜਿਨੀ ਇੰਡੈਕਸ 61 ਹੈ, ਜੋ ਭਾਰਤ ਨੂੰ ਸਭ ਤੋਂ ਵੱਧ ਨਾਬਰਾਬਰੀ ਵਾਲੇ ਦੇਸ਼ਾਂ ਦੀ ਸੂਚੀ ਵਿੱਚ 216 ਦੇਸ਼ਾਂ ਵਿੱਚ 176ਵੇਂ ਸਥਾਨ ’ਤੇ ਰੱਖਦਾ ਹੈ। ਪੀ ਆਈ ਬੀ ਨੇ ਖਪਤ ਤੇ ਆਮਦਨ ਅਧਾਰਤ ਇੰਡੈਕਸ ਨੂੰ ਰਲਗੱਡ ਕਰਕੇ ਗਲਤ ਨਤੀਜਾ ਕੱਢਿਆ। ਮਿਸਾਲ ਦੇ ਤੌਰ ’ਤੇ ਇੱਕ ਮਜ਼ਦੂਰ ਚਾਰ ਰੋਟੀਆਂ ਖਾਂਦਾ ਹੈ ਤੇ ਇੱਕ ਅਰਬਪਤੀ ਦੋ ਰੋਟੀਆਂ, ਇਸ ਦਾ ਮਤਲਬ ਇਹ ਨਹੀਂ ਕਿ ਮਜ਼ਦੂਰ ਅਮੀਰ ਹੈ। ਅਰਬਪਤੀ ਆਪਣੀ ਆਮਦਨ ਦਾ ਵੱਡਾ ਹਿੱਸਾ ਨਿਵੇਸ਼ ਜਾਂ ਬਚਤ ਵਿੱਚ ਲਾਉਦਾ ਹੈ, ਜਿਸ ਨੂੰ ਖਪਤ ਸਰਵੇਖਣ ਵਿੱਚ ਨਹੀਂ ਦੇਖਿਆ ਜਾ ਸਕਦਾ।
ਇਹ ਠੀਕ ਹੈ ਕਿ ਭਾਰਤ ਇੱਕ ਉਭਰਦੀ ਆਰਥਕ ਸ਼ਕਤੀ ਹੈ, ਪਰ ਇਸ ਦਾ ਫਾਇਦਾ ਕੁਝ ਮੁੱਠੀਭਰ ਲੋਕ ਉਠਾ ਰਹੇ ਹਨ। ਪੀ ਆਈ ਬੀ ਦਾ ਦਾਅਵਾ ਨਾ ਸਿਰਫ ਗਲਤ ਹੈ, ਸਗੋਂ ਇਹ ਗਡਕਰੀ ਦੇ ਬਿਆਨ ਦੇ ਬਾਅਦ ਜਾਣਬੁੱਝ ਕੇ ਭਰਮ ਫੈਲਾਉਣ ਦੀ ਕੋਸ਼ਿਸ਼ ਵੀ ਹੋ ਸਕਦਾ ਹੈ। ਸੰਸਾਰ ਨਾਬਰਾਬਰੀ ਡੈਟਾ ਦੱਸਦਾ ਹੈ ਕਿ ਭਾਰਤ ਵਿੱਚ ਨਾਬਰਾਬਰੀ ਬਿ੍ਰਟਿਸ਼ ਰਾਜ ਤੋਂ ਵੀ ਬੁਰੀ ਹਾਲਤ ਵਿੱਚ ਹੈ। ਇਸ ਹਾਲਤ ਦਾ ਸਾਹਮਣਾ ਕਰਨ ਦੀ ਲੋੜ ਹੈ, ਨਾ ਕਿ ਅੰਕੜਿਆਂ ਦਾ ਫਰਜ਼ੀਵਾੜਾ ਕਰਕੇ ਇਸ ਹਕੀਕਤ ’ਤੇ ਪਰਦਾ ਪਾਉਣ ਦੀ।



