ਵਾਹ, ਕਮਾਲ ਕਰਤੀ

0
614

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਭਿ੍ਸ਼ਟਾਚਾਰ ਦੇ ਦੋਸ਼ਾਂ ਵਿੱਚ ਜਿਸ ਤਰ੍ਹਾਂ ਬਰਤਰਫ਼ ਕਰਕੇ ਗਿ੍ਫ਼ਤਾਰ ਕਰਵਾਇਆ ਹੈ, ਉਸ ਨੇ ਭਗਵੰਤ ਮਾਨ ਦਾ ਕੱਦ ਹੁਣ ਤੱਕ ਦੇ ਸਭ ਮੁੱਖ ਮੰਤਰੀਆਂ ਤੋਂ ਉੱਚਾ ਕਰ ਦਿੱਤਾ ਹੈ | ਆਪਣੇ ਸ਼ੁਰੂਆਤੀ ਦਿਨਾਂ ਵਿੱਚ ਜਦੋਂ ਭਗਵੰਤ ਮਾਨ ਨੇ ਰਿਸ਼ਵਤਖੋਰੀ ਨੂੰ ਰੋਕਣ ਲਈ ਇੱਕ ਫ਼ੋਨ ਨੰਬਰ ਜਾਰੀ ਕੀਤਾ ਸੀ ਤਾਂ ਲੋਕਾਂ ਨੇ ਇਸ ਨੂੰ ਸਿਰਫ਼ ਡਰਾਮੇਬਾਜ਼ੀ ਕਿਹਾ ਸੀ |
ਅਸਲ ਵਿੱਚ ਰਿਸ਼ਵਤਖੋਰੀ ਨੇ ਸਾਡੇ ਸਮਾਜੀ ਤੇ ਸਿਆਸੀ ਢਾਂਚੇ ਵਿੱਚ ਅਜਿਹੀ ਪੈਂਠ ਬਣਾ ਲਈ ਹੈ ਕਿ ਲੋਕ ਇਹ ਮੰਨਣ ਲਈ ਤਿਆਰ ਨਹੀਂ ਕਿ ਇਸ ਨੂੰ ਖ਼ਤਮ ਵੀ ਕੀਤਾ ਜਾ ਸਕਦਾ ਹੈ | ਪੰਜਾਬ ਵਿੱਚ ਪਿਛਲੇ ਲੰਮੇ ਸਮੇਂ ਤੋਂ ਕਾਂਗਰਸੀ ਤੇ ਅਕਾਲੀ ਵਾਰੋ-ਵਾਰੀ ਰਾਜ ਕਰਦੇ ਰਹੇ ਹਨ | ਹਰ ਰਾਜ ਵਿੱਚ ਘੁਟਾਲੇ ਹੁੰਦੇ ਰਹੇ ਹਨ | ਰਾਜ ਬਦਲਣ ਉੱਤੇ ਵੀ ਘੁਟਾਲੇਬਾਜ਼ਾਂ ਦਾ ਵਾਲ ਵਿੰਗਾ ਨਹੀਂ ਸੀ ਹੁੰਦਾ ਕਿਉਂਕਿ ਨਵੇਂ ਹਾਕਮ ਖੁੱਦ ਇਸ ਭਿ੍ਸ਼ਟਾਚਾਰ ਦੀ ਵਗਦੀ ਗੰਗਾ ਵਿੱਚ ਡੁੱਬਕੀਆਂ ਲਾਉਣੀਆਂ ਸ਼ੁਰੂ ਕਰ ਦਿੰਦੇ ਸਨ | ਇਨ੍ਹਾਂ ਵਾਰੋ-ਵਾਰੀ ਰਾਜ ਕਰਦੀਆਂ ਦੋਹਾਂ ਪੁਰਾਣੀਆਂ ਪਾਰਟੀਆਂ ਨੇ ਭਿ੍ਸ਼ਟਾਚਾਰ ਦਾ ਹੇਠਾਂ ਤੋਂ ਲੈ ਕੇ ਉੱਪਰ ਤੱਕ ਇੱਕ ਜਥੇਬੰਦਕ ਢਾਂਚਾ ਖੜ੍ਹਾ ਕਰ ਲਿਆ ਸੀ | ਹਰ ਕੋਈ ਜਾਣਦਾ ਸੀ ਕਿ ਥਾਣੇ 5 ਤੋਂ 10 ਲੱਖ ਤੱਕ ਪ੍ਰਤੀ ਮਹੀਨਾ ਨਿਲਾਮ ਹੁੰਦੇ ਹਨ | ਇਹ ਪੈਸੇ ਡੀ ਐਸ ਪੀ ਫਿਰ ਐਸ ਐਸ ਪੀ ਤੇ ਆਈ ਜੀ ਤੋਂ ਹੋ ਕੇ ਹੋਮ ਸੈਕਟਰੀ ਰਾਹੀਂ ਗ੍ਰਹਿ ਮੰਤਰੀ ਤੱਕ ਪੁੱਜਦੇ ਹਨ | ਹਰ ਕੋਈ ਆਪਣਾ ਹਿੱਸਾ ਰੱਖ ਕੇ ਰਕਮ ਅੱਗੇ ਤੋਰ ਦਿੰਦਾ ਸੀ | ਇਸੇ ਕਰਕੇ ਹਰ ਮੁੱਖ ਮੰਤਰੀ ਗ੍ਰਹਿ ਮੰਤਰਾਲਾ ਆਪਣੇ ਕੋਲ ਰੱਖਦਾ ਸੀ ਜਾਂ ਆਪਣੇ ਭਰੋਸੇਮੰਦ ਵਜ਼ੀਰ ਨੂੰ ਅਲਾਟ ਕਰਦਾ ਸੀ | ਇਹੋ ਹਾਲ ਮਾਲ ਮਹਿਕਮੇ ਵਿੱਚ ਚਲਦਾ ਰਿਹਾ ਹੈ | ਤਹਿਸੀਲਦਾਰ ਉਗਰਾਹੀ ਕਰਦਾ ਸੀ ਤੇ ਫਿਰ ਐਸ ਡੀ ਐਮ, ਡੀ ਸੀ ਤੇ ਸਕੱਤਰ ਰਾਹੀਂ ਹੋ ਕੇ ਇਹ ਲੁੱਟ ਦਾ ਮਾਲ ਮੰਤਰੀ ਕੋਲ ਪੁੱਜ ਜਾਂਦਾ ਸੀ | ਇਹ ਸਾਰਾ ਲੁੱਕ ਛਿਪਕੇ ਨਹੀਂ ਖੁਲ੍ਹੇਆਮ ਹੁੰਦਾ ਸੀ ਤੇ ਸਭ ਲੋਕ ਇਸ ਬਾਰੇ ਜਾਣਦੇ ਸਨ | ਬਾਕੀ ਮਹਿਕਮਿਆਂ ਵਿੱਚ ਵੀ ਘੱਟ ਵੱਧ ਇਹੋ ਕੁਝ ਹੁੰਦਾ ਸੀ | ਇਸੇ ਕਾਰਣ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਨੂੰ ਲੈ ਕੇ ਮਾਰੋਮਾਰੀ ਹੁੰਦੀ ਸੀ | ਹਰ ਕੋਈ ਮਲਾਈਦਾਰ ਮਹਿਕਮਾ ਚਾਹੁੰਦਾ ਸੀ | ਬੇਸ਼ਰਮੀ ਏਡੀ ਕਿ ਗੱਲੀਂ ਬਾਤੀ ਮੰਤਰੀ ਸਹਿਬਾਨ ਇਹ ਕਹਿ ਵੀ ਦਿੰਦੇ ਸਨ ਕਿ ਫਲਾਣੇ ਨੂੰ ਤਾਂ ਮਲਾਈਦਾਰ ਮਹਿਕਮਾ ਦੇ ਦਿੱਤਾ ਤੇ ਮੇਰੇ ਮੱਥੇ ਰੁੱਖਾ-ਸੁੱਕਾ ਮੜ੍ਹ ਦਿੱਤਾ |
ਇਸੇ ਕਾਰਣ ਕਮਜ਼ੋਰ ਮਹਿਕਮਿਆਂ ਵਾਲੇ ਵਿਦਿਆਰਥੀਆਂ ਦੇ ਵਜ਼ੀਫ਼ੇ ਹੀ ਹੜੱਪ ਜਾਂਦੇ ਸਨ | ਇਸ ਵਰਤਾਰੇ ਨੇ ਸਿਆਸਤ ਨੂੰ ਇੱਕ ਪੇਸ਼ਾ ਬਣਾ ਦਿੱਤਾ ਸੀ | ਧਨ ਕੁਬੇਰ ਸਿਆਸਤਦਾਨ ਚੋਣਾਂ ਵਿੱਚ ਕਰੋੜਾਂ ਰੁਪਏ ਇਸੇ ਆਸ ਨਾਲ ਖਰਚਦੇ ਸਨ ਕਿ ਜਿੱਤਣ ਤੋਂ ਬਾਅਦ ਦੂਣੇ-ਚੌਣੇ ਵਸੂਲ ਕਰ ਲਵਾਂਗੇ |
ਇਸ ਰੁਝਾਨ ਨੇ ਆਮ ਲੋਕਾਂ ਵਿੱਚ ਇਹ ਧਾਰਨਾ ਬਣਾ ਦਿੱਤੀ ਸੀ ਕਿ ਰਿਸ਼ਵਤਖੋਰੀ ਕੋਈ ਵੀ ਬੰਦ ਨਹੀਂ ਕਰ ਸਕਦਾ | ਉਨ੍ਹਾ ਦੀ ਇਹ ਧਾਰਨਾ ਇਸ ਲਈ ਵੀ ਪੱਕੀ ਹੋਈ ਕਿ ਵੱਡੇ-ਵੱਡੇ ਘੁਟਾਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਕਿਸੇ ਦਾ ਵਾਲ ਵਿੰਗਾ ਨਹੀਂ ਸੀ ਹੁੰਦਾ | ਲੋਕਾਂ ਨੇ ਤਾਂ ਰਿਸ਼ਵਤਖੋਰੀ ਨੂੰ ਆਪਣੀ ਹੋਣੀ ਬਣਾ ਲਿਆ ਸੀ | ਪੱਕੇ ਰੇਟ ਤੈਅ ਸਨ | ਡਰਾਈਵਿੰਗ ਲਾਇਸੰਸ ਦਾ ਪੰਜ ਹਜ਼ਾਰ, ਹੈਵੀ ਦਾ ਦਸ ਹਜ਼ਾਰ, ਅਸਲਾ ਲਸੰਸ ਦਾ ਵੀਹ ਹਜ਼ਾਰ ਤੇ ਏਸੇ ਤਰ੍ਹਾਂ ਹਰ ਮਹਿਕਮੇ ਵਿੱਚ ਹਰ ਕੰਮ ਦੀ ‘ਫੀਸ’ ਕਹੀ ਜਾਂਦੀ ਰਿਸ਼ਵਤ ਦੇਣੀ ਪੈਂਦੀ ਸੀ | ਕਚਹਿਰੀਆਂ, ਤਹਿਸੀਲਾਂ ਤੇ ਹੋਰ ਦਫ਼ਤਰਾਂ ਦੇ ਬਾਹਰ ਬੈਠੇ ਦਲਾਲ ਇਸ ਕੰਮ ਲਈ ਮੁਕੱਰਰ ਹੁੰਦੇ ਸਨ | ਇਹ ਸਿਸਟਮ ਹਾਲੇ ਵੀ ਲੁੱਕ ਛਿਪਕੇ ਚਲ ਰਿਹਾ ਹੈ | ਇਸ ਨੂੰ ਖ਼ਤਮ ਕਰਨ ਲਈ ਸਖ਼ਤ ਕਦਮ ਪੁੱਟਣੇ ਪੈਣਗੇ |
ਸਿਹਤ ਮੰਤਰੀ ਦੀ ਬਰਤਰਫ਼ੀ ਤੇ ਕੇਸ ਦਰਜ ਹੋਣ ਨਾਲ ਬਾਕੀ ਮੰਤਰੀਆਂ ਤੇ ਅਧਿਕਾਰੀਆਂ ਨੂੰ ਵੀ ਕੰਨ ਹੋ ਗਏ ਹੋਣਗੇ ਕਿ ਹੁਣ ਪਹਿਲਾਂ ਵਾਂਗ ਗੁਲਛੱਰੇ ਉਡਾਉਣੇ ਸੌਖੇ ਨਹੀਂ ਰਹੇ | ਪਰ ਜਿਸ ਦੇ ਮੂੰਹ ਨੂੰ ਖ਼ੂਨ ਲੱਗਾ ਹੋਵੇ ਉਹ ਛੇਤੀ ਕੀਤੇ ਬਾਜ਼ ਨਹੀਂ ਆਉਂਦਾ | ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਿ੍ਸ਼ਟਾਚਾਰ ਵਿਰੁੱਧ ਚੁੱਕੇ ਇਸ ਮਿਸਾਲੀ ਕਦਮ ਲਈ ਅਸੀਂ ਉਨ੍ਹਾ ਨੂੰ ਵਧਾਈ ਦਿੰਦੇ ਹੋਏ ਕਹਿਣਾ ਚਾਹਾਂਗੇ ਕਿ ਇਹ ਮੁਹਿੰਮ ਰੁਕਣੀ ਨਹੀਂ ਚਾਹੀਦੀ |
-ਚੰਦ ਫਤਿਹਪੁਰੀ

LEAVE A REPLY

Please enter your comment!
Please enter your name here