ਹਿਊਸਟਨ : ਅਮਰੀਕਾ ਦੇ ਟੈਕਸਾਸ ਸੂਬੇ ਦੇ ਐਲੀਮੈਂਟਰੀ ਸਕੂਲ ਵਿਚ 18 ਸਾਲਾ ਬੰਦੂਕਧਾਰੀ ਨੇ ਗੋਲੀਬਾਰੀ ਕਰਕੇ 19 ਬੱਚਿਆਂ ਸਮੇਤ 21 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਕਈ ਹੋਰ ਜ਼ਖਮੀ ਕਰ ਦਿੱਤੇ | ਇਸ ਤੋਂ ਬਾਅਦ ਪੁਲਸ ਕਾਰਵਾਈ ਵਿਚ ਉਹ ਵੀ ਮਾਰਿਆ ਗਿਆ | ਮੰਗਲਵਾਰ ਸਵੇਰੇ ਕਰੀਬ 11:30 ਵਜੇ ਸਾਂ ਐਂਟੋਨੀਓ ਤੋਂ 134 ਕਿਲੋਮੀਟਰ ਦੂਰ ਟੈਕਸਾਸ ਦੇ ਉਵਾਲਡੇ ਵਿਚ ਰੌਬ ਐਲੀਮੈਂਟਰੀ ਸਕੂਲ ‘ਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ | ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਦੱਸਿਆ ਕਿ ਹਮਲਾਵਰ ਦੀ ਪਛਾਣ ਸਕੂਲ ਦੇ ਨੇੜਲੇ ਇਲਾਕੇ ਦੇ ਰਹਿਣ ਵਾਲੇ ਸਾਲਵਾਡੋਰ ਰਾਮੋਸ ਵਜੋਂ ਹੋਈ ਹੈ | ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੇ ਗੋਲੀਬਾਰੀ ਕਿਉਂ ਕੀਤੀ | ਐਬੋਟ ਨੇ ਮੰਗਲਵਾਰ ਸ਼ਾਮ ਨੂੰ ਕਿਹਾ-ਉਸ ਨੇ ਲੋਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ | ਇਸ ਵਿਚ 14 ਬੱਚਿਆਂ ਅਤੇ ਇੱਕ ਅਧਿਆਪਕ ਦੀ ਮੌਤ ਹੋ ਗਈ | ਬਾਅਦ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਅਤੇ ਗੋਲੀਬਾਰੀ ‘ਚ 19 ਬੱਚਿਆਂ ਅਤੇ ਦੋ ਬਾਲਗਾਂ ਦੀ ਮੌਤ ਹੋ ਗਈ | ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਰਾਮੋਸ ਕੋਲ ਹੈਂਡਗਨ ਅਤੇ ਏਆਰ-15 ਸੈਮੀ-ਆਟੋਮੈਟਿਕ ਰਾਈਫਲ ਸੀ | ਉਸ ਕੋਲ ਵੱਡਾ ਮੈਗਜ਼ੀਨ ਵੀ ਸੀ | ਅਜੇ ਤੱਕ ਮਿ੍ਤਕਾਂ ਦੇ ਨਾਂਅ ਅਤੇ ਹੋਰ ਵੇਰਵੇ ਉਪਲੱਬਧ ਨਹੀਂ ਹੋਏ ਹਨ | ਸਕੂਲ ਦੀ ਵੈੱਬਸਾਈਟ ਅਨੁਸਾਰ ਮਰਨ ਵਾਲੇ ਵਿਦਿਆਰਥੀਆਂ ਦੀ ਉਮਰ ਪੰਜ ਤੋਂ 11 ਸਾਲ ਤੱਕ ਹੈ | ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਟੈਕਸਾਸ ਦੇ ਐਲੀਮੈਂਟਰੀ ਸਕੂਲ ਵਿਚ ਹੋਈ ਗੋਲੀਬਾਰੀ ਤੋਂ ਬਾਅਦ ਦੇਸ਼ ਵਿਚ ਹਥਿਆਰਾਂ ਦੀ ਵਿਕਰੀ ‘ਤੇ ਨਵੀਆਂ ਪਾਬੰਦੀਆਂ ਲਗਾਉਣ ਲਈ ਕਦਮ ਚੁੱਕੇ ਪੈਣਗੇ | ਉਨ੍ਹਾ ਕਿਹਾ-ਅਸੀਂ ਬੰਦੂਕਾਂ (ਵਿਕਰੀ) ਦਾ ਸਮਰਥਨ ਕਰਨ ਵਾਲਿਆਂ ਦੇ ਵਿਰੁੱਧ ਕਦੋਂ ਖੜ੍ਹੇ ਹੋਵਾਂਗੇ? ਜੋਅ ਬਾਇਡਨ ਨੇ ਪਹਿਲੀ ਮਹਿਲਾ ਜਿਲ ਬਾਇਡਨ ਦੀ ਮੌਜੂਦਗੀ ਵਿਚ ਕਿਹਾ-ਮੈਂ ਥੱਕ ਗਿਆ ਹਾਂ | ਸਾਨੂੰ ਕਾਰਵਾਈ ਕਰਨੀ ਪਵੇਗੀ |





