ਸੰਸਦ ਦੇ ਮੌਨਸੂਨ ਅਜਲਾਸ ਦੇ ਪਹਿਲੇ ਦਿਨ ਦੀ ਸਮਾਪਤੀ ਤੋਂ ਬਾਅਦ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਭੇਜੇ ਆਪਣੇ ਅਸਤੀਫ਼ੇ ਵਿੱਚ ਉਨ੍ਹਾ ਲਿਖਿਆ, ‘ਸਿਹਤ ਦੀ ਦੇਖਭਾਲ ਨੂੰ ਪਹਿਲ ਦੇਣ ਤੇ ਡਾਕਟਰੀ ਸਲਾਹ ਦੀ ਪਾਲਣਾ ਕਰਦਿਆਂ ਮੈਂ ਭਾਰਤ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਸੰਵਿਧਾਨ ਦੀ ਧਾਰਾ 67 (ਏ) ਅਧੀਨ ਤੁਰੰਤ ਪ੍ਰਭਾਵ ਤੋਂ ਲਾਗੂ ਕੀਤੇ ਜਾਣ ਲਈ ਅਸਤੀਫ਼ਾ ਦੇ ਰਿਹਾ ਹਾਂ।’
ਜਗਦੀਪ ਧਨਖੜ ਨੇ ਅਸਤੀਫ਼ਾ ਦੇਣ ਲਈ ਜਿਹੜਾ ਸਿਹਤ ਠੀਕ ਨਾ ਹੋਣ ਬਾਰੇ ਕਾਰਨ ਲਿਖਿਆ ਹੈ, ਉਹ ਕਿਸੇ ਦੇ ਵੀ ਸੰਘੋਂ ਨਹੀਂ ਉੱਤਰ ਰਿਹਾ। ਅਸਤੀਫ਼ੇ ਤੋਂ ਪਹਿਲਾਂ ਕਦੇ ਵੀ ਇਹ ਗੱਲ ਸਾਹਮਣੇ ਨਹੀਂ ਆਈ ਕਿ ਉਨ੍ਹਾ ਨੂੰ ਕੋਈ ਸੀਰੀਅਸ ਬਿਮਾਰੀ ਹੈ। ਪਿਛਲੇ ਮਾਰਚ ਮਹੀਨੇ ਵਿੱਚ ਦਿਲ ਦੀ ਸਮੱਸਿਆ ਕਾਰਨ ਉਨ੍ਹਾ ਨੂੰ ਹਸਪਤਾਲ ਜਾਣਾ ਪਿਆ ਸੀ, ਪ੍ਰੰਤੂ ਕੁਝ ਸਮੇਂ ਬਾਅਦ ਹੀ ਡਾਕਟਰਾਂ ਨੇ ਤੰਦਰੁਸਤ ਹੋਣ ਦਾ ਕਹਿ ਕੇ ਉਨ੍ਹਾ ਨੂੰ ਘਰ ਭੇਜ ਦਿੱਤਾ ਸੀ। ਸੋਮਵਾਰ ਸੰਸਦ ਅਜਲਾਸ ਦੇ ਪਹਿਲੇ ਦਿਨ ਉਹ ਸਮੇਂ ਸਿਰ ਸੰਸਦ ਭਵਨ ਵਿੱਚ ਪਹੁੰਚੇ ਸਨ। ਉਨ੍ਹਾ ਸਾਰਾ ਦਿਨ ਰਾਜ ਸਭਾ ਦੇ ਚੇਅਰਮੈਨ ਵਜੋਂ ਆਪਣੀ ਡਿਊਟੀ ਨਿਭਾਈ ਸੀ। ਸ਼ਾਮੀਂ ਛੇ ਵਜੇ ਉਹ ਸੰਸਦ ਭਵਨ ਵਿਚਲੇ ਆਪਣੇ ਦਫ਼ਤਰ ਵਿੱਚ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਮਿਲੇ ਸਨ। ਇਸ ਦੌਰਾਨ ਵੀ ਉਨ੍ਹਾ ਕਿਸੇ ਨੂੰ ਵੀ ਇਹ ਇਸ਼ਾਰਾ ਨਹੀਂ ਦਿੱਤਾ ਕਿ ਉਹ ਅਸਤੀਫ਼ਾ ਦੇ ਰਹੇ ਹਨ। ਉਂਜ ਵੀ ਉਪ ਰਾਸ਼ਟਰਪਤੀ ਦੀ ਸਿਹਤ ਦਾ ਖਿਆਲ ਰੱਖਣ ਲਈ ਉਨ੍ਹਾ ਨਾਲ ਇੱਕ ਡਾਕਟਰੀ ਟੀਮ ਤਾਇਨਾਤ ਹੁੰਦੀ ਹੈ। ਜੇਕਰ ਉਨ੍ਹਾ ਨੂੰ ਸਿਹਤ ਸੰਬੰਧੀ ਕੋਈ ਸਮੱਸਿਆ ਸੀ ਤਾਂ ਉਹ ਉਨ੍ਹਾ ਨੂੰ ਸੰਸਦ ਵਿੱਚ ਜਾਣੋਂ ਰੋਕ ਕੇ ਅਰਾਮ ਦੀ ਸਲਾਹ ਦੇ ਸਕਦੀ ਸੀ, ਪਰ ਅਜਿਹਾ ਕੁਝ ਨਹੀਂ ਹੋਇਆ।
ਫਿਰ ਸਵਾਲ ਪੈਦਾ ਹੁੰਦਾ ਹੈ ਕਿ ਸ਼ਾਮੀਂ 6 ਵਜੇ ਤੋਂ 9 ਵਜੇ ਦਰਮਿਆਨ ਕੀ ਵਾਪਰਿਆ, ਜਿਸ ਕਾਰਨ ਧਨਖੜ ਨੂੰ ਅਸਤੀਫ਼ਾ ਦੇਣਾ ਪਿਆ ਜਾਂ ਉਨ੍ਹਾ ਤੋਂ ਅਸਤੀਫ਼ਾ ਲਿਆ ਗਿਆ।
ਸਚਾਈ ਤੱਕ ਪੁੱਜਣ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਪਵੇਗਾ ਕਿ ਸੰਸਦ ਵਿੱਚ ਸੋਮਵਾਰ ਕੀ ਵਾਪਰਿਆ। ਸੰਸਦ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਹਾਲ ਦੇ ਬਾਹਰ 10 ਮਿੰਟ ਪੱਤਰਕਾਰਾਂ ਨੂੰ ਸੰਬੋਧਨ ਕਰਕੇ ਉਨ੍ਹਾਂ ਸਭ ਸਵਾਲਾਂ ਦੇ ਜਵਾਬ ਦਿੱਤੇ, ਜਿਨ੍ਹਾਂ ਦੇ ਵਿਰੋਧੀ ਧਿਰਾਂ ਵੱਲੋਂ ਉਠਾਏ ਜਾਣ ਦੀ ਸੰਭਾਵਨਾ ਸੀ। ਸਿੰਧੂਰ ਅਪ੍ਰੇਸ਼ਨ ਬਾਰੇ ਬੋਲਦਿਆਂ ਉਨ੍ਹਾ ਇਥੋਂ ਤੱਕ ਕਹਿ ਦਿੱਤਾ ਕਿ ਇਹ ਸਮਾਂ ਜਿੱਤ ਦਾ ਉਤਸਵ ਮਨਾਉਣ ਦਾ ਹੈ, ਹਾਲਾਂਕਿ ਪਹਿਲਾਂ ਹਿੰਦ-ਪਾਕ ਜੰਗਬੰਦੀ ਨੂੰ ਸੀਜ਼ਫਾਇਰ ਕਿਹਾ ਗਿਆ ਸੀ। ਪ੍ਰਧਾਨ ਮੰਤਰੀ ਸੰਸਦ ਵਿੱਚ ਸਿਰਫ਼ ਅੱਠ ਮਿੰਟ ਰਹੇ ਤੇ ਮੁੜ ਕੇ ਸੰਸਦ ਭਵਨ ਵਿਚਲੇ ਆਪਣੇ ਦਫ਼ਤਰ ਵਿੱਚ ਆ ਕੇ ਬੈਠ ਗਏ।
ਇਹ ਸਭ ਨੂੰ ਪਤਾ ਸੀ ਕਿ ਵਿਰੋਧੀ ਧਿਰ ਪੂਰੀ ਤਿਆਰੀ ਨਾਲ ਆਈ ਹੈ। ਉਨ੍ਹਾਂ ਵੱਲੋਂ ਪਹਿਲਗਾਮ ਘਟਨਾ ਲਈ ਜ਼ਿੰਮੇਵਾਰੀ ਤੈਅ ਕਰਨ, 5 ਜੈੱਟ ਜਹਾਜ਼ ਡੇਗੇ ਜਾਣ ਦੀ ਸਚਾਈ, ਚਾਣਚੱਕ ਜੰਗਬੰਦੀ ਤੇ ਟਰੰਪ ਵੱਲੋਂ ਜੰਗ ਰੁਕਾਉਣ ਦੇ ਦਾਅਵਿਆਂ ਸੰਬੰਧੀ ਸਵਾਲ ਕਰਕੇ ਸਰਕਾਰ ਨੂੰ ਘੇਰਿਆ ਜਾਣਾ ਸੀ। ਜਦੋਂ ਰਾਹੁਲ ਗਾਂਧੀ ਨੇ ਲੋਕ ਸਭਾ ’ਚ ਆਪਣੀ ਗੱਲ ਕਹਿਣੀ ਚਾਹੀ ਤਾਂ ਉਸ ਨੂੰ ਤੁਰੰਤ ਰੋਕ ਦਿੱਤਾ ਗਿਆ, ਜਿਸ ਤੋਂ ਇਹ ਸਾਬਤ ਹੋ ਗਿਆ ਕਿ ਸਰਕਾਰ ਅਪ੍ਰੇਸ਼ਨ ਸਿੰਧੂਰ ਬਾਰੇ ਕਿਸੇ ਨੂੰ ਵੀ ਗੱਲ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਦੂਜੇ ਪਾਸੇ ਰਾਜ ਸਭਾ ਵਿੱਚ ਇਸ ਦੇ ਉਲਟ ਹੋਇਆ। ਚੇਅਰਮੈਨ ਜਗਦੀਪ ਧਨਖੜ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਆਪਣੀ ਗੱਲ ਕਹਿਣ ਲਈ ਖੁੱਲ੍ਹਾ ਸਮਾਂ ਦੇ ਦਿੱਤਾ। ਇਹ ਉਹੋ ਧਨਖੜ ਸਨ, ਜਿਨ੍ਹਾ ਬਾਰੇ ਇਹ ਦੋਸ਼ ਲਗਦੇ ਰਹੇ ਸਨ ਕਿ ਉਹ ਆਪਣੇ ਅਹੁਦੇ ਦੀ ਮਰਿਆਦਾ ਨੂੰ ਭੁਲਾ ਕੇ ਇੰਜ ਵਿਹਾਰ ਕਰਦੇ ਹਨ, ਜਿਵੇਂ ਭਾਜਪਾ ਦੇ ਅਹੁਦੇਦਾਰ ਹੋਣ। ਖੜਗੇ ਨੇ ਆਪਣੇ ਭਾਸ਼ਣ ’ਚ ਅਪ੍ਰੇਸ਼ਨ ਸਿੰਧੂਰ ਨਾਲ ਜੁੜੇ ਸਵਾਲਾਂ ਨੂੰ ਚੁੱਕ ਕੇ ਪ੍ਰਧਾਨ ਮੰਤਰੀ ਵੱਲੋਂ ਪੱਤਰਕਾਰਾਂ ਸਾਹਮਣੇ ਦਿੱਤੇ ਭਾਸ਼ਣ ਦੇ ਇੱਕ-ਇੱਕ ਦਾਅਵੇ ਦੀਆਂ ਧੱਜੀਆਂ ਉਡਾ ਦਿੱਤੀਆਂ। ਖੜਗੇ ਦੇ ਬੋਲਣ ਵਿਚਕਾਰ ਕੇਂਦਰੀ ਮੰਤਰੀ ਜੇ ਪੀ ਨੱਢਾ ਨੇ ਵਿੱਚੋਂ ਟੋਕ ਕੇ ਕਿਹਾ, ‘ਸਿਰਫ਼ ਉਹੀ ਰਿਕਾਰਡ ਹੋਵੇ, ਜੋ ਮੈਂ ਬੋਲਾਂ।’ ਇਹ ਸਿੱਧੇ ਤੌਰ ’ਤੇ ਧਨਖੜ ਦੀ ਹੇਠੀ ਸੀ। ਇਸ ਤੋਂ ਬਾਅਦ ਰਾਜ ਸਭਾ ਦਾ ਕੰਮ ਸੁਚਾਰੂ ਰੂਪ ਨਾਲ ਚਲਾਉਣ ਲਈ ਧਨਖੜ ਨੇ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਸੱਦ ਲਈ, ਪਰ ਸਰਕਾਰੀ ਪੱਖ ਦਾ ਕੋਈ ਨੁਮਾਇੰਦਾ ਨਾ ਗਿਆ। ਕੁਝ ਪੱਤਰਕਾਰਾਂ ਦਾ ਖਿਆਲ ਹੈ ਕਿ ਧਨਖੜ ਵੱਲੋਂ ਖੜਗੇ ਨੂੰ ਬੋਲਣ ਦਾ ਸਮਾਂ ਦੇਣਾ ਹੀ ਉਨ੍ਹਾ ਦੇ ਅਸਤੀਫ਼ੇ ਦਾ ਕਾਰਨ ਬਣਿਆ। ਕੁਝ ਹੋਰ ਪੱਤਰਕਾਰਾਂ ਦਾ ਦਾਅਵਾ ਹੈ ਕਿ ਧਨਖੜ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਸ ਤੋਂ ਅਸਤੀਫ਼ਾ ਲਿਆ ਜਾਣਾ ਹੈ, ਇਸੇ ਲਈ ਉਨ੍ਹਾ ਜਾਣ-ਬੁੱਝ ਕੇ ਖੜਗੇ ਨੂੰ ਬੋਲਣ ਦਾ ਸਮਾਂ ਦਿੱਤਾ ਸੀ। ਇਨ੍ਹਾਂ ਮੁਤਾਬਕ ਅਸਤੀਫ਼ਾ ਵੀ ਇੱਕ ਸ਼ਕਤੀਸ਼ਾਲੀ ਆਗੂ ਵੱਲੋਂ ਲਿਖਿਆ ਗਿਆ ਸੀ, ਧਨਖੜ ਨੇ ਤਾਂ ਸਿਰਫ਼ ਦਸਤਖਤ ਕੀਤੇ।
ਕਿਆਸਅਰਾਈਆਂ ਇਹ ਵੀ ਹਨ ਕਿ ਧਨਖੜ ਆਰ ਐੱਸ ਐੱਸ ਦੇ ਨੇੜੇ ਹਨ। ਅਗਲੇ ਸਾਲ ਮਈ ਮਹੀਨੇ ਵਿੱਚ ਉਹ 75 ਸਾਲ ਦੇ ਹੋ ਜਾਣਗੇ। ਪ੍ਰਧਾਨ ਮੰਤਰੀ ਮੋਦੀ ਇਸ ਸਾਲ ਸਤੰਬਰ ਵਿੱਚ 75 ਸਾਲ ਦੇ ਹੋ ਜਾਣਗੇ। ਨਰਿੰਦਰ ਮੋਦੀ ’ਤੇ ਅਸਤੀਫ਼ਾ ਦੇਣ ਲਈ ਦਬਾਅ ਬਣਾਉਣ ਵਾਸਤੇ ਹੀ ਆਰ ਐੱਸ ਐੱਸ ਨੇ ਧਨਖੜ ਨੂੰ ਅਸਤੀਫ਼ਾ ਦੇਣ ਲਈ ਮਨਾਇਆ ਹੈ।
ਕੁਝ ਵੀ ਹੋਵੇ, ਇੱਕ ਗੱਲ ਸਾਫ਼ ਹੈ ਕਿ ਭਾਜਪਾ ਤੇ ਆਰ ਐੱਸ ਐੱਸ ਵਿੱਚ ਅੰਦਰੂਨੀ ਜੰਗ ਹੁਣ ਸਿਖਰ ਉੱਤੇ ਪੁੱਜ ਚੁੱਕੀ ਹੈ। ਧਨਖੜ ਇਸ ਜੰਗ ਦੇ ਪਹਿਲੇ ‘ਸ਼ਹੀਦ’ ਹਨ। ਆਉਣ ਵਾਲੇ ਦਿਨਾਂ ’ਚ ਇਹ ਹੋਰ ਕਿਸ-ਕਿਸ ਦੀ ਬਲੀ ਲਵੇਗੀ, ਇਸ ਦੀ ਉਡੀਕ ਰਹੇਗੀ।
-ਚੰਦ ਫਤਿਹਪੁਰੀ



