ਮੇਰੇ ‘ਤੇ ਸੰਘ ਦੇ ਬੰਦਿਆਂ ਨੇ ਹਮਲਾ ਕੀਤਾ : ਦੀਪਕੇ

0
6

ਨਾਗਪੁਰ (ਨ ਜ਼ ਸ)
ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਬਾਨੀ ਅਭਿਜੀਤ ਦੀਪਕੇ ਨੇ ਮੰਗਲਵਾਰ ਦੋਸ਼ ਲਗਾਇਆ ਕਿ ਜੈਪੁਰ ਵਿੱਚ ਉਸ ‘ਤੇ ਹੋਏ ਹਮਲੇ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੇ ਮੈਂਬਰ ਸ਼ਾਮਲ ਸਨ। ਇੱਥੇ ਪ੍ਰਦਰਸ਼ਨ ਤੋਂ ਪਹਿਲਾਂ ਦੀਪਕੇ ਨੇ ਪ੍ਰੱੈਸ ਕਾਨਫਰੰਸ ਵਿੱਚ ਕਿਹਾ, ”ਜਦੋਂ ਵੀ ਕੋਈ ਸਰਕਾਰ ਜਾਂ ਇਸ ਦੀ ਵਿਚਾਰਧਾਰਾ ਵਿਰੁੱਧ ਬੋਲਦਾ ਹੈ ਤਾਂ ਇਹੀ ਹੁੰਦਾ ਹੈ। ਇਸ ਵਿੱਚ ਕੁਝ ਵੀ ਨਵਾਂ ਨਹੀਂ ਹੈ।” ਸੋਮਵਾਰ ਜੈਪੁਰ ਵਿੱਚ ਪ੍ਰਦਰਸ਼ਨ ਦੌਰਾਨ ਭੀੜ ਵਿੱਚ ਮੌਜੂਦ ਨੌਜਵਾਨਾਂ ਨੇ ਦੀਪਕੇ ਨੂੰ ਥੱਪੜ ਮਾਰੇ ਸਨ।
ਇਹ ਪੁੱਛੇ ਜਾਣ ‘ਤੇ ਕਿ ਕੀ ਸੀ ਜੇ ਪੀ ਚੋਣਾਂ ਲੜੇਗੀ, ਦੀਪਕੇ ਨੇ ਕਿਹਾ, ”ਸਾਨੂੰ ਚੋਣਾਂ ਕਿਉਂ ਲੜਨੀਆਂ ਚਾਹੀਦੀਆਂ ਹਨ? ਮੇਰਾ ਮਤਲਬ ਹੈ, ਜੇ ਇਸ ਦੇਸ਼ ਵਿੱਚ ਹਰ ਕਿਸੇ ਨੂੰ ਆਪਣੇ ਹੱਕਾਂ ਦੀ ਮੰਗ ਕਰਨ ਲਈ ਚੋਣਾਂ ਲੜਨੀਆਂ ਪੈਣ… ਤਾਂ ਇਹ ਕਿਵੇਂ ਕੰਮ ਕਰੇਗਾ?” ਇਹ ਪੁੱਛੇ ਜਾਣ ‘ਤੇ ਕਿ ਕੀ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਕਰਨਾ ਚਾਹੀਦਾ ਹੈ ਅਤੇ ਭਰੋਸਾ ਦੇਣਾ ਚਾਹੀਦਾ ਹੈ ਕਿ ਪੇਪਰ ਲੀਕ ਦੁਬਾਰਾ ਨਹੀਂ ਹੋਵੇਗਾ, ਦੀਪਕੇ ਨੇ ਕਿਹਾ ਕਿ ਮੋਦੀ ਨੂੰ ਪਹਿਲਾਂ ਉਨ੍ਹਾਂ ਪੰਜ ਜਾਂ ਛੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਜਿਨ੍ਹਾਂ ਨੇ ਖੁਦਕੁਸ਼ੀ ਕੀਤੀ ਸੀ (3 ਮਈ ਨੂੰ ਹੋਣ ਵਾਲੀ ਨੀਟ-ਯੂ ਜੀ ਪ੍ਰੀਖਿਆ ਰੱਦ ਹੋਣ ਤੋਂ ਬਾਅਦ)। ਦੀਪਕੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੁਨੀਆ ਭਰ ਵਿੱਚ ਕੁਝ ਵੀ ਵਾਪਰਦਾ ਹੈ ਤਾਂ ਟਵੀਟ ਕਰਦੇ ਹਨ, ਪਰ ਇੱਥੇ ਇਸ ਦੇਸ਼ ਦੇ ਵਿਦਿਆਰਥੀ ਖੁਦਕੁਸ਼ੀ ਕਰ ਰਹੇ ਹਨ ਅਤੇ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਲਈ ਇੱਕ ਵੀ ਸ਼ੋਕ ਟਵੀਟ ਨਹੀਂ ਹੈ। ਉਹ ਕਦੋਂ ਤੱਕ ਆਪਣੇ ‘ਮਨ ਕੀ ਬਾਤ’ ਅਤੇ ‘ਪ੍ਰੀਖਿਆ ਪੇ ਚਰਚਾ’ ਬਾਰੇ ਗੱਲ ਕਰਨਗੇ? ਘੱਟੋ-ਘੱਟ ਵਿਦਿਆਰਥੀਆਂ ਦੀ ‘ਮਨ ਕੀ ਬਾਤ’ ਤਾਂ ਸੁਣਨ। ਜੇ ਪ੍ਰਧਾਨ ਮੰਤਰੀ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹਨ, ਤਾਂ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਸਕਦੇ ਹਨ ਅਤੇ ਹੱਲ ਲੱਭ ਸਕਦੇ ਹਨ। ਉਸ ਨੇ ਦੁਹਰਾਇਆ ਕਿ ਸੀ ਜੇ ਪੀ ਦਾ ਦੇਸ਼-ਵਿਆਪੀ ਵਿਰੋਧ ਉਦੋਂ ਤੱਕ ਨਹੀਂ ਰੁਕੇਗਾ, ਜਦੋਂ ਤੱਕ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫਾ ਨਹੀਂ ਦੇ ਦਿੰਦੇ।