ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਟੈੱਕ ਕੰਪਨੀਆਂ ਵੱਲੋਂ ਚੀਨ ਵਿੱਚ ਫੈਕਟਰੀਆਂ ਲਾਉਣ ਅਤੇ ਭਾਰਤ ਵਿੱਚ ਕਰਮਚਾਰੀ ਰੱਖਣ ਦੀ ਆਲੋਚਨਾ ਕੀਤੀ ਹੈ। ਉਨ੍ਹਾ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾ ਦੀ ਪ੍ਰਧਾਨਗੀ ਹੇਠ ਹੁਣ ਉਹ ਦਿਨ ਖਤਮ ਹੋ ਗਏ ਹਨ। ਟਰੰਪ ਨੇ ਬੁੱਧਵਾਰ ਏ ਆਈ ਸੰਮੇਲਨ ਵਿੱਚ ਇਹ ਟਿੱਪਣੀਆਂ ਕੀਤੀਆਂ ਜਿੱਥੇ ਉਨ੍ਹਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸੰਬੰਧਤ ਤਿੰਨ ਕਾਰਜਕਾਰੀ ਹੁਕਮਾਂ ’ਤੇ ਹਸਤਾਖਰ ਕੀਤੇ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ, “ਸਾਡੀਆਂ ਕਈ ਵੱਡੀਆਂ ਤਕਨੀਕੀ ਕੰਪਨੀਆਂ ਨੇ ਚੀਨ ਵਿੱਚ ਆਪਣੀਆਂ ਫੈਕਟਰੀਆਂ ਬਣਾ ਕੇ, ਭਾਰਤ ਵਿੱਚ ਕਰਮਚਾਰੀ ਰੱਖ ਕੇ ਅਤੇ ਆਇਰਲੈਂਡ ਵਿੱਚ ਲਾਭ ਘਟਾ ਕੇ ਅਮਰੀਕੀ ਆਜ਼ਾਦੀ ਦਾ ਲਾਭ ਚੁੱਕਿਆ ਹੈ। ਇਸ ਦੇ ਨਾਲ ਹੀ ਆਪਣੇ ਹੀ ਦੇਸ਼ ਵਿੱਚ ਆਪਣੇ ਨਾਗਰਿਕਾਂ ਨੂੰ ਖਾਰਜ ਕਰਨਾ ਅਤੇ ਸੈਂਸਰਸ਼ਿੱਪ ਲਾਉਣ ਦਾ ਕੰਮ ਕੀਤਾ ਹੈ। ਰਾਸ਼ਟਰਪਤੀ ਟਰੰਪ ਦੇ ਅਧੀਨ ਉਹ ਦਿਨ ਖਤਮ ਹੋ ਗਏ ਹਨ।’’
ਟਰੰਪ ਨੇ ਕਿਹਾ, “ਏ ਆਈ ਦੌੜ ਜਿੱਤਣ ਲਈ ਸਿਲੀਕਾਨ ਵੈਲੀ ਵਿੱਚ ਅਤੇ ਸਿਲੀਕਾਨ ਵੈਲੀ ਤੋਂ ਬਹੁਤ ਅੱਗੇ ਦੇਸ਼ਭਗਤੀ ਅਤੇ ਕੌਮੀ ਵਫਾਦਾਰੀ ਦੀ ਇੱਕ ਨਵੀਂ ਭਾਵਨਾ ਦੀ ਲੋੜ ਹੋਵੇਗੀ।” ਉਨ੍ਹਾ ਅੱਗੇ ਕਿਹਾ, “ਅਮਰੀਕੀ ਤਕਨਾਲੋਜੀ ਕੰਪਨੀਆਂ ਨੂੰ ਅਮਰੀਕਾ ਲਈ ਪੂਰੀ ਤਰ੍ਹਾਂ ਸਮਰਪਤ ਹੋਣ ਦੀ ਲੋੜ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਮਰੀਕਾ ਨੂੰ ਪਹਿਲ ਦਿਓ। ਤੁਹਾਨੂੰ ਅਜਿਹਾ ਕਰਨਾ ਪਵੇਗਾ। ਇਹ ਸਭ ਕੁਝ ਹੈ, ਜੋ ਅਸੀਂ ਮੰਗਦੇ ਹਾਂ।’’




