ਜਿਉਂ-ਜਿਉਂ ਬਿਹਾਰ ਅਸੈਂਬਲੀ ਚੋਣਾਂ ਵੱਲ ਵਧ ਰਿਹਾ ਹੈ, ਤਿਉਂ-ਤਿਉਂ ਹੁਕਮਰਾਨ ਐੱਨ ਡੀ ਏ ਵਿਰੁੱਧ ਸਥਾਪਤੀ-ਵਿਰੋਧੀ ਲਹਿਰ ਵਧਦੀ ਜਾ ਰਹੀ ਹੈ। ਸੂਬੇ ਵਿੱਚ ਆਇਆ ਤਾਜ਼ਾ ਸਰਵੇ ਨਿਤਿਸ਼ ਸਰਕਾਰ ਲਈ ਖਤਰੇ ਦੀ ਘੰਟੀ ਵਜਾ ਰਿਹਾ ਹੈ। ‘ਵੋਟ ਵਾਈਬ’ ਵੱਲੋਂ ਕੀਤੇ ਗਏ ਸਰਵੇ ਵਿੱਚ ਲੋਕਾਂ ਦੀ ਬਹੁ-ਗਿਣਤੀ ਨੇ ਰਾਇ ਦਿੱਤੀ ਹੈ ਕਿ ਉਹ ਨਿਤਿਸ਼ ਨਾਲੋਂ ਮਹਾਂਗੱਠਬੰਧਨ ਦੇ ਆਗੂ ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਅਸੈਂਬਲੀ ਚੋਣਾਂ ਵਿੱਚ ਮੁੱਖ ਮੁੱਦੇ ਕੀ ਹੋਣਗੇ? ਨਿਤਿਸ਼ ਸਰਕਾਰ ਖਿਲਾਫ ਲਹਿਰ ਕਿੰਨੀ ਹੈ ਤੇ ਉਨ੍ਹਾ ਦੀਆਂ ਨੀਤੀਆਂ ਦਾ ਸਮਰਥਨ ਕਿੰਨਾ ਹੈ। ਲੋਕ ਅਗਲਾ ਮੁੱਖ ਮੰਤਰੀ ਕਿਸ ਨੂੰ ਦੇਖਣਾ ਚਾਹੁੰਦੇ ਹਨ? ਇਸ ਸਰਵੇ ਵਿੱਚ ਅਜਿਹੇ ਕਈ ਮੁੱਦਿਆਂ ’ਤੇ ਲੋਕਾਂ ਦੀ ਰਾਇ ਜਾਣਨ ਦੀ ਕੋਸ਼ਿਸ਼ ਕੀਤੀ ਗਈ। 48.5 ਫੀਸਦੀ ਲੋਕ ਮੰਨਦੇ ਹਨ ਕਿ ਨਿਤਿਸ਼ ਸਰਕਾਰ ਖਿਲਾਫ ਤਕੜੀ ਲਹਿਰ ਚੱਲ ਰਹੀ ਹੈ। 18.3 ਫੀਸਦੀ ਲੋਕ ਅਜੇ ਵੀ ਨਿਤਿਸ਼ ਦੀਆਂ ਨੀਤੀਆਂ ਦਾ ਸਮਰਥਨ ਕਰ ਰਹੇ ਹਨ, 22 ਫੀਸਦੀ ਨਿਊਟਰਲ ਹਨ, ਜਦਕਿ 10.7 ਫੀਸਦੀ ਲੋਕਾਂ ਨੇ ਕੋਈ ਰਾਇ ਨਹੀਂ ਦਿੱਤੀ। ਇਹ ਪੁੱਛੇ ਜਾਣ ਕਿ ਕਿਹੜੀ ਪਾਰਟੀ ਜਾਂ ਗੱਠਬੰਧਨ ਵਿਕਾਸ ਕਰਵਾ ਸਕਦਾ ਹੈ, 35.4 ਫੀਸਦੀ ਨੇ ਐੱਨ ਡੀ ਏ ’ਤੇ ਭਰੋਸਾ ਜਤਾਇਆ, ਜਦਕਿ 36.1 ਫੀਸਦੀ ਨੇ ਆਪੋਜ਼ੀਸ਼ਨ ਦੇ ਮਹਾਂਗੱਠਬੰਧਨ ’ਤੇ। 39.6 ਫੀਸਦੀ ਲੋਕ ਮੰਨਦੇ ਹਨ ਕਿ ਮਹਾਂਗੱਠਬੰਧਨ ਹੀ ਰੁਜ਼ਗਾਰ ਪੈਦਾ ਕਰ ਸਕਦਾ ਹੈ, ਜਦਕਿ 32.3 ਫੀਸਦੀ ਅਜੇ ਵੀ ਨਿਤਿਸ਼ ’ਤੇ ਨਿਰਭਰ ਹਨ। ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵੀ ਲੋਕਾਂ ਵਿੱਚ ਸੁਸ਼ਾਸਨ ਬਾਬੂ (ਨਿਤਿਸ਼ ਕੁਮਾਰ) ਦੀ ਪਹਿਲਾਂ ਵਰਗੀ ਭੱਲ ਨਹੀਂ ਰਹੀ। 28.7 ਫੀਸਦੀ ਲੋਕਾਂ ਨੇ ਕਿਹਾ ਕਿ ਸਥਿਤੀ ਸੁਧਰੀ ਹੈ, ਜਦਕਿ 28.5 ਫੀਸਦੀ ਨੇ ਕਿਹਾ ਕਿ ਕੋਈ ਬਦਲਾਅ ਨਹੀਂ ਹੋਇਆ। 34.2 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਅਮਨ-ਕਾਨੂੰਨ ਦੀ ਸਥਿਤੀ ਵਿਗੜੀ ਹੈ। ਮੁੱਖ ਮੰਤਰੀ ਦੇ ਚਿਹਰੇ ਬਾਰੇ 24.2 ਫੀਸਦੀ ਲੋਕਾਂ ਦੀ ਰਾਇ ਹੈ ਕਿ ਐੱਨ ਡੀ ਏ ਨੂੰ ਨਿਤਿਸ਼ ਕੁਮਾਰ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਚਾਹੀਦਾ ਹੈ, ਕਿਉਕਿ ਭਾਜਪਾ ਕੋਲ ਕੋਈ ਚਿਹਰਾ ਨਹੀਂ। 33.7 ਫੀਸਦੀ ਦਾ ਕਹਿਣਾ ਹੈ ਕਿ ਭਾਜਪਾ ਨੂੰ ਆਪਣਾ ਚਿਹਰਾ ਐਲਾਨਣਾ ਚਾਹੀਦਾ ਹੈ। ਇੱਥੋਂ ਪਤਾ ਲਗਦਾ ਹੈ ਕਿ ਭਾਜਪਾ ਸਮਰਥਕਾਂ ਨੂੰ ਵੀ ਨਿਤਿਸ਼ ’ਤੇ ਭਰੋਸਾ ਨਹੀਂ ਰਿਹਾ। ਮੁੱਖ ਮੰਤਰੀ ਦੇ ਸਵਾਲ ’ਤੇ 25 ਫੀਸਦੀ ਨੇ ਨਿਤਿਸ਼ ਕੁਮਾਰ ਦੇ ਹੱਕ ਵਿੱਚ ਰਾਇ ਦਿੱਤੀ, ਜਦਕਿ 32.1 ਫੀਸਦੀ ਦਾ ਕਹਿਣਾ ਸੀ ਕਿ ਐਤਕੀਂ ਤੇਜਸਵੀ ਯਾਦਵ ਹੀ ਬਣਨਾ ਚਾਹੀਦਾ ਹੈ। ਜਨ ਸੁਰਾਜ ਪਾਰਟੀ ਦੇ ਪ੍ਰਸ਼ਾਂਤ ਕਿਸ਼ੋਰ ਨੂੰ 12.4 ਫੀਸਦੀ, ਚਿਰਾਗ ਪਾਸਵਾਨ ਨੂੰ 9.4 ਫੀਸਦੀ ਤੇ ਭਾਜਪਾ ਦੇ ਸਮਰਾਟ ਚੌਧਰੀ ਨੂੰ ਸਿਰਫ 4.1 ਫੀਸਦੀ ਲੋਕ ਹੀ ਮੁੱਖ ਮੰਤਰੀ ਵਜੋਂ ਪਸੰਦ ਕਰ ਰਹੇ ਹਨ।
ਵਿਧਾਇਕਾਂ ਦੀ ਕਾਰਗੁਜ਼ਾਰੀ ਦੇ ਸੰਬੰਧ ਵਿੱਚ ਸਰਵੇ ’ਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। 29.7 ਫੀਸਦੀ ਵਿਧਾਇਕਾਂ ਤੋਂ ਸੰਤੁਸ਼ਟ ਨਜ਼ਰ ਆਏ, ਜਦਕਿ 54.9 ਫੀਸਦੀ ਉਨ੍ਹਾਂ ਨੂੰ ਬਦਲਣਾ ਚਾਹੁੰਦੇ ਹਨ। ਸਰਵੇ ਵਿੱਚ ਸਭ ਤੋਂ ਵੱਡਾ ਮੁੱਦਾ ਰੁਜ਼ਗਾਰ ਦਾ ਨਿਕਲ ਕੇ ਆਇਆ ਹੈ। 49.5 ਫੀਸਦੀ ਲੋਕ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹਨ। ਸਰਵੇ ਮੁਤਾਬਕ ਨੌਜਵਾਨ ਵੋਟਰ ਖਾਸ ਕਰਕੇ ਸਥਾਪਤੀ ਦੇ ਵਿਰੁੱਧ ਹਨ ਤੇ ਉਹ ਬਦਲਾਅ ਚਾਹੁੰਦੇ ਹਨ।



