ਬਿਹਾਰ ’ਚ ਮੁਟਿਆਰ ਨਾਲ ਐਂਬੂਲੈਂਸ ’ਚ ਬਲਾਤਕਾਰ

0
88

ਪਟਨਾ : ਬਿਹਾਰ ਦੇ ਬੋਧ ਗਯਾ ਵਿੱਚ ਵੀਰਵਾਰ ਹੋਮ ਗਾਰਡ ਦੀ ਭਰਤੀ ਲਈ ਦੌੜ ਲਾਉਣ ਵੇਲੇ ਬੇਹੋਸ਼ ਹੋ ਗਈ 26 ਸਾਲਾ ਮੁਟਿਆਰ ਨੂੰ ਹਸਪਤਾਲ ਲਿਜਾਂਦਿਆਂ ਐਂਬੂਲੈਂਸ ਵਿੱਚ ਕਥਿਤ ਬਲਾਤਕਾਰ ਕਰਨ ਦੇ ਸੰਬੰਧ ’ਚ ਡਰਾਈਵਰ ਤੇ ਟੈਕਨੀਸ਼ੀਅਨ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਡਰਾਈਵਰ ਵਿਨੈ ਕੁਮਾਰ ਗਯਾ ਦੇ ਉਤਰੇਨ ਪਿੰਡ ਦਾ ਤੇ ਟੈਕਨੀਸ਼ੀਅਨ ਅਜੀਤ ਕੁਮਾਰ ਨਾਲੰਦਾ ਜ਼ਿਲ੍ਹੇ ਦੇ ਚੰਦਨਪੁਰ ਦਾ ਹੈ। ਐਂਬੂਲੈਂਸ ਐਮਰਜੈਂਸੀ ਨਾਲ ਨਿਪਟਣ ਲਈ ਰੰਗਰੂਟੀ ਵਾਲੀ ਥਾਂ ਪਾਰਕ ਕੀਤੀ ਹੋਈ ਸੀ। ਮੁਟਿਆਰ ਦੇ ਪਰਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਕਈ ਮੁਟਿਆਰਾਂ ਦੇ ਭਰਤੀ ਲਈ ਦੌੜ ਲਾਉਣ ਦੇ ਬਾਵਜੂਦ ਐਂਬੂਲੈਂਸ ਵਿੱਚ ਕੋਈ ਮਹਿਲਾ ਮੁਲਾਜ਼ਮ ਨਹੀਂ ਸੀ। ਇਸ ਘਟਨਾ ਤੋਂ ਬਾਅਦ ਨਿਤਿਸ਼ ਸਰਕਾਰ ਦੀ ਹਮਾਇਤ ਕਰ ਰਹੇ ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਆਗੂ ਤੇ ਸਾਂਸਦ ਚਿਰਾਗ ਪਾਸਵਾਨ ਨੇ ਕਿਹਾ ਕਿ ਉਨ੍ਹਾ ਨੂੰ ਅਜਿਹੀ ਸਰਕਾਰ ਨੂੰ ਹਮਾਇਤ ਦੇਣ ’ਤੇ ਦੁੱਖ ਹੋ ਰਿਹਾ ਹੈ, ਜਿਹੜੀ ਅਪਰਾਧ ਰੋਕਣ ਦੇ ਯੋਗ ਨਹੀਂ।
ਪੱਤਰਕਾਰਾਂ ਦੀ ਪੈਨਸ਼ਨ 15 ਹਜ਼ਾਰ
ਪਟਨਾ : ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ‘ਬਿਹਾਰ ਪੱਤਰਕਾਰ ਸਨਮਾਨ’ ਯੋਜਨਾ ਤਹਿਤ ਸੇਵਾਮੁਕਤ ਪੱਤਰਕਾਰਾਂ ਦੀ ਪੈਨਸ਼ਨ ਵਿੱਚ 9,000 ਰੁਪਏ ਪ੍ਰਤੀ ਮਹੀਨਾ ਵਾਧੇ ਦਾ ਐਲਾਨ ਕੀਤਾ ਹੈ। ਬਿਹਾਰ ਸਰਕਾਰ ਨਾਲ ਰਜਿਸਟਰਡ ਸਾਰੇ ਯੋਗ ਸੇਵਾਮੁਕਤ ਪੱਤਰਕਾਰਾਂ ਨੂੰ ਪਹਿਲਾਂ ਮਿਲਦੇ 6,000 ਰੁਪਏ ਦੀ ਥਾਂ ਹੁਣ 15,000 ਰੁਪਏ ਪੈਨਸ਼ਨ ਮਿਲੇਗੀ। ਨਿਤੀਸ਼ ਨੇ ਕਿਹਾ ਕਿ ਪੈਨਸ਼ਨ ਪ੍ਰਾਪਤ ਕਰਨ ਵਾਲੇ ਪੱਤਰਕਾਰ ਦੀ ਮੌਤ ਦੀ ਸਥਿਤੀ ਵਿੱਚ ਉਨ੍ਹਾਂ ਦੇ ਆਸ਼ਰਤ/ ਪਤੀ/ ਪਤਨੀ ਨੂੰ ਪਹਿਲਾਂ ਦੀ 3,000 ਰੁਪਏ ਦੀ ਬਜਾਏ 10,000 ਰੁਪਏ ਦੀ ਜੀਵਨ-ਭਰ ਮਾਸਕ ਪੈਨਸ਼ਨ ਮਿਲੇਗੀ।
ਤਿੰਨ ਨਕਸਲੀ ਮਾਰੇ
ਗੁਮਲਾ : ਝਾਰਖੰਡ ਦੇ ਗੁਮਲਾ ਜ਼ਿਲ੍ਹੇ ਵਿੱਚ ਸਨਿੱਚਰਵਾਰ ਸਵੇਰੇ ਸੁਰੱਖਿਆ ਬਲਾਂ ਨੇ ਮੁਕਾਬਲੇ ਵਿੱਚ ਤਿੰਨ ਨਕਸਲੀ ਮਾਰ ਦਿੱਤੇ। ਅਧਿਕਾਰੀਆਂ ਨੇ ਕਿਹਾ ਕਿ ਜਾਣਕਾਰੀ ਮਿਲੀ ਸੀ ਕਿ ਝਾਰਖੰਡ ਜਨ ਮੁਕਤੀ ਪ੍ਰੀਸ਼ਦ ਦੇ ਮੈਂਬਰ ਘਾਗਰਾ ਦੇ ਜੰਗਲਾਂ ਵਿੱਚ ਸੁਰੱਖਿਆ ਬਲਾਂ ’ਤੇ ਹਮਲੇ ਦੀ ਯੋਜਨਾ ਘੜ ਰਹੇ ਹਨ। ਦੁਵੱਲੀ ਗੋਲੀਬਾਰੀ ਦੌਰਾਨ ਤਿੰਨ ਨਕਸਲੀ ਮਾਰੇ ਗਏ। ਮੌਕੇ ਤੋਂ ਇੱਕ ਏ ਕੇ 47 ਤੇ ਦੋ ਇਨਸਾਸ ਰਾਈਫਲਾਂ ਬਰਾਮਦ ਹੋਈਆਂ ਹਨ।