ਤਰਨ ਤਾਰਨ : ਸੀ ਪੀ ਆਈ, ਆਰ ਐੱਮ ਪੀ ਆਈ, ਸੀ ਪੀ ਆਈ ਐੱਮ ਐੱਲ (ਲਿਬਰੇਸ਼ਨ), ਸੀ ਪੀ ਆਈ ਐੱਮ ਐੱਲ (ਨਿਊਡੈਮੋਕਰੇਸੀ), ਇਨਕਲਾਬੀ ਕੇਂਦਰ ਪੰਜਾਬ ਅਤੇ ਐੱਮ ਸੀ ਪੀ ਆਈ (ਯੂ) ਵੱਲੋਂ ਪੰਜਾਬ, ਕੌਮੀ ਅਤੇ ਕੌਮਾਂਤਰੀ ਸਮੱਸਿਆਵਾਂ ਦੇ ਹੱਲ ਲਈ ਬਣਾਏ ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵੱਲੋਂ ਗੁਰੂਆਂ ਦੀ ਧਰਤੀ ’ਤੇ ਸ਼ਹੀਦ ਭਗਤ ਸਿੰਘ ਦੇ ਸਾਥੀ ਅਰਜਨ ਸਿੰਘ ਗੜਗੱਜ ਦੇ ਨਗਰ ਤਰਨ ਤਾਰਨ ਵਿਖੇ ਦਵਿੰਦਰ ਸੋਹਲ, ਚਰਨ ਸਿੰਘ ਤਰਨ ਤਾਰਨ, ਮੁਖਤਾਰ ਸਿੰਘ ਮੱਲਾ, ਚਮਨ ਲਾਲ ਦਰਾਜਕਾ, ਹਰਦੀਪ ਸਿੰਘ ਮਾੜੀਮੇਘਾ, ਬਲਬੀਰ ਸਿੰਘ ਮੂਧਲ, ਨਛੱਤਰ ਸਿੰਘ ਤੇ ਮੇਹਰ ਸਿੰਘ ਦੀ ਪ੍ਰਧਾਨਗੀ ਹੇਠ ਕਨਵੈਨਸ਼ਨ ਕੀਤੀ ਗਈ।ਪਿਰਥੀਪਾਲ ਸਿੰਘ ਮਾੜੀਮੇਘਾ, ਪ੍ਰਗਟ ਸਿੰਘ ਜਾਮਾਰਾਏ, ਅਜਮੇਰ ਸਿੰਘ, ਗੁਰਮੀਤ ਸਿੰਘ ਬਖਤਪੁਰਾ ਨੇ ਵਿਚਾਰ ਰੱਖੇ।ਆਗੂਆਂ ਨੇ ਕਿਹਾ ਕਿ ਇਸ ਵਕਤ ਬੀ ਜੇ ਪੀ ਦੀ ਅਗਵਾਈ ਵਾਲੀ ਹਕੂਮਤ ਘੱਟ ਗਿਣਤੀਆਂ ’ਤੇ ਜਬਰ ਢਾਹ ਰਹੀ ਹੈ।ਪਿਛਲੇ ਦਿਨੀਂ ਵਕਫ ਬੋਰਡ ਦੀ ਜ਼ਮੀਨ-ਜਾਇਦਾਦ ਨੂੰ ਸਰਕਾਰ ਅਧੀਨ ਲਿਆਉਣ ਦਾ ਕਾਨੂੰਨ ਬਣਾ ਦਿੱਤਾ ਗਿਆ ਹੈ, ਜਦੋਂ ਕਿ ਵਕਫ ਬੋਰਡ ਬਣਿਆ ਹੀ ਮੁਸਲਿਮ ਲੋਕਾਂ ਦੇ ਧਾਰਮਿਕ ਸਥਾਨਾਂ ਦੀ ਜਾਇਦਾਦ ਦੀ ਸਾਂਭ ਸੰਭਾਲ ਵਾਸਤੇ ਹੈ।ਇਹ ਜ਼ਮੀਨਾਂ ਸ਼ਰਧਾਲੂਆਂ ਨੇ ਧਾਰਮਿਕ ਸਥਾਨਾਂ ਨੂੰ ਦਾਨ ਕੀਤੀਆਂ ਹਨ।ਇਸੇ ਤਰ੍ਹਾਂ ਜੰਮੂ ਕਸ਼ਮੀਰ ਦੀ ਧਾਰਾ 370 ਤੋੜ ਕੇ ਉਥੇ ਲੋਕਾਂ ਦਾ ਘਾਣ ਕੀਤਾ ਜਾ ਰਿਹਾ ਹੈ।ਹੁਣੇ ਹੀ ਜੰਮੂ ਕਸ਼ਮੀਰ ਵਿੱਚ 25 ਕਿਤਾਬਾਂ ’ਤੇ ਕੇਂਦਰੀ ਹਕੂਮਤ ਨੇ ਪਾਬੰਦੀ ਲਾ ਦਿੱਤੀ ਹੈ।ਆਗੂਆਂ ਨੇ ਕਿਹਾ ਕਿ ਜਲ, ਜੰਗਲ, ਜ਼ਮੀਨ ਅਤੇ ਕੁਦਰਤੀ ਖਣਿਜ ਪਦਾਰਥ ਕਾਰਪੋਰੇਟ ਘਰਾਣਿਆਂ ਨੂੰ ਵੇਚੇ ਜਾ ਰਹੇ ਹਨ।ਸਰਕਾਰ ਦਾ ਬਹਾਨਾ ਇਹ ਹੈ ਕਿ ਮਾਓਵਾਦੀਆਂ ਨੂੰ ਦੇਸ਼ ’ਚੋਂ ਖ਼ਤਮ ਕਰਨਾ ਹੈ।ਛੱਤੀਸਗੜ੍ਹ, ਮੱਧ ਪ੍ਰਦੇਸ਼, ਝਾਰਖੰਡ, ਤਿਲੰਗਾਨਾ ਆਦਿ ਵਿੱਚ ਆਦਿਵਾਸੀਆਂ ਦੇ 300 ਦੇ ਕਰੀਬ ਪਿੰਡ ਥੇਹ ਬਣਾ ਦਿੱਤੇ ਗਏ ਹਨ।ਆਦਿਵਾਸੀਆਂ ਦੇ ਪਰਵਾਰਾਂ ਨੂੰ ਆਰਜ਼ੀ ਕੈਂਪਾਂ ਵਿੱਚ ਰੱਖਿਆ ਹੋਇਆ ਹੈ।ਭਾਰਤ ਦੇ ਗ੍ਰਹਿ ਮੰਤਰੀ ਦਾ ਬਿਆਨ ਇਹ ਹੈ ਕਿ ਮਾਰਚ 2026 ਤੱਕ ਮਾਓਵਾਦ ਤੇ ਨਕਸਲਵਾਦ ਦਾ ਖ਼ਾਤਮਾ ਕਰਨਾ ਹੈ।ਇਸ ਦਾ ਭਾਵ ਤੇ ਨੰਗੇ ਚਿੱਟੇ ਸ਼ਬਦਾਂ ਵਿੱਚ ਜੱਗ ਜ਼ਾਹਰ ਕਿ ਕਮਿਊਨਿਸਟ ਖ਼ਤਮ ਕਰਨੇ ਹਨ।ਪ੍ਰਧਾਨ ਮੰਤਰੀ ਕੇਰਲਾ ਵਿੱਚ ਜਾ ਕੇ ਬਿਆਨ ਦਿੰਦਾ ਹੈ ਕਿ ਇਹ ਕਾਮਰੇਡ ਸਿਰਫ ਹਿੰਦੁਸਤਾਨ ਦੇ ਖੂੰਜੇ ਵਿੱਚ ਹੀ ਰਹਿ ਗਏ ਹਨ, ਪਰ ਹੈ ਇਹ ਬਹੁਤ ਖਤਰਨਾਕ।ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਵੀ ਕਿਸਾਨਾਂ ਕੋਲੋਂ ਜ਼ਮੀਨ ਖੋਹਣ ਵਾਲੀ ਹੈ।ਲੈਂਡ ਪੂਲਿੰਗ ਵਾਲੇ ਹੁਕਮ ਅਧੀਨ ਕਿਸਾਨਾਂ ਨੂੰ ਉਜਾੜਨਾ ਹੈ।ਸ਼ਹਿਰਾਂ ਦੇ ਦੁਆਲਿਓਂ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਕੇ ਉਥੇ ਕਾਰਪੋਰੇਟ ਘਰਾਣਿਆਂ ਤੋਂ ਕਾਲੋਨੀਆਂ ਉਸਾਰਨੀਆਂ ਹਨ।ਉਨ੍ਹਾਂ ਕਾਲੋਨੀਆਂ ਵਿੱਚ ਘੱਟ ਪੈਸਿਆਂ ਵਾਲਾ ਮਨੁੱਖ ਘਰ ਹੀ ਨਹੀਂ ਲੈ ਸਕੇਗਾ ਜਿਸ ਤਰ੍ਹਾਂ ਪੰਜਾਬ ਵਿੱਚ ਐਕਸਪ੍ਰੈਸ ਵੇਅ ਭਾਵ ਸੜਕਾਂ ਬਣ ਰਹੀਆਂ ਹਨ।ਇਨ੍ਹਾਂ ਸੜਕਾਂ ’ਤੇ ਪੈਟਰੋਲ ਪੰਪ, ਗੈਸ ਪੰਪ, ਰੈਸਟੋਰੈਂਟ, ਹੋਟਲ ਆਦਿ ਜੋ ਵੀ ਸੜਕ ਦੇ ਦੋਹੀਂ ਪਾਸੀਂ ਬਣੇਗਾ, ਉਹ ਕਾਰਪੋਰੇਟਰਾਂ ਦਾ ਹੀ ਹੋਵੇਗਾ।ਟੋਲ ਟੈਕਸ ਆਮ ਵਿਅਕਤੀ ਦੇ ਹੀ ਨਹੀਂ ਸਕੇਗਾ।ਆਗੂਆਂ ਨੇ ਕਿਹਾ ਕਿ ਜਦੋਂ ਹਿੰਦੁਸਤਾਨ ਦੁਨੀਆ ਦੀ ਗਰੀਬ ਵਸੋਂ ਵਾਲੇ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ, ਅਸੀਂ ਅੰਕੜਿਆਂ ਦੇ ਹਿਸਾਬ ਨਾਲ ਗਰੀਬੀ ਦੇ ਪੱਖ ਤੋਂ ਪਾਕਿਸਤਾਨ ਤੋਂ ਵੀ ਪਿੱਛੇ ਹਾਂ। ਸਾਡੇ ਦੇਸ਼ ਦੀ 140 ਕਰੋੜ ਵਸੋਂ ’ਚੋਂ 90-95 ਫੀਸਦੀ ਵਸੋਂ ਗਰੀਬੀ ਦੀ ਮਾਰ ਝੱਲ ਰਹੀ ਹੈ।ਸਾਡੀ ਜਵਾਨੀ ਅਮਰੀਕਾ ਤੋਂ ਹੱਥਕੜੀਆਂ ਤੇ ਬੇੜੀਆਂ ਨਾਲ ਨੂੜ ਕੇ ਕੱਢੀ ਗਈ ਹੈ।ਇਸ ਪ੍ਰਸਥਿਤੀ ਵਿੱਚ ਲੋਕਾਂ ਦੀ ਜ਼ਿੰਦਗੀ ਖੁਸ਼ਹਾਲ ਬਣਾਉਣ ਵਾਲੀ ਨੀਤੀ ਕਿਉ ਨਹੀਂ ਬਨਾਈ ਜਾ ਰਹੀ।ਸਾਡੇ ਦੇਸ਼ ਵਿੱਚ ਰੁਜ਼ਗਾਰ ਦੇ ਸਾਧਨਾਂ ਦੀ ਕੋਈ ਕਮੀ ਨਹੀਂ।ਜ਼ਮੀਨ ਸਾਡੀ ਬਹੁਤ ਉਪਜਾਊ ਹੈ।ਆਗੂਆਂ ਨੇ ਕਿਹਾ ਕਿ ਟਰੰਪ ਨੇ ਭਾਰਤ ’ਤੇ ਵਪਾਰ ਟੈਰਿਫ ਅੰਤਾਂ ਦਾ ਵਧਾ ਦਿੱਤਾ ਹੈ ਪਰ ਬੀ ਜੇ ਪੀ ਸਰਕਾਰ ਚੁੱਪ ਹੈ।ਇਸ ਪ੍ਰਸਥਿਤੀ ਵਿੱਚ ਪੰਜਾਬ ਦੇ ਸਮੂਹ ਵਾਸੀਆਂ ਨੂੰ ਸਾਡਾ ਦੇਸ਼, ਪੰਜਾਬ ਅਤੇ ਸੱਭਿਆਚਾਰ ਬਚਾਉਣ ਵਾਸਤੇ ਜਥੇਬੰਦ ਹੋ ਕੇ ਸੰਘਰਸ਼ ਵਿੱਢਣਾ ਚਾਹੀਦਾ ਹੈ।ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਲਕਾਰ ਸਿੰਘ ਵਲਟੋਹਾ ਨੇ ਬਾਖੂਬੀ ਨਿਭਾਈ।
ਮਾਨਸਾ (ਆਤਮਾ ਸਿੰਘ ਪਮਾਰ) : ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਜ਼ਿਲ੍ਹਾ ਮਾਨਸਾ ਵੱਲੋਂ ਸਥਾਨਕ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਇੱਕ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ। ਕਨਵੈਨਸ਼ਨ ਦੀ ਪ੍ਰਧਾਨਗੀ ਕਾਮਰੇਡ ਬਲਵਿੰਦਰ ਕੌਰ ਖਾਰਾ, ਮਾਸਟਰ ਛੱਜੂ ਰਾਮ ਰਿਸ਼ੀ, ਕਾ. ਰਤਨ ਭੋਲਾ ਤੇ ਜਗਮੇਲ ਸਿੰਘ ਵੱਲੋਂ ਕੀਤੀ ਗਈ।
ਕਨਵੈਨਸ਼ਨ ਨੂੰ ਸੀ ਪੀ ਆਈ ਦੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ, ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਕਾ. ਸੁਖਦਰਸ਼ਨ ਸਿੰਘ ਨੱਤ, ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਕਾਮਰੇਡ ਮੁਖਤਿਆਰ ਸਿੰਘ ਪੂਹਲਾ ਅਤੇ ਆਰ ਐਮ ਪੀ ਆਈ ਦੇ ਕੇਂਦਰੀ ਕਮੇਟੀ ਮੈਂਬਰ ਕਾ. ਮਹੀਪਾਲ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨਿਆਂ ਪਾਲਿਕਾ, ਚੋਣ ਕਮਿਸ਼ਨ, ਜਾਂਚ ਏਜੰਸੀਆਂ, ਸਮਾਜਿਕ, ਧਾਰਮਿਕ ਤੇ ਇਤਿਹਾਸ ਵਰਗੇ ਖੇਤਰਾਂ ਦੀ ਅਪਣੇ ਫਿਰਕੂ ਮਨੋਰਥਾਂ ਲਈ ਦੁਰਵਰਤੋਂ ਕਿਵੇਂ ਅਤੇ ਕਿਉ ਕਰ ਰਹੀ ਹੈ ਅਤੇ ਪਹਿਲਗਾਮ ਕਤਲੇਆਮ ’ਤੇ ਪਾਕਿਸਤਾਨ ਨਾਲ ਹੋਈ ਸੀਮਤ ਝੜਪ ਬਾਰੇ ਮੋਦੀ ਸਰਕਾਰ ਜਨਤਾ ਤੋਂ ਸਚਾਈ ਨੂੰ ਛੁਪਾਉਣ ਲਈ ਕਿਵੇਂ ਹਰ ਹਰਬਾ ਵਰਤ ਰਹੀ ਹੈ। ਬੀ ਜੇ ਪੀ ਦੀ ਤਰਜ਼ ’ਤੇ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋ ਰਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਨੂੰ ਪੁਲਸ ਸਟੇਟ ’ਚ ਤਬਦੀਲ ਕਰਨ, ਝੂਠੇ ਪੁਲਸ ਮੁਕਾਬਲਿਆਂ ਨੂੰ ਹੱਲਾਸ਼ੇਰੀ ਦੇਣ, ਹੱਕੀ ਜਨਤਕ ਸੰਘਰਸ਼ਾਂ ’ਤੇ ਜਬਰ ਤੇ ਇਨ੍ਹਾਂ ਦੇ ਆਗੂਆਂ ’ਤੇ ਝੂਠੇ ਕੇਸ ਮੜ੍ਹਨ ਨੂੰ ਵੀ ਬੁਲਾਰਿਆਂ ਨੇ ਗੈਰ ਜਮਹੂਰੀ ਤੇ ਘਾਤਕ ਰੁਝਾਨ ਕਰਾਰ ਦਿੱਤਾ।ਕਨਵੈਨਸ਼ਨ ਦੌਰਾਨ ਸਾਥੀ ਗੁਰਨਾਮ ਸਿੰਘ ਭੀਖੀ ਵੱਲੋਂ ਪੇਸ਼ ਪੰਜ ਮਤਿਆਂ ਨੂੰ ਵੀ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਕਾ. ਜਸਬੀਰ ਕੌਰ ਨੱਤ ਤੇ �ਿਸ਼ਨ ਚੌਹਾਨ ਵੱਲੋਂ ਨਿਭਾਈ ਗਈ ।ਇਸ ਸਮੇਂ ਲੋਕ ਗਾਇਕ ਅਜਮੇਰ ਅਕਲੀਆ ਨੇ ਆਪਣੇ ਇਨਕਲਾਬੀ ਗੀਤਾਂ ਰਾਹੀਂ ਮਾਹੌਲ ਨੂੰ ਗਰਮਾਈ ਰੱਖਿਆ। ਕਨਵੈਨਸ਼ਨ ’ਚ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਨਛੱਤਰ ਸਿੰਘ ਖੀਵਾ, ਲਾਲ ਚੰਦ ਸਰਦੂਲਗੜ੍ਹ, ਅਮਰੀਕ ਸਿੰਘ ਫਫੜੇ, ਦਲਜੀਤ ਸਿੰਘ ਮਾਨਸ਼ਾਹੀਆ, ਧਰਮਪਾਲ ਨੀਟਾ, ਬਲਵਿੰਦਰ ਘਰਾਂਗਣਾ, ਬਿੰਦਰ ਕੌਰ ਉੱਡਤ, ਆਤਮਾ ਰਾਮ ਸਰਦੂਲਗੜ੍ਹ, ਤਾਰਾ ਚੰਦ ਬਰੇਟਾ ਅਤੇ ਜਨਤਕ ਜਥੇਬੰਦੀਆਂ ਦੇ ਹੋਰ ਆਗੂ ਵੀ ਹਾਜ਼ਰ ਸਨ।ਸਖ਼ਤ ਗਰਮੀ ਦੇ ਬਾਵਜੂਦ ਖੱਬੇਪੱਖੀ ਕਾਰਕੁਨਾਂ ਵਲੋਂ ਫਾਸ਼ੀਵਾਦੀ ਮੋਦੀ ਸਰਕਾਰ ਅਤੇ ਲੁਟੇਰੀ ਜ਼ਮੀਨ ਹੜੱਪਣ ਵਾਲੀ ਮਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸ਼ਹਿਰ ’ਚ ਮੁਜ਼ਾਹਰਾ ਵੀ ਕੀਤਾ ਗਿਆ।
ਕਪੂਰਥਲਾ (ਬਲਵੀਰ ਸ਼ਾਲ੍ਹਾਪੁਰੀ) : ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਮਾਸਟਰ ਹਰੀ ਸਿੰਘ ਧੂਤ ਭਵਨ ਕਪੂਰਥਲਾ ਵਿਖੇ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਦੀ ਪ੍ਰਧਾਨਗੀ ਸਾਥੀ ਤਰਸੇਮ ਸਿੰਘ, ਕਾਮਰੇਡ ਜੈਪਾਲ ਸਿੰਘ, ਮਹਿੰਦਰ ਸਿੰਘ ਅਲੌਦੀਪੁਰ ਅਤੇ ਸਰਵਨ ਸਿੰਘ ਨੇ ਕੀਤੀ। ਕਨਵੈਨਸ਼ਨ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਨੈਸ਼ਨਲ ਕੌਂਸਲ ਮੈਂਬਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਆਗੂ ਕਾਮਰੇਡ ਬਲਵਿੰਦਰ ਸਿੰਘ ਭੁੱਲਰ, ਭਾਰਤੀ ਕਮਿਊਨਿਸਟ ਪਾਰਟੀ( ਮ-ਲ) ਲਿਬਰੇਸ਼ਨ ਦੇ ਆਗੂ ਨਿਰਮਲ ਸਿੰਘ ਛੱਜਲਵੱਡੀ, ਇਨਕਲਾਬੀ ਮਾਰਕਸਵਾਦੀ ਪਾਰਟੀ (ਭਾਰਤ) ਦੇ ਆਗੂ ਹਰਬੰਸ ਮੱਟੂ, ਸੀ ਪੀ ਆਈ ਦੇ ਆਗੂ ਕਾਮਰੇਡ ਮੁਕੰਦ ਸਿੰਘ, ਨਿਊ ਡੈਮੋਕ੍ਰੇਸੀ ਦੇ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਮਾਸਟਰ ਚਰਨ ਸਿੰਘ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਹੰਸਾ ਸਿੰਘ ਮੂੰਡੀ, ਪੂਰਨ ਸਿੰਘ ਅਲੌਦੀਪੁਰ, ਬਲਵਿੰਦਰ ਸਿੰਘ ਵਿਲਾ ਕੋਠੀ, ਕੇ ਐਲ ਕੌਸ਼ਲ ਆਦਿ ਆਗੂ ਹਾਜ਼ਰ ਸਨ।





