‘ਸੀ ਪੀ ਆਈ ਦਾ ਮਹਾਂ ਸੰਮੇਲਨ ਚੇਤਨਾ ਦਾ ਛੱਟਾ ਦੇਣ ਦਾ ਸਬੱਬ ਬਣੇਗਾ’

0
150

ਜਲੰਧਰ (ਗਿਆਨ ਸੈਦਪੁਰੀ)
‘ਭਾਰਤੀ ਕਮਿਊਨਿਸਟ ਪਾਰਟੀ ਦੇ ਮਹਾਂ ਸੰਮੇਲਨ ਪਹਿਲਾਂ ਵੀ ਪੰਜਾਬ ਵਿੱਚ ਹੰੁਦੇ ਰਹੇ ਹਨ, ਪਰ 25ਵਾਂ ਮਹਾਂ ਸੰਮੇਲਨ ਪਾਰਟੀ ਦੇ ਜਨਮ ਸ਼ਤਾਬਦੀ ਵਾਲੇ ਵਰ੍ਹੇ ਵਿੱਚ ਹੋਣ ਜਾ ਰਿਹਾ ਹੈ, ਇਸ ਲਈ ਇਹ ਵਧੇਰੇ ਮਹੱਤਵਪੂਰਨ ਹੈ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਇੱਥੇ ਪਾਰਟੀ ਦਫਤਰ ਵਿਖੇ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕੀਤਾ। ਉਨ੍ਹਾ ਕਿਹਾ ਕਿ 21 ਸਤੰਬਰ ਤੋਂ 25 ਸਤੰਬਰ ਤੱਕ ਪਾਰਟੀ ਦਾ ਮਹਾਂ ਸੰਮੇਲਨ ਉਸ ਸਮੇਂ ਹੋ ਰਿਹਾ ਹੈ, ਜਦੋਂ ਲੋਕ ਮਾਰੂ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਲਾਗੂ ਕਰਨ ਦਾ ਅਮਲ ਚਰਮ ਸੀਮਾ ’ਤੇ ਹੈ। ਫਾਸ਼ੀਵਾਦੀ ਤਾਕਤਾਂ ਸਾਡੀ ਪਾਰਲੀਮਾਨੀ ਪ੍ਰਣਾਲੀ ਨੂੰ ਜ਼ਹਿਰੀ ਡੰਗ ਮਾਰਨ ਲਈ ਫੰਨ੍ਹ ਖਿਲਾਰੀ ਖੜੀਆਂ ਹਨ। ਵਿਰੋਧੀ ਪਾਰਟੀਆਂ ਦੀ ਆਵਾਜ਼ ਨੂੰ ਬੰਦ ਕਰਵਾਉਣ ਲਈ ਸਰਕਾਰੀ ਏਜੰਸੀਆਂ ਨੂੰ ਮਾਰੂ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ’ਚ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ਾਂ ਨੂੰ ਸਰਕਾਰੀ ਤਾਕਤ ਦੀ ਨਾਜਾਇਜ਼ ਵਰਤੋਂ ਨਾਲ ਕੁਚਲਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਜਦੋਂ ਹਾਕਮਾਂ ਵੱਲੋਂ ਚੌਤਰਫੇ ਮਾਰੂ ਹੱਲਿਆਂ ਨਾਲ ਅੰਧਕਾਰ ਫੈਲਾਇਆ ਜਾ ਰਿਹਾ ਹੋਵੇ ਤਾਂ ਚੇਤਨਤਾ ਦਾ ਛੱਟਾ ਦੇਣਾ ਲਾਜ਼ਮੀ ਬਣ ਜਾਂਦਾ ਹੈ। ਸੀ ਪੀ ਆਈ ਦੀ 25ਵੀਂ ਕਾਂਗਰਸ ਸੰਘਰਸ਼ਾਂ ਨੂੰ ਜੁੰਬਸ਼ ਦੇਵੇਗੀ ਅਤੇ ਚੇਤਨਾ ਦਾ ਛੱਟਾ ਵੀ ਚਾਰ-ਚੁਫੇਰੇ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਮਹਾਂ ਸੰਮੇਲਨ ਦੀ ਤਿਆਰੀ ਦੇ ਸਬੱਬ ਜਦੋਂ ਹੇਠਲੇ ਪੱਧਰ ’ਤੇ ਜ਼ਮੀਨ ਨਾਲ ਜੁੜੇ ਨਵੇਂ, ਪੁਰਾਣੇ ਕਮਿਊਨਿਸਟ ਕਾਰਕੁੰਨਾਂ ਤੇ ਆਮ ਲੋਕਾਂ ਨਾਲ ਮੇਲ-ਜੋਲ ਹੋਇਆ ਤਾਂ ਪਾਰਟੀ ਲੀਡਰਸ਼ਿੱਪ ਨੂੰ ਇੱਕ ਸੁਖਦ ਅਹਿਸਾਸ ਹੋਇਆ। ਕਾਮਰੇਡ ਬਰਾੜ ਨੇ ਕਿਹਾ ਕਿ ਲੋਕਾਂ ਨਾਲ ਰਾਬਤਾ ਪੈਦਾ ਕਰਨ ਦੇ ਵਰਤਾਰੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਾਰਟੀ ਦੀਆਂ ਸਫਾਂ ਅੰਦਰ ਜਿੱਥੇ ਸਮਰਪਣ ਭਾਵਨਾ ਪੂਰੀ ਤਰ੍ਹਾਂ ਕਾਇਮ ਹੈ, ਉੱਥੇ ਨਵੀਆਂ ਕਰੰੂਬਲਾਂ ਫੁੱਟ ਪੈਣ ਦੀ ਆਸ ਨੂੰ ਵੀ ਬੂਰ ਪੈਂਦਾ ਨਜ਼ਰ ਆਇਆ ਹੈ। ਕਮਿਊਨਿਸਟ ਆਗੂ ਨੇ ਮਹਾਂ ਸੰਮੇਲਨ ਦੀ ਰੂਪ-ਰੇਖਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਦੇਸ਼ ਵਿੱਚੋਂ 800 ਤੋਂ ਵੱਧ ਡੈਲੀਗੇਟ ਭਾਗ ਲੈਣਗੇ। ਇਸ ਇਤਿਹਾਸਕ ਮੌਕੇ ਭਰਪੂਰ ਚਿੰਤਨ ਮੰਥਨ ਹੋਵੇਗਾ।
ਸਾਥੀ ਵੀਰ ਕੁਮਾਰ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ 4 ਸਤੰਬਰ ਨੂੰ ਪੰਜਾਬ ਖੇਤ ਮਜ਼ਦੂਰ ਸਭਾ ਦੀ ਕਨਵੈਨਸ਼ਨ ਸ਼ਾਹਕੋਟ ਵਿੱਚ ਕੀਤੀ ਜਾਵੇਗੀ।
ਇਸ ਕਨਵੈਨਸ਼ਨ ਨੂੰ ਬੀ.ਕੇ.ਐੱਮ.ਯੂ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ, ਸੀ.ਪੀ.ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਆਦਿ ਸੰਬੋਧਨ ਕਰਨਗੇ।
ਇਹ ਕਨਵੈਨਸ਼ਨ ਸੀ.ਪੀ.ਆਈ ਦੇ 25ਵੇਂ ਮਹਾਂ ਸੰਮੇਲਨ ਨੂੰ ਸਮਰਪਿਤ ਹੋਵੇਗੀ। ਮੀਟਿੰਗ ਦੌਰਾਨ ਜ਼ਿਲ੍ਹੇ ਦੇ ਫੰਡ ਦੀ ਬਕਾਇਆ ਰਾਸ਼ੀ ਸੂਬਾ ਸਕੱਤਰ ਨੂੰ ਸੌਂਪੀ ਗਈ। ਜ਼ਿਲ੍ਹਾ ਸਕੱਤਰ ਕਾਮਰੇਡ ਰਛਪਾਲ ਕੈਲੇ, ਸਹਾਇਕ ਸਕੱਤਰ ਕਾਮਰੇਡ ਹਰਜਿੰਦਰ ਸਿੰਘ ਮੌਜੀ, ਕਾਮਰੇਡ ਸੰਤੋਸ਼ ਬਰਾੜ, ਗਿਆਨ ਸੈਦਪੁਰੀ, ਪਰਮਜੀਤ ਸਿੰਘ ਸਮਰਾਏ, ਸਿਕੰਦਰ ਸੰਧੂ ਅਤੇ ਵੀਰ ਕੁਮਾਰ ਅਤੇ ਸਤਪਾਲ ਭਗਤ ਨੇ ਵਿਸ਼ਵਾਸ ਦਿਵਾਇਆ ਕਿ 21 ਸਤੰਬਰ ਦੀ ਮੋਹਾਲੀ ਰੈਲੀ ਵਿੱਚ ਉਤਸ਼ਾਹ ਅਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।