ਚੰਡੀਗੜ੍ਹ : ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮਿ੍ਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਤਰਨ ਤਾਰਨ ਅਸੈਂਬਲੀ ਹਲਕੇ ਦੀ ਉਪ ਚੋਣ ਲਈ ਪਰਮਜੀਤ ਕੌਰ ਖਾਲੜਾ ਨੂੰ ‘ਵਾਰਿਸ ਪੰਜਾਬ ਦੇ’ ਪਾਰਟੀ ਦਾ ਵੀਰਵਾਰ ਉਮੀਦਵਾਰ ਐਲਾਨੇ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਕਿਹਾ ਕਿ ਬੀਬੀ ਖਾਲੜਾ ਚੋਣ ਨਹੀਂ ਲੜਨਗੇ। ਜਥੇਬੰਦੀ ਦੇ ਬੁਲਾਰੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਬੀਬੀ ਖਾਲੜਾ ਚੋਣ ਮੁਕਾਬਲੇ ਵਿੱਚ ਨਹੀਂ ਕੁੱਦਣਗੇ। ਬੀਬੀ ਖਾਲੜਾ ਨੇ ਲੋਕ ਸਭਾ ਚੋਣਾਂ ਦੌਰਾਨ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਵਜੋਂ ਚੋਣ ਲੜ ਕੇ ਦੋ ਲੱਖ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ। ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਕਾਰਨ ਤਰਨ ਤਾਰਨ ਦੀ ਸੀਟ ਖਾਲੀ ਹੋਈ ਹੈ। ਇਸੇ ਦੌਰਾਨ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਬੇਅੰਤ ਸਿੰਘ ਦੀ ਧੀ ਅਤੇ ਫਰੀਦਕੋਟ ਤੋਂ ਐੱਮ ਪੀ ਸਰਬਜੀਤ ਸਿੰਘ ਖਾਲਸਾ ਦੀ ਭੈਣ ਅੰਮਿ੍ਰਤ ਕੌਰ ਮਲੋਆ ਨੇ ਤਰਨ ਤਾਰਨ ਹਲਕੇ ਦੀ ਉਪ ਚੋਣ ਆਜ਼ਾਦ ਉਮੀਦਵਾਰ ਵਜੋਂ ਲੜਨ ਦਾ ਐਲਾਨ ਕਰ ਦਿੱਤਾ ਹੈ।





