ਸੁਨਾਮ (ਅਸ਼ੋਕ ਬਾਂਸਲ,
ਹਾਕਮ ਭੱਟੀ)
ਵੀਰਵਾਰ ਸਵੇਰੇ 9 ਵਜੇ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਵਿਖੇ ਸੀ ਪੀ ਆਈ ਦੇ ਪ੍ਰਮੁੱਖ ਆਗੂਆਂ ਨੇ ਵਿਜ਼ਟਰ ਬੁੱਕ ਵਿੱਚ ਦਸਤਖਤ ਉਪਰੰਤ ਸ਼ਹੀਦ ਊਧਮ ਸਿੰਘ ਦੀ ਲਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਸਮੇਂ ਮੁੱਖ ਤੌਰ ’ਤੇ ਹਰਦੇਵ ਸਿੰਘ ਅਰਸ਼ੀ ਸਾਬਕਾ ਵਿਧਾਇਕ, ਸੁਖਦੇਵ ਸ਼ਰਮਾ, ਸੰਪੂਰਨ ਸਿੰਘ ਛਾਜਲੀ, ਨਿਰਮਲ ਸਿੰਘ ਬਟੜਿਆਣਾ ਅਤੇ ਜੀਤ ਸਿੰਘ ਬੰਗਾ ਹਾਜ਼ਰ ਸਨ। ਇਸ ਤੋਂ ਬਾਅਦ ਸਾਥੀ ਸੁਨਾਮ-ਚੀਮਾ ਰੋਡ ’ਤੇ ਬਣੇ ਸ਼ਹੀਦ ਦੀ ਸਮਾਰਕ ਤੋਂ ਤੁਰੇ ਜਾਣ ਵਾਲੇ ਜਥੇ ਵਿੱਚ ਸ਼ਾਮਲ ਹੋ ਗਏ।ਉੱਥੇ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਦੇਵ ਅਰਸ਼ੀ ਨੇ ਦੱਸਿਆ ਕਿ ਭਾਰਤੀ ਕਮਿਊਨਿਸਟ ਪਾਰਟੀ ਦਾ 25ਵਾਂ ਮਹਾਂ-ਸੰਮੇਲਨ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋ ਰਿਹਾ ਹੈ, ਜਿਸ ਸੰਬੰਧੀ 21 ਸਤੰਬਰ ਨੂੰ ਮੁਹਾਲੀ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਵੱਡੀ ਸ਼ਮੂਲੀਅਤ ਦੀ ਜ਼ਰੂਰਤ ਹੈ। ਉਹਨਾ ਦੱਸਿਆ ਕਿ ਇਹ ਜਥਾ ਸੁਨਾਮ ਤੋਂ ਚੱਲ ਕੇ ਛਾਜਲੀ, ਉਗਰਾਹਾਂ ਤੇ ਜਖੇਪਲ ਰੈਲੀਆਂ ਕਰੇਗਾ। ਇਸ ਤੋਂ ਬਾਅਦ ਇਹ ਜਥਾ ਮਾਨਸਾ ਜ਼ਿਲ੍ਹੇ ਨੂੰ ਸੰਭਾਲ ਦਿੱਤਾ ਜਾਏਗਾ। ਸੁਖਦੇਵ ਸ਼ਰਮਾ ਤੇ ਬਲਦੀਪ ਸਿੰਘ ਨਿਹਾਲਗੜ੍ਹ ਨੇ ਕਿਹਾ ਕਿ ਪਾਰਟੀ ਨੇ 100 ਸਾਲ ਪੂਰੇ ਕਰ ਲਏ ਹਨ। 100 ਸਾਲਾਂ ਵਿੱਚ ਸੀ ਪੀ ਆਈ ਨੇ ਅਨੇਕਾਂ ਘੋਲ ਲੜੇ ਹਨ ਅਤੇ ਸਫਲਤਾ ਹਾਸਲ ਕੀਤੀ ਹੈ। ਉਹਨਾਂ ਜ਼ੋਰ ਦਿੱਤਾ ਕਿ ਪਾਰਟੀ ਸਾਥੀਆਂ ਨੂੰ ਮਾਰਕਸਵਾਦ ਦੀ ਸਿੱਖਿਆ ਹਾਸਲ ਕਰਨ ’ਤੇ ਜ਼ੋਰ ਦੇਣਾ ਚਾਹੀਦਾ ਹੈ। ਹਰਦੇਵ ਸਿੰਘ ਬਖਸ਼ੀਵਾਲਾ, ਸਤਵੰਤ ਸਿੰਘ ਖੰਡੇਬਾਦ ਅਤੇ ਨਿਰਮਲ ਸਿੰਘ ਬਟੜਿਆਣਾ ਨੇ ਕਿਸਾਨੀ ਮਸਲਿਆਂ ਦੀ ਗੱਲ ਕਰਦਿਆਂ ਕਿਹਾ ਕਿ ਕਾਰਪੋਰੇਟ ਕਿਸਾਨੀ ਤੇ ਹੋਰ ਕਿਰਤੀ ਲੋਕਾਂ ਦੀ ਜ਼ਿੰਦਗੀ ਨੂੰ ਤਬਾਹ ਕਰ ਰਿਹਾ ਹੈ।ਕਿਰਤੀਆਂ ਤੋਂ ਉਹਨਾਂ ਦੇ ਕਾਰੋਬਾਰ ਅਤੇ ਕਿਸਾਨਾਂ ਤੋਂ ਜ਼ਮੀਨ ਖੋਹਣ ਲਈ ਪੱਬਾਂ-ਭਾਰ ਹੈ।
ਇਸ ਮੌਕੇ ਡਾਕਟਰ ਮਨਿੰਦਰ ਧਾਲੀਵਾਲ, ਲੀਲੇ ਖਾਨ ਧੂਰੀ, ਨਵਜੀਤ ਸਿੰਘ, ਨੌਜਵਾਨ ਆਗੂ ਗੁਰਮੀਤ ਸਿੰਘ ਘੋੜੇਨਬ, ਬਲਵਿੰਦਰ ਸਿੰਘ ਖੰਡੇਬਾਦ, ਲਵਪ੍ਰੀਤ ਸਿੰਘ ਭੂਟਾਲ, ਸੰਪੂਰਨ ਸਿੰਘ ਛਾਜਲੀ, ਦਰਸ਼ਨ ਸਿੰਘ ਸੰਜੂਮਾ, ਧਰਮ ਸਿੰਘ ਬਾਦਸ਼ਾਹੀ ਆਦਿ ਵੀ ਮੌਜੂਦ ਸਨ। ਇਸ ਜਥੇ ਵਿੱਚ 40 ਦੇ ਕਰੀਬ ਲਾਲ ਝੰਡਿਆਂ ਨਾਲ ਸ਼ਿੰਗਾਰੇ ਮੋਟਰਸਾਈਕਲ ਅਤੇ ਸੱਤ ਗੱਡੀਆਂ ਸ਼ਾਮਿਲ ਸਨ।ਜਥੇ ਵਿੱਚ ਸ਼ਾਮਲ ਸਾਥੀਆਂ ਨੂੰ ਚਾਹ-ਪਾਣੀ ਦਾ ਨਾਸ਼ਤਾ ਦਿੱਤਾ ਗਿਆ। ਇਸ ਉਪਰੰਤ ਜਥਾ ਸੁਨਾਮ ਦੇ ਬਾਜ਼ਾਰਾਂ ਵਿੱਚ ਦੀ ਮਾਰਚ ਕਰਦਾ ਹੋਇਆ ਛਾਜਲੀ ਪਹੁੰਚਿਆ, ਜਿੱਥੇ ਰੋਕ ਐਂਡ ਸਟਾਰਮ ਡਿਸਟਿਲਰੀ ਵਰਕਰ ਯੂਨੀਅਨ ਵੱਲੋਂ ਵਰਕਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ ਗਿਆ। ਜਗਰੂਪ ਸਿੰਘ, ਕਰਮਜੀਤ ਸਿੰਘ ਅਤੇ ਮਨਦੀਪ ਸਿੰਘ ਦੇ ਨਾਲ ਪਿੰਡ ਦੇ ਅਨੇਕਾਂ ਲੋਕ ਸਨ। ਸਾਥੀ ਅਰਸ਼ੀ ਨੇ ਇਸ ਪਿੰਡ ਦੇ ਇਨਕਲਾਬੀਆਂ ਦਾ ਜ਼ਿਕਰ ਕਰਦੇ ਹੋਏ ਆਪਣੀ ਗੱਲ ਕਹੀ। ਇਸ ਉਪਰੰਤ ਜਥਾ ਚੀਮਾ ਮੰਡੀ ਪਹੁੰਚਿਆ, ਜਿੱਥੇ ਵਿਸ਼ਾਲ ਰੈਲੀ ਕਰਨ ਉਪਰੰਤ ਜਥਾ ਮਾਨਸਾ ਦੇ ਸਾਥੀਆਂ ਨੂੰ ਸੰਭਾਲ ਦਿੱਤਾ ਗਿਆ। ਜਥੇ ਵਿੱਚ ਹੋਰਨਾਂ ਤੋਂ ਇਲਾਵਾ ਹਰਿੰਦਰ ਸਿੰਘ ਪੈਪਸੀ, ਬਿਕਰ ਸਿੰਘ ਪੈਪਸੀ, ਜਗਰੂਪ ਸਿੰਘ ਨੀਲੋਵਾਲ ਤੇ ਹੋਰ ਸਾਥੀ ਸਨ।ਇਹ ਜਥਾ ਮਾਨਸਾ ਜ਼ਿਲੇ੍ਹ ਤੋਂ ਬਠਿੰਡਾ, ਬਰਨਾਲਾ, ਸੰਗਰੂਰ, ਮਾਲੇਰਕੋਟਲਾ, ਪਟਿਆਲਾ ਅਤੇ ਮੁਹਾਲੀ ਦੇ ਇਲਾਕੇ ਵਿੱਚ ਲੋਕਾਂ ਨੂੰ ਚੇਤਨ ਕਰਦਾ ਹੋਇਆ 26 ਅਗਸਤ ਸ਼ਾਮ ਨੂੰ ਮੁਹਾਲੀ ਵਿਖੇ ਰੈਲੀ ਵਾਲੀ ਥਾਂ ਸਬਜ਼ੀ ਮੰਡੀ ਪੁੱਜ ਕੇ ਸਮਾਪਤ ਹੋਵੇਗਾ। ਇਹ ਜਾਣਕਾਰੀ ਸੁਖਦੇਵ ਸ਼ਰਮਾ ਜ਼ਿਲ੍ਹਾ ਸਕੱਤਰ ਸੀ ਪੀ ਆਈ ਜ਼ਿਲ੍ਹਾ ਸੰਗਰੂਰ ਨੇ ਦਿੱਤੀ।





