ਸਰਕਾਰ ਫਸਲਾਂ ਦਾ ਇੱਕ ਲੱਖ ਏਕੜ ਮੁਆਵਜ਼ਾ ਦੇਵੇ ਤੇ ਮਜ਼ਦੂਰਾਂ ਦੀ ਬਾਂਹ ਫੜੇ : ਮਾੜੀਮੇਘਾ

0
136

ਫਗਵਾੜਾ (ਡਾ. ਰਮਨ, ਜਸਵਿੰਦਰ ਢੱਡਾ)
ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ ਯਾਦਗਾਰ ਤੋਂ ਸੀ ਪੀ ਆਈ ਦਾ ਚੱਲਿਆ ਚੇਤਨਾ ਜਥਾ ਵੀਰਵਾਰ ਫਗਵਾੜੇ ਪਹੁੰਚਿਆ। ਜਥੇ ਦੀ ਅਗਵਾਈ ਸੀ ਪੀ ਆਈ ਦੇ ਕਪੂਰਥਲਾ ਜ਼ਿਲ੍ਹੇ ਦੇ ਸਕੱਤਰ ਜੈਪਾਲ ਫਗਵਾੜਾ, ਰਜਿੰਦਰ ਸਿੰਘ ਰਾਣਾ ਐਡਵੋਕੇਟ ਅਤੇ ਤਿਰਲੋਕ ਸਿੰਘ ਭਬਿਆਣਾ ਨੇ ਕੀਤੀ।ਫਗਵਾੜਾ ਵਿਖੇ ਪੱਤਰਕਾਰ ਸੰਮੇਲਨ ਵਿੱਚ ਬੋਲਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ‘ਆਪ’ ਦੀ ਸਰਕਾਰ ਅਧੀਨ ਪੰਜਾਬ ਦੇ ਖੇਤ ਮਜ਼ਦੂਰ ਅਤੇ ਕਾਰਖਾਨਿਆਂ ਦੇ ਮਜ਼ਦੂਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਝੋਨੇ ਦੀ ਲਵਾਈ ਤੋਂ ਬਾਅਦ ਕਾਫੀ ਸਮਾਂ ਖੇਤਾਂ ਵਿੱਚ ਮਜ਼ਦੂਰਾਂ ਦਾ ਕੰਮ ਰੁਕ ਜਾਂਦਾ ਹੈ ਅਤੇ ਮਜ਼ਦੂਰਾਂ ਦੇ ਪਰਵਾਰਾਂ ਨੂੰ ਤਿੰਨ ਟਾਈਮ ਦੀ ਰੋਟੀ ਖਾਣ ਦੇ ਲਾਲੇ ਪੈ ਜਾਂਦੇ ਹਨ। ਮਾੜੀਮੇਘਾ ਨੇ ਕਿਹਾ ਪੰਜਾਬ ਵਿੱਚ ਕਾਰਖਾਨਿਆਂ ਦਾ ਕਾਰੋਬਾਰ ਰੈਡੀਮੇਡ ਕੱਪੜਿਆਂ ਵਾਲੀਆਂ ਕੰਪਨੀਆਂ ਨੇ ਬੰਦ ਕੀਤਾ ਹੋਇਆ ਹੈ। ਦੂਜੇ ਕਾਰੋਬਾਰਾਂ ਵਾਲੇ ਕਾਰਖਾਨੇ ਪੰਜਾਬ ਵਿੱਚ ਨਾ-ਮਾਤਰ ਹੀ ਹੈ। ਜੇ ਕਿਤੇ ਹੈ ਤਾਂ ਉਨ੍ਹਾਂ ਕਾਰਖਾਨਿਆਂ ਦੇ ਮਾਲਕਾਂ ਨੇ ਸਸਤੀ ਲੇਬਰ ਬਿਹਾਰ ਤੇ ਯੂ ਪੀ ਵਾਲੀ ਲਾਈ ਹੋਈ ਹੈ, ਇਸ ਲਈ ਪੰਜਾਬ ਦਾ ਮਜ਼ਦੂਰ ਭੁੱਖਾ ਮਰ ਰਿਹਾ ਹੈ। ਪੰਜਾਬ ਸਰਕਾਰ ਮਜ਼ਦੂਰਾਂ ਵਾਲੇ ਪਾਸੇ ਧਿਆਨ ਨਹੀਂ ਦੇ ਰਹੀ। ਰਾਸ਼ਨ ਡਿਪੂਆਂ ’ਤੇ ਸਸਤਾ ਅਨਾਜ ਵੀ ਨਹੀਂ ਮਿਲ ਰਿਹਾ, ਉਪਰੋਂ ਬੀ ਜੇ ਪੀ ਹਕੂਮਤ ਗਰੀਬਾਂ ਨੂੰ ਮੁਫ਼ਤ ਮਿਲਦੀ ਕਣਕ ਬੰਦ ਕਰਨ ਜਾ ਰਹੀ ਹੈ। ਕੇਂਦਰ ਸਰਕਾਰ ਨਰੇਗਾ ਕਾਨੂੰਨ ਰਾਹੀਂ ਕੀਤੇ ਕੰਮਾਂ ਦੇ ਪੈਸੇ ਨਹੀਂ ਪਾ ਰਹੀ ਅਤੇ ਨਵਾਂ ਕੰਮ ਵੀ ਬਹੁਤ ਘੱਟ ਜਾਂ ਸਿਫਾਰਸ਼ ਰਾਹੀਂ ਦਿੱਤਾ ਜਾਂਦਾ ਹੈ। ਮਾੜੀਮੇਘਾ ਨੇ ਬਾਰਸ਼ਾਂ ਦੇ ਵਧ ਰਹੇ ਪਾਣੀ ’ਤੇ ਚਿੰਤਾ ਪ੍ਰਗਟ ਕੀਤੀ । ਪੰਜਾਬ ਦੇ ਦਰਿਆਵਾਂ ਨਾਲ ਲਗਦੀ ਝੋਨੇ ਦੀ ਤੇ ਬਾਕੀ ਫਸਲ ਪਾਣੀ ਦੀ ਮਾਰ ਨਾਲ ਬਰਬਾਦ ਹੋ ਚੁੱਕੀ ਹੈ। ਲੋਕ ਸੜਕਾਂ ’ਤੇ ਤੰਬੂ ਲਾ ਕੇ ਛੋਟੇ-ਛੋਟੇ ਬੱਚਿਆਂ ਦੀ ਅਤੇ ਡੰਗਰਾਂ ਦੀ ਸਾਂਭ-ਸੰਭਾਲ ਕਰ ਰਹੇ ਹਨ। ਇਨ੍ਹਾਂ ਲੋਕਾਂ ਨੂੰ ਤੁਰੰਤ ਰਾਹਤ ਦੇਣ ਲਈ ਆਟਾ, ਦਾਲ ਅਤੇ ਸੌਦਾ, ਡੰਗਰਾਂ ਵਾਸਤੇ ਚਾਰਾ ਅਤੇ ਰੋਜ਼ਮਰ੍ਹਾ ਦੇ ਲਈ ਪੈਸੇ ਮਿਲਣੇ ਚਾਹੀਦੇ ਹਨ। ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਪ੍ਰਤੀ ਏਕੜ ਇੱਕ ਲੱਖ ਰੁਪਏ ਦੇਣਾ ਬਣਦਾ ਹੈ। ਮਾੜੀਮੇਘਾ ਨੇ ਕਿਹਾ ਕਿ ਇਹ ਜਥਾ ਸੀ ਪੀ ਆਈ ਦੀ ਕੌਮੀ ਕਾਂਗਰਸ, ਜੋ 21 ਤੋਂ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਹੈ। ਕਾਂਗਰਸ ਵਿੱਚ ਵਿਚਾਰਨਯੋਗ ਮਸਲਿਆਂ ਬਾਰੇ ਲੋਕਾਂ ਨੂੰ ਜਾਣਕਾਰੀ ਅਤੇ ਕਾਂਗਰਸ ਨੂੰ ਹਰ ਪੱਖ ਤੋਂ ਕਾਮਯਾਬ ਕਰਨ ਦੀ ਬੇਨਤੀ ਕਰ ਰਿਹਾ ਹੈ। ਪ੍ਰੈੱਸ ਕਾਨਫਰੰਸ ਵਿੱਚ ਜੈਪਾਲ ਫਗਵਾੜਾ, ਰਜਿੰਦਰ ਸਿੰਘ ਰਾਣਾ ਐਡਵੋਕੇਟ, ਤਿਰਲੋਕ ਸਿੰਘ ਭਬਿਆਣਾ ਅਤੇ ਪੰਜਾਬ ਇਸਤਰੀ ਸਭਾ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ ਵੀ ਮੌਜੂਦ ਸਨ। ਇਸ ਤੋਂ ਬਾਅਦ ਜਥੇ ਲਈ ਭਬਿਆਣਾ ਪਿੰਡ ਵਿਖੇ ਰਮਨਦੀਪ ਸਿੰਘ ਸਾਬਕਾ ਸਰਪੰਚ ਦੀ ਪ੍ਰਧਾਨਗੀ ਹੇਠ ਸਮਾਗਮ ਕੀਤਾ ਗਿਆ। ਸਮਾਗਮ ਨੂੰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸੀ ਪੀ ਆਈ ਦੇ ਸੂਬਾ ਸਕੱਤਰੇਤ ਮੈਂਬਰ ਕਸ਼ਮੀਰ ਸਿੰਘ ਗਦਾਈਆ, ਰੁਪਿੰਦਰ ਕੌਰ ਮਾੜੀਮੇਘਾ, ਜੈਪਾਲ ਫਗਵਾੜਾ, ਰਜਿੰਦਰ ਸਿੰਘ ਰਾਣਾ ਐਡਵੋਕੇਟ, ਮੁਕੰਦ ਸਿੰਘ, ਕੌਸ਼ਲ ਕਪੂਰਥਲਾ, ਰਛਪਾਲ ਸਿੰਘ ਫਜਲਾਬਾਦ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਨੇ ਸੰਬੋਧਨ ਕੀਤਾ। ਅੰਤ ’ਤੇ ਰਮਨਦੀਪ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੇ ਫਰਜ਼ ਤਿਰਲੋਕ ਸਿੰਘ ਭਬਿਆਣਾ ਨੇ ਬਾਖੂਬੀ ਨਿਭਾਏ।ਜਥੇ ਦਾ ਸਰਬ ਨੌਜਵਾਨ ਸਭਾ ਦੇ ਦਫ਼ਤਰ ਵਿਖੇ ਵੀ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬੀ ਲੇਖਕ ਰਵਿੰਦਰ ਸਿੰਘ ਚੋਟ, ਸੁਖਵਿੰਦਰ ਸਿੰਘ ਪ੍ਰਧਾਨ ਅਤੇ ਪਿ੍ਰੰ: ਗੁਰਮੀਤ ਸਿੰਘ ਪਲਾਹੀ ਵੱਲੋਂ ਸਨਮਾਨ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਬਿਨਾਂ ਮੁਕੰਦ ਸਿੰਘ ਸੂਬਾ ਕੌਂਸਲ ਮੈਂਬਰ, ਸੁਰਜੀਤ ਸਿੰਘ ਠੱਠਾ, ਮਲਕੀਤ ਸਿੰਘ ਮੀਰੇ, ਮਹਿੰਗਾ ਸਿੰਘ, ਸਰਵਣ ਸਿੰਘ ਕਰਮਜੀਤਪੁਰ ਮੌਜੂਦ ਸਨ।