ਡੇਰਾ ਬਾਬਾ ਨਾਨਕ
(ਰਮੇਸ਼ ਸ਼ਰਮਾ)
ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ ਡਰੋਨ ਜ਼ਰੀਏ ਹੜ੍ਹ ਪ੍ਰਭਾਵਤ ਖੇਤਰਾਂ ਵਿੱਚ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ। ਵੀਰਵਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਤੀਬਾੜੀ ਕੰਮਾਂ ਲਈ ਵਰਤੇ ਜਾਂਦੇ ਡਰੋਨ ਨੂੰ ਡੇਰਾ ਬਾਬਾ ਨਾਨਕ ਵਿਖੇ ਰਾਹਤ ਸਮਗਰੀ ਪਹੁੰਚਣ ਲਈ ਵਰਤਿਆ ਗਿਆ। ਐੱਸ ਡੀ ਐੱਮ ਡੇਰਾ ਬਾਬਾ ਨਾਨਕ ਡਾ. ਅਦਿੱਤਯ ਸ਼ਰਮਾ ਨੇ ਦੱਸਿਆ ਕਿ ਰਾਵੀ ਦਰਿਆ ਦੇ ਨਾਲ ਲੱਗਦੇ ਕਈ ਪਿੰਡਾਂ ਵਿੱਚ ਹੜ੍ਹ ਦਾ ਪਾਣੀ ਆ ਗਿਆ ਹੈ, ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਰਾਹਤ ਸਮਗਰੀ ਪਹੁੰਚਾਉਣ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ। ਉਨ੍ਹਾ ਕਿਹਾ ਕਿ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਉਨ੍ਹਾ ਵੱਲੋਂ ਖੇਤੀਬਾੜੀ ਕੰਮਾਂ (ਸਪਰੇਅ ਆਦਿ) ਕਰਨ ਵਾਲੇ ਡਰੋਨ ਰਾਹੀਂ ਪਾਣੀ ਵਿੱਚ ਘਿਰੇ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ। ਉਨ੍ਹਾ ਕਿਹਾ ਕਿ ਡਰੋਨ ਜ਼ਰੀਏ ਪ੍ਰਭਾਵਤ ਲੋਕਾਂ ਤੱਕ ਸੁੱਕਾ ਰਾਸ਼ਨ, ਪੀਣ ਵਾਲਾ ਪਾਣੀ ਅਤੇ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾ ਦੱਸਿਆ ਕਿ ਜਦੋਂ ਇਹ ਡਰੋਨ ਰਾਹਤ ਸਮਗਰੀ ਲੈ ਕੇ ਪ੍ਰਭਾਵਤ ਲੋਕਾਂ ਤੱੱਕ ਪਹੁੰਚਦਾ ਹੈ ਤਾਂ ਉਨ੍ਹਾਂ ਵੱਲੋਂ ਡਰੋਨ ਨਾਲ ਬੱਧੇ ਰਾਹਤ ਸਮਗਰੀ ਦੇ ਪੈਕਟ ਨੂੰ ਲਾਹ ਲਿਆ ਜਾਂਦਾ ਹੈ। ਐੱਸ ਡੀ ਐੱਮ ਆਦਿੱਤਯ ਨੇ ਕਿਹਾ ਕਿ ਇਹ ਡਰੋਨ ਹੜ੍ਹ ਵਿੱਚ ਘਿਰੇ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਟਰਾਇਲ ਪੂਰੀ ਤਰਾਂ ਸਫਲ ਰਿਹਾ ਹੈ ਅਤੇ ਭਲਕ ਤੋਂ ਡਰੋਨ ਰਾਹੀਂ ਸਹਾਇਤਾ ਪਹੁੰਚਾਉਣ ਦਾ ਸਿਲਸਲਾ ਜਾਰੀ ਰਹੇਗਾ। ਇਸ ਮੌਕੇ ਐੱਸ ਡੀ ਐੱਮ ਫ਼ਤਹਿਗੜ੍ਹ ਚੂੜੀਆਂ, ਗੁਰਮੰਦਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਦਾਸਪੁਰ ਇੰਦਰਜੀਤ ਸਿੰਘ, ਬੀ ਡੀ ਪੀ ਓ ਅਮਨਦੀਪ ਕੌਰ ਤੇ ਧੀਰਜ ਸ਼ਰਮਾ ਹਾਜ਼ਰ ਸਨ।





