ਰਾਮ ਸੇਤੂ ਦਾ ਰੇੜਕਾ ਜਾਰੀ

0
111

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸਾਬਕਾ ਰਾਜ ਸਭਾ ਮੈਂਬਰ ਸੁਬਰਾਮਣੀਅਮ ਸਵਾਮੀ ਦੀ ਪਟੀਸ਼ਨ ’ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸ ਪਟੀਸ਼ਨ ਵਿੱਚ ਸਰਕਾਰ ਨੂੰ ‘ਰਾਮ ਸੇਤੂ’ ਨੂੰ ਕੌਮੀ ਸਮਾਰਕ ਐਲਾਨਣ ਲਈ ਜਲਦੀ ਫੈਸਲਾ ਲੈਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ‘ਰਾਮ ਸੇਤੂ’, ਜਿਸ ਨੂੰ ਐਡਮਜ਼ ਬਿ੍ਰਜ ਵੀ ਕਿਹਾ ਜਾਂਦਾ ਹੈ, ਤਾਮਿਲਨਾਡੂ ਦੇ ਦੱਖਣ-ਪੂਰਬੀ ਤੱਟ ਤੋਂ ਪੰਬਨ ਟਾਪੂ ਅਤੇ ਸ੍ਰੀਲੰਕਾ ਦੇ ਉੱਤਰ-ਪੱਛਮੀ ਤੱਟ ਤੋਂ ਮੰਨਾਰ ਟਾਪੂ ਦੇ ਵਿਚਕਾਰ ਚੂਨਾ ਪੱਥਰ ਦੇ ਢੇਰਾਂ ਦੀ ਇੱਕ ਲੜੀ ਹੈ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਸ਼ੁੱਕਰਵਾਰ ਸਵਾਮੀ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਲਈ ਸਹਿਮਤੀ ਦਿੱਤੀ ਅਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਚਾਰ ਹਫਤਿਆਂ ਬਾਅਦ ਤੈਅ ਕੀਤੀ ਹੈ।
19 ਜਨਵਰੀ 2023 ਨੂੰ ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਉਹ ‘ਰਾਮ ਸੇਤੂ’ ਨੂੰ ਕੌਮੀ ਵਿਰਾਸਤੀ ਸਮਾਰਕ ਐਲਾਨਣ ਨਾਲ ਸੰਬੰਧਤ ਮੁੱਦੇ ’ਤੇ ਵਿਚਾਰ ਕਰ ਰਿਹਾ ਹੈ।ਸਵਾਮੀ ਨੇ ਤਾਜ਼ਾ ਪਟੀਸ਼ਨ ਵਿੱਚ ਕਿਹਾ ਹੈ ਕਿ ਅੱਜ ਤੱਕ ਨਾ ਤਾਂ ਉਨ੍ਹਾ ਨੂੰ ਅਤੇ ਨਾ ਹੀ ਸੁਪਰੀਮ ਕੋਰਟ ਨੂੰ ਕੋਈ ਲਿਆ ਗਿਆ ਫੈਸਲਾ ਦੱਸਿਆ ਗਿਆ ਹੈ। ਕੇਂਦਰ ਦਾ ਫਰਜ਼ ਬਣਦਾ ਹੈ ਕਿ ਉਹ ‘ਰਾਮ ਸੇਤੂ’ ਨੂੰ ਕਿਸੇ ਵੀ ਤਰ੍ਹਾਂ ਦੀ ਦੁਰਵਰਤੋਂ, ਪ੍ਰਦੂਸ਼ਣ ਜਾਂ ਅਪਵਿੱਤਰਤਾ ਤੋਂ ਬਚਾਏ।