ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਨੇ 26 ਅਗਸਤ ਨੂੰ ਦਿੱਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਸੰਘ ਦੀ ਹਿੰਦੂ ਰਾਸ਼ਟਰ ਦੀ ਧਾਰਨਾ ਸਮਾਵੇਸ਼ੀ ਤੇ ਸਮਾਨਤਾਵਾਦੀ ਹੈ। ਸੰਘ ਕਿਸੇ ਨੂੰ ਧਾਰਮਕ ਆਧਾਰ ’ਤੇ ਪਰਾਇਆ ਨਹੀਂ ਮੰਨਦਾ। ਭਾਗਵਤ ਨੇ ਇਹ ਸਫਾਈ ਸੰਘ ਦੀ ਵਿਚਾਰਧਾਰਾ ’ਤੇ ਆਪੋਜ਼ੀਸ਼ਨ ਦੇ ਵਧਦੇ ਹਮਲਿਆਂ ਦਰਮਿਆਨ ਦਿੱਤੀ ਹੈ, ਪਰ ਇਸ ਸਫਾਈ ਨੇ ਵੀ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇ ਹਿੰਦੂ ਰਾਸ਼ਟਰ ਵਾਸਤਵ ਵਿੱਚ ਸਮਾਵੇਸ਼ੀ ਹੈ ਤਾਂ ਘੱਟ ਗਿਣਤੀਆਂ, ਖਾਸਕਰ ਮੁਸਲਮਾਨਾਂ ਤੇ ਈਸਾਈਆਂ ’ਤੇ ਹੋਣ ਵਾਲੇ ਅੱਤਿਆਚਾਰਾਂ ਖਿਲਾਫ ਸੰਘ ਦੀ ਚੁੱਪੀ ਕਿਉਂ ਬਣੀ ਰਹਿੰਦੀ ਹੈ? ਇੱਕ ਦਹਾਕੇ ਤੋਂ ਲਿੰਚਿੰਗ ਦੀਆਂ ਘਟਨਾਵਾਂ, ਮਸਜਿਦਾਂ ’ਤੇ ਹਮਲੇ ਤੇ ਧਾਰਮਕ ਆਧਾਰ ’ਤੇ ਹਿੰਸਾ ਦੀਆਂ ਤਸਵੀਰਾਂ ਭਾਰਤ ਦੀ ਪਛਾਣ ਬਣਦੀਆਂ ਜਾ ਰਹੀਆਂ ਹਨ, ਕੀ ਸੰਘ ਨੇ ਇਸ ਦਾ ਸਰਗਰਮੀ ਨਾਲ ਵਿਰੋਧ ਕੀਤਾ? 31 ਜੁਲਾਈ ਨੂੰ ਜੈਪੁਰ-ਮੁੰਬਈ ਸੈਂਟਰਲ ਸੁਪਰਫਾਸਟ ਐੱਕਸਪ੍ਰੈੱਸ ਵਿੱਚ ਇੱਕ ਆਰ ਪੀ ਐੱਫ ਜਵਾਨ ਨੇ ਤਿੰਨ ਮੁਸਲਿਮ ਯਾਤਰੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ, ਸਿਰਫ ਇਸ ਲਈ ਕਿ ਉਨ੍ਹਾਂ ਦੇ ਦਾੜ੍ਹੀ ਸੀ। ਸੰਘ ਨੇ ਇਸ ਦੀ ਨਿੰਦਾ ਨਹੀਂ ਕੀਤੀ ਤੇ ਪੀੜਤਾਂ ਨਾਲ ਹਮਦਰਦੀ ਨਹੀਂ ਪ੍ਰਗਟਾਈ। ਜੇ ਹਿੰਦੂ ਰਾਸ਼ਟਰ ਵਿੱਚ ਕੋਈ ਪਰਾਇਆ ਨਹੀਂ ਤਾਂ ਇਨ੍ਹਾਂ ਬੇਗੁਨਾਹਾਂ ਦੇ ਪਰਵਾਰਾਂ ਦੇ ਹੰਝੂ ਪੂੰਝਣ ਲਈ ਸੰਘ ਨੇ ਕੀ ਕੀਤਾ।
ਸੰਘ ਦੀ ਸਥਾਪਨਾ 1925 ਵਿੱਚ ਹੋਈ ਸੀ ਤੇ ਸੁਤੰਤਰਤਾ ਸੰਗਰਾਮ ਦੌਰਾਨ ਇਸ ਨੇ ਬਸਤੀਵਾਦ ਵਿਰੁੱਧ ਸੰਘਰਸ਼ ਤੋਂ ਦੂਰੀ ਬਣਾਈ ਰੱਖੀ। ਇਹ ਅੰਗਰੇਜ਼ਾਂ ਦੇ ਖੇਮੇ ਵਿੱਚ ਖੜ੍ਹਾ ਦਿਖਾਈ ਦਿੱਤਾ। ਸੁਤੰਤਰਤਾ ਦੇ ਬਾਅਦ ਇਸ ਨੇ ਸੰਵਿਧਾਨ, ਤਿਰੰਗੇ ਤੇ ਸੰਸਦ ਦਾ ਖੁੱਲ੍ਹ ਕੇ ਵਿਰੋਧ ਕੀਤਾ। ਸੰਵਿਧਾਨ ਸਵੀਕਾਰ ਕੀਤੇ ਜਾਣ ਦੇ ਚਾਰ ਦਿਨ ਬਾਅਦ 30 ਨਵੰਬਰ 1949 ਨੂੰ ਸੰਘ ਦੇ ਮੁੱਖ ਪੱਤਰ ‘ਆਰਗੇਨਾਈਜ਼ਰ’ ਵਿੱਚ ਲਿਖਿਆ ਗਿਆ ਕਿ ਸੰਵਿਧਾਨ ਵਿੱਚ ਪ੍ਰਾਚੀਨ ਭਾਰਤ ਦੇ ਸੰਵਿਧਾਨਕ ਵਿਕਾਸ, ਖਾਸਕਰ ਮਨੂੰ ਸਿਮਰਤੀ ਦਾ ਕੋਈ ਜ਼ਿਕਰ ਨਹੀਂ। ਮਨੂੰ ਸਿਮਰਤੀ ਨੂੰ ਡਾ. ਬੀ ਆਰ ਅੰਬੇਡਕਰ ਨੇ 1927 ਵਿੱਚ ਸਰਵਜਨਕ ਤੌਰ ’ਤੇ ਸਾੜਿਆ ਸੀ, ਕਿਉਕਿ ਇਹ ਸ਼ੂਦਰਾਂ ਤੇ ਮਹਿਲਾਵਾਂ ਦੀ ਗੁਲਾਮੀ ਨੂੰ ਜਾਇਜ਼ ਠਹਿਰਾਉਦੀ ਸੀ, ਜਦਕਿ ਸੰਘ ਨੂੰ ਪਿਆਰੀ ਸੀ। ਸੰਘ ਦੇ ਸਾਬਕਾ ਸੋਇਮ ਸੇਵਕ ਨਾਥੂਰਾਮ ਗੌਡਸੇ ਵੱਲੋਂ ਮਹਾਤਮਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਰਦਾਰ ਪਟੇਲ ਨੇ ਕਿਹਾ ਸੀ ਕਿ ਗਾਂਧੀ ਹੱਤਿਆ ਸੰਘ ਵੱਲੋਂ ਬਣਾਏ ਗਏ ਜ਼ਹਿਰੀਲੇ ਮਾਹੌਲ ਦਾ ਨਤੀਜਾ ਸੀ।
ਮੋਹਨ ਭਾਗਵਤ ਸੰਘ ਦੇ ਸਮਾਨਤਾਵਾਦੀ ਹੋਣ ਦੀ ਗੱਲ ਵੀ ਕਹਿ ਰਹੇ ਹਨ, ਪਰ 1950 ਵਿੱਚ ਜਦੋਂ ਅੰਬੇਡਕਰ ਨੇ ਹਿੰਦੂ ਕੋਡ ਬਿੱਲ ਰਾਹੀਂ ਮਹਿਲਾਵਾਂ ਨੂੰ ਤਲਾਕ, ਸੰਪਤੀ ਤੇ ਵਿਆਹ ਦੇ ਮਾਮਲੇ ਵਿੱਚ ਬਰਾਬਰ ਹੱਕ ਦੇਣ ਦੀ ਕੋਸ਼ਿਸ਼ ਕੀਤੀ ਤਾਂ ਸੰਘ ਨੇ ਜ਼ੋਰਦਾਰ ਵਿਰੋਧ ਕੀਤਾ। ਉਸ ਨੇ ਬਿੱਲ ਨੂੰ ‘ਹਿੰਦੂ ਸਮਾਜ ਉੱਤੇ ਐਟਮ ਬੰਬ’ ਕਰਾਰ ਦਿੱਤਾ। ਇਹ ਵਿਰੋਧ ਉਸ ਮਨੂੰਵਾਦੀ ਸੋਚ ਨੂੰ ਦਰਸਾਉਦਾ ਹੈ, ਜਿਹੜੀ ਸਮਾਜੀ ਬਰਾਬਰੀ ਤੇ ਨਿਆਂ ਦੇ ਖਿਲਾਫ ਸੀ। ਡਾ. ਅੰਬੇਡਕਰ ਨੇ ਕਿਹਾ ਸੀ ਕਿ ਜੇ ਹਿੰਦੂ ਰਾਜ ਕਾਇਮ ਹੋ ਜਾਂਦਾ ਹੈ ਤਾਂ ਇਹ ਦੇਸ਼ ਲਈ ਸਭ ਤੋਂ ਮਾੜਾ ਹੋਵੇਗਾ। ਇਸ ਨੂੰ ਹਰ ਕੀਮਤ ’ਤੇ ਰੋਕਿਆ ਜਾਣਾ ਚਾਹੀਦਾ ਹੈ। ਸੰਘ ਦੇ ਹਿੰਦੂ ਰਾਸ਼ਟਰ ਦਾ ਦਾਅਵਾ, ਜੋ ਮਨੂੰਸਿਮਰਤੀ ਤੇ ਸਾਵਰਕਰ ਦੇ ਵਿਚਾਰਾਂ ਤੋਂ ਪ੍ਰੇਰਤ ਹੈ, ਭਾਰਤੀ ਸੰਵਿਧਾਨ ਦੀਆਂ ਸਮਾਵੇਸ਼ੀ ਤੇ ਧਰਮ ਨਿਰਪੱਖ ਕਦਰਾਂ-ਕੀਮਤਾਂ ਨਾਲ ਟਕਰਾਅ ਵਿੱਚ ਦਿਸਦਾ ਹੈ। ਭਾਗਵਤ ਦੇ ਸਮਾਵੇਸ਼ੀ ਬਿਆਨ ਦੇ ਬਾਵਜੂਦ ਸੰਘ ਦਾ ਇਤਿਹਾਸ ਤੇ ਵਰਤਮਾਨ ਕਾਰਜ-ਪ੍ਰਣਾਲੀ ਇਸ ਦਾਅਵੇ ਨੂੰ ਸ਼ੱਕੀ ਬਣਾਉਂਦੀ ਹੈ। ਭਾਰਤ ਦਾ ਭਵਿੱਖ ਤਾਂ ਹੀ ਸੁਰੱਖਿਅਤ ਰਹੇਗਾ, ਜਦੋਂ ਤੱਕ ਸੰਵਿਧਾਨ ਤੇ ਉਸ ਦੀ ਆਤਮਾ ਸਮਾਨਤਾ, ਨਿਆਂ ਤੇ ਵਿਵਿਧਤਾ ਨੂੰ ਸਲਾਮਤ ਰੱਖਿਆ ਜਾਵੇਗਾ।



