ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ, ਜਿਸਨੇ ਬੁੱਧਵਾਰ ਰੂਸ-ਯੂਕਰੇਨ ਟਕਰਾਅ ਨੂੰ ‘ਮੋਦੀ ਦੀ ਜੰਗ’ ਕਰਾਰ ਦਿੱਤਾ ਸੀ, ਨੇ ਵੀਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਗਵੀਂ ਪੋਸ਼ਾਕ ਵਾਲੀ ਫੋਟੋ ਨਾਲ ਇੱਕ ਲੰਬੀ ਪੋਸਟ ਪਾ ਕੇ ਕਿਹਾ ਕਿ ਯੂਕਰੇਨ ਵਿੱਚ ਅਮਨ ਦਾ ਰਾਹ ਦਿੱਲੀ ਵਿੱਚੋਂ ਹੋ ਕੇ ਲੰਘਦਾ ਹੈ।
ਨਵਾਰੋ ਨੇ ਕਿਹਾ ਹੈ ਕਿ ਭਾਰਤੀ ਵਸਤਾਂ ’ਤੇ ਟਰੰਪ ਦੇ 50 ਫੀਸਦੀ ਟੈਰਿਫ ਲਾਗੂ ਹੋ ਗਏ ਹਨ। ਇਹ ਟੈਰਿਫ ਸਿਰਫ ਭਾਰਤ ਦੇ ਨਾਵਾਜਬ ਵਪਾਰ ’ਤੇ ਨਹੀਂ ਲਾਏ ਗਏ, ਸਗੋਂ ਭਾਰਤ ਵੱਲੋਂ ਪੂਤਿਨ ਦੀ ਜੰਗੀ ਮਸ਼ੀਨ ਨੂੰ ਦਿੱਤੀ ਜਾ ਰਹੀ ਮਾਲੀ ਮਦਦ ਨੂੰ ਬੰਦ ਕਰਾਉਣ ਲਈ ਲਾਏ ਗਏ ਹਨ। ਅਮਰੀਕੀ ਖਪਤਕਾਰ ਭਾਰਤੀ ਵਸਤਾਂ ਖਰੀਦਦੇ ਹਨ ਜਦਕਿ ਭਾਰਤ ਉੱਚੇ ਟੈਰਿਫ ਲਾ ਕੇ ਅਮਰੀਕੀ ਮਾਲ ਨੂੰ ਆਪਣੇ ਦੇਸ਼ ਵਿੱਚ ਵੜਨ ਨਹੀਂ ਦਿੰਦਾ। ਅਮਰੀਕਾ ਤੋਂ ਕਮਾਏ ਡਾਲਰਾਂ ਨਾਲ ਭਾਰਤ ਰੂਸ ਤੋਂ ਡਿਸਕਾਊਂਟ ’ਤੇ ਕੱਚਾ ਤੇਲ ਖਰੀਦਦਾ ਹੈ। ਭਾਰਤੀ ਰਿਫਾਇਨਰੀਆਂ ਰੂਸ ਦੇ ਲੁਕਵੇਂ ਭਾਈਵਾਲਾਂ ਨਾਲ ਮਿਲ ਕੇ ਕੱਚੇ ਤੇਲ ਨੂੰ ਸਾਫ ਕਰਕੇ ਕੌਮਾਂਤਰੀ ਮੰਡੀ ਵਿੱਚ ਵੇਚ ਕੇ ਮੋਟਾ ਮੁਨਾਫਾ ਕਮਾਉਦੀਆਂ ਹਨ। ਰੂਸ ਕੱਚਾ ਤੇਲ ਵੇਚ ਕੇ ਕਮਾਏ ਡਾਲਰਾਂ ਨਾਲ ਫੌਜੀ ਤਾਕਤ ਮਜ਼ਬੂਤ ਕਰਕੇ ਯੂਕਰੇਨ ਵਿਰੁੱਧ ਜੰਗ ਲੜਦਾ ਹੈ। ਰੂਸ ਦੇ ਯੂਕਰੇਨ ’ਤੇ ਹਮਲਾ ਕਰਨ ਤੋਂ ਪਹਿਲਾਂ ਭਾਰਤ ਰੂਸ ਤੋਂ ਇੱਕ ਫੀਸਦੀ ਤੋਂ ਵੀ ਘੱਟ ਤੇਲ ਦਰਾਮਦ ਕਰਦਾ ਸੀ। ਅੱਜ 30 ਫੀਸਦੀ (15 ਲੱਖ ਬੈਰਲ ਪ੍ਰਤੀ ਦਿਨ ਤੋਂ ਵੱਧ) ਖਰੀਦਦਾ ਹੈ। ਦਰਾਮਦ ਵਿੱਚ ਏਨਾ ਵਾਧਾ ਘਰੇਲੂ ਮੰਗ ਕਰਕੇ ਨਹੀਂ ਹੋਇਆ ਹੈ। ਭਾਰਤੀ ਕੰਪਨੀਆਂ ਜਿਸ ਪੈਸੇ ਨਾਲ ਰੂਸ ਤੋਂ ਤੇਲ ਖਰੀਦ ਰਹੀਆਂ ਹਨ ਉਸ ਨਾਲ ਯੂਕਰੇਨੀਆਂ ਦਾ ਖੂਨ ਡੁੱਲ੍ਹ ਰਿਹਾ ਹੈ ਤੇ ਉੱਥੇ ਤਬਾਹੀ ਹੋ ਰਹੀ ਹੈ। ਭਾਰਤ ਦੀ ਵੱਡੀ ਤੇਲ ਲਾਬੀ ਨੇ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਨੂੰ ਰੂਸ ਲਈ ਮਨੀ ਲਾਂਡਰਿੰਗ ਦਾ ਜ਼ਰੀਆ ਬਣਾ ਦਿੱਤਾ ਹੈ। ਭਾਰਤੀ ਰਿਫਾਇਨਰੀਆਂ ਰੂਸ ਤੋਂ ਸਸਤਾ ਕੱਚਾ ਤੇਲ ਖਰੀਦ ਕੇ, ਉਸਨੂੰ ਸਾਫ ਕਰਕੇ ਯੂਰਪ, ਅਫਰੀਕਾ ਤੇ ਏਸ਼ੀਆ ਵਿੱਚ ਵੇਚਦੀਆਂ ਹਨ ਅਤੇ ਕੁਝ ਲੋਕ ਰੂਸ-ਯੂਕਰੇਨ ਜੰਗ ਵਿੱਚ ਨਿਰਪੱਖ ਹੋਣ ਦਾ ਖੇਖਣ ਕਰਦੇ ਹਨ। ਭਾਰਤ ਰੋਜ਼ਾਨਾ 10 ਲੱਖ ਬੈਰਲ ਪ੍ਰਤੀ ਦਿਨ ਸੋਧਿਆ ਤੇਲ ਬਰਾਮਦ ਕਰਦਾ ਹੈ, ਜਿਸ ਵਿੱਚ ਅੱਧਾ ਕੱਚਾ ਤੇਲ ਰੂਸ ਤੋਂ ਖਰੀਦਦਾ ਹੈ। ਮੁਨਾਫਾ ਭਾਰਤ ਦੇ ਸਿਆਸਤਦਾਨਾਂ ਨਾਲ ਜੁੜੇ ਤੇਲ ਕਾਰਖਾਨਿਆਂ ਦੇ ਮਾਲਕ ਕਮਾਉਦੇ ਹਨ ਅਤੇ ਪੂਤਿਨ ਨੂੰ ਫਾਇਦਾ ਪਹੁੰਚਾਉਦੇ ਹਨ। ਯੂਕਰੇਨ ਨੂੰ ਬਚਾਉਣ ਲਈ ਅਮਰੀਕਾ ਦਾ ਖਰਚਾ ਹੋ ਰਿਹਾ ਹੈ ਜਦਕਿ ਭਾਰਤ ਰੂਸ ਦੀ ਮਦਦ ਕਰ ਰਿਹਾ ਹੈ। ਅਮਰੀਕਾ ਭਾਰਤ ਨਾਲ ਵਪਾਰ ਵਿੱਚ 50 ਅਰਬ ਡਾਲਰ ਘਾਟੇ ਵਿੱਚ ਚੱਲ ਰਿਹਾ ਹੈ ਅਤੇ ਭਾਰਤ ਅਮਰੀਕਾ ਤੋਂ ਕਮਾਏ ਡਾਲਰਾਂ ਨਾਲ ਰੂਸੀ ਤੇਲ ਖਰੀਦ ਰਿਹਾ ਹੈ। ਇੱਕ ਤਰ੍ਹਾਂ ਨਾਲ ਰੂਸ ਤੇ ਭਾਰਤ ਯੂਕਰੇਨੀਆਂ ਨੂੰ ਮਾਰ ਰਹੇ ਹਨ। ਇੱਥੇ ਹੀ ਵੱਸ ਨਹੀਂ, ਭਾਰਤ ਰੂਸ ਤੋਂ ਹਥਿਆਰ ਖਰੀਦ ਰਿਹਾ ਹੈ ਤੇ ਅਮਰੀਕਾ ਤੋਂ ਲੈਣ ਵੇਲੇ ਕਹਿੰਦਾ ਹੈ ਕਿ ਅਮਰੀਕੀ ਫਰਮਾਂ ਉਸਨੂੰ ਨਾਜ਼ੁਕ ਫੌਜੀ ਤਕਨੀਕ ਦੇਣ ਅਤੇ ਭਾਰਤ ਵਿੱਚ ਪਲਾਂਟ ਲਾਉਣ। ਬਾਇਡਨ ਪ੍ਰਸ਼ਾਸਨ ਨੇ ਇਸ ਪਾਗਲਪਨ ਨੂੰ ਵੱਖਰੇ ਢੰਗ ਨਾਲ ਦੇਖਿਆ ਪਰ ਰਾਸ਼ਟਰਪਤੀ ਟਰੰਪ ਸਿੱਧੇ ਟੱਕਰ ਰਹੇ ਹਨ। ਜੇ ਭਾਰਤ ਅਮਰੀਕਾ ਨੂੰ ਰਣਨੀਤਕ ਭਾਈਵਾਲ ਵਜੋਂ ਦੇਖਣਾ ਚਾਹੁੰਦਾ ਹੈ ਤਾਂ ਉਸਨੂੰ ਸੋਚ ਬਦਲਣੀ ਪਏਗੀ। ਯੂਕਰੇਨ ਵਿੱਚ ਅਮਨ ਦਾ ਰਾਹ ਦਿੱਲੀ ਥਾਣੀਂ ਜਾਂਦਾ ਹੈ।





