ਭਕਨਾ ਤੋਂ ਖਟਕੜ ਕਲਾਂ ਦਾ ਸਫਰ ਇਨਕਲਾਬੀ ਜਾਹੋ-ਜਲਾਲ ਨਾਲ ਤੈਅ

0
103

ਖਟਕੜ ਕਲਾਂ (ਗਿਆਨ ਸੈਦਪੁਰੀ,
ਅਵਤਾਰ ਕਲੇਰ)
ਸੀ ਪੀ ਆਈ ਦੀ ਕੌਮੀ ਕਾਂਗਰਸ, ਜੋ 21 ਤੋਂ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਹੈ, ਦੇ ਪ੍ਰਚਾਰ ਅਤੇ ਪਸਾਰ ਵਾਸਤੇ 21 ਅਗਸਤ ਤੋਂ ਚੱਲਿਆ ਜਥਾ, ਜਿਸ ਨੂੰ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਹਰਭਜਨ ਸਿੰਘ ਨੇ ਸੋਹਣ ਸਿੰਘ ਭਕਨਾ ਦੇ ਅਸਥਾਨ ਤੋਂ ਆਸ਼ੀਰਵਾਦ ਦੇ ਕੇ ਤੋਰਿਆ ਸੀ, ਤਰਨ ਤਾਰਨ, ਅੰਮਿ੍ਰਤਸਰ ਸ਼ਹਿਰੀ ਤੇ ਦਿਹਾਤੀ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ ਤੋਂ ਹੁੰਦਾ ਹੋਇਆ ਸ਼ੁੱਕਰਵਾਰ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਖਟਕੜ ਕਲਾਂ ਪੁੱਜਾ। ਇੱਥੇ ਸ਼ਹੀਦ ਦੀ ਧਰਤੀ ’ਤੇ ਨਤਮਸਤਕ ਹੋ ਕੇ ਜਥੇ ਦੇ ਆਗੂਆਂ ਨੇ ਮੁਹਾਲੀ ਰੈਲੀ ਦੀ ਕਾਮਯਾਬੀ ਦਾ ਪ੍ਰਣ ਲਿਆ।
ਇਸ ਤੋਂ ਪਹਿਲਾਂ ਜਥੇ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੇਹਲੀ ਵਿਖੇ ਅੱਤਵਾਦ ਦੌਰਾਨ ਸ਼ਹੀਦ ਹੋਏ ਕਾਮਰੇਡ ਮਲਕੀਤ ਚੰਦ ਮੇਹਲੀ ਦੀ ਯਾਦਗਾਰ ’ਤੇ ਸ਼ਹੀਦ ਦੇ ਰਹਿੰਦੇ ਕਾਜ਼ ਨੂੰ ਪੂਰਾ ਕਰਨ ਦਾ ਪ੍ਰਣ ਲਿਆ। ਸੀ ਪੀ ਆਈ ਨਵਾਂ ਸ਼ਹਿਰ ਦੇ ਜ਼ਿਲ੍ਹਾ ਸਕੱਤਰ ਨਰੰਜਣ ਦਾਸ ਮੇਹਲੀ, ਪਰਮਿੰਦਰ ਮੇਨਕਾ ਅਤੇ ਜਸਵਿੰਦਰ ਸਿੰਘ ਭੰਗਲ ਦੀ ਅਗਵਾਈ ਹੇਠ ਜਥਾ ਅੱਗੇ ਤੁਰਿਆ ਤੇ ਪਿੰਡ ਬੁਰਜ ਅਤੇ ਬੀਕੇ ਪਹੁੰਚਿਆ। ਜਥੇ ਵਿੱਚ ਗੁਰਬਖਸ਼ ਕੌਰ ਰਾਹੋਂ, ਅਮਰਜੀਤ ਮੇਹਲੀ, ਹੁਸਨ ਲਾਲ ਬਰਾਂਚ ਸਕੱਤਰ, ਸ਼ੀਲਾ ਰਾਣੀ ਮੇਹਲੀ, ਗੁਰਪਾਲ ਸਿੰਘ, ਜੀਤ ਰਾਮ, ਰਮੇਸ਼ ਲਾਲ, ਗੁਰਮੀਤ ਰਾਮ, ਸੁਰਿੰਦਰ ਪਾਲ ਸਰਪੰਚ ਮੇਹਲੀ ਸਨ।ਮੇਹਲੀ ਤੋਂ ਬਾਅਦ ਜਥਾ ਪਿੰਡ ਬੁਰਜ ਕੰਧਾਰੀ ਪਹੁੰਚਿਆ ਇਸ ਪ੍ਰੋਗਰਾਮ ਨੂੰ ਦੇਵੀ ਕੁਮਾਰੀ ਸਰਹਾਲੀ ਕਲਾਂ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਅਤੇ ਰੁਪਿੰਦਰ ਕੌਰ ਮਾੜੀਮੇਘਾ ਨੇ ਸੰਬੋਧਨ ਕੀਤਾ ਅਤੇ ਪਿੰਡ ਵਾਸੀਆਂ ਨੂੰ ਕੌਮੀ ਕਾਂਗਰਸ ਨੂੰ ਹਰ ਪੱਖ ਤੋਂ ਕਾਮਯਾਬ ਕਰਨ ਦੀ ਅਪੀਲ ਕੀਤੀ। ਜਥੇ ਦੇ ਆਗੂਆਂ ਨੇ ਪਿੰਡ ਬੀਕਾ ਪਹੁੰਚ ਕੇ ਕਾਮਰੇਡ ਲਹਿੰਬਰ ਸਿੰਘ ਬੀਕਾ ਪੁੱਤਰ ਦੇਵਾ ਨੰਦ ਬੀਕਾ ਅਤੇ ਸ਼ਹੀਦ ਹਰਬੰਸ ਸਿੰਘ ਬੀਕਾ ਦੀ ਯਾਦ ਵਿੱਚ ਸਮਾਗਮ ਕੀਤਾ। ਜਥੇ ’ਚ ਸ਼ਾਮਲ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਅਮਰਜੀਤ ਸਿੰਘ ਆਸਲ ਅਤੇ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਵਿੱਛੜ ਚੁੱਕੇ ਆਗੂਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਜਥੇ ਦੇ ਮਕਸਦ ਬਾਰੇ ਦੱਸਿਆ।
ਸਮਾਗਮ ਦੇ ਅਜੀਤ ਸਿੰਘ ਬੀਕਾ ਸਰਪੰਚ, ਕੁਲਦੀਪ ਸਿੰਘ ਦੀਪਾ, ਦੇਸ ਰਾਜ, ਪਰਮਜੀਤ ਸਿੰਘ ਮੁੱਖ ਪ੍ਰਬੰਧਕ ਸਨ। ਆਏ ਹੋਏ ਸਾਥੀਆਂ ਦਾ ਕਾਮਰੇਡ ਹਰਪਾਲ ਸਿੰਘ ਜਗਤਪੁਰ ਨੇ ਧੰਨਵਾਦ ਕੀਤਾ।ਇਸ ਤੋਂ ਅੱਗੇ ਜਥਾ ਖਟਕੜ ਕਲਾਂ ਪਹੁੰਚਿਆ ਅਤੇ ਇੱਥੇ ਹੋਏ ਸਮਾਗਮ ਵਿੱਚ ਬੋਲਦਿਆਂ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਕੌਮੀ ਕਾਂਗਰਸ ਦੀ ਕਾਮਯਾਬੀ ਲਈ ਪੰਜਾਬ ਵਿੱਚ ਤਿੰਨ ਜਥੇ ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ ਯਾਦਗਾਰ ਭਕਨਾ, ਸ਼ਹੀਦਾਂ ਦੀ ਧਰਤੀ ਹੁਸੈਨੀਵਾਲਾ ਅਤੇ ਸ਼ਹੀਦ ਊਧਮ ਸਿੰਘ ਦੇ ਜਨਮ ਸਥਾਨ ਸੁਨਾਮ ਤੋਂ ਚੱਲੇ ਸਨ। ਭਕਨੇ ਵਾਲਾ ਜਥਾ ਆਪਣਾ ਪੰਧ ਪੂਰਾ ਕਰਕੇ ਖਟਕੜ ਕਲਾਂ ਪਹੁੰਚਿਆ ਹੈ।ਜਥੇ ਦੀ ਸਮਾਪਤੀ ਤੋਂ ਬਾਅਦ ਸਾਡੀ ਆਗੂ ਟੀਮ ਦਾ ਫਰਜ਼ ਹੈ ਕਿ ਉਹ ਦਿਨ-ਰਾਤ ਚੰਡੀਗੜ੍ਹ ਕਾਂਗਰਸ ਅਤੇ 21 ਸਤੰਬਰ ਮੁਹਾਲੀ ਰੈਲੀ ਦੀਆਂ ਤਿਆਰੀਆਂ ਵਿੱਚ ਜੁਟ ਜਾਏ। ਉਨ੍ਹਾ ਕਿਹਾ ਕਿ ਇਹ ਕਾਂਗਰਸ ਉਸ ਸਮੇਂ ਹੋ ਰਹੀ ਹੈ, ਜਦੋਂ ਬੀ ਜੇ ਪੀ ਦੀ ਕੇਂਦਰੀ ਹਕੂਮਤ ਨੇ ਫਾਸ਼ੀਵਾਦ ਦਾ ਰਾਹ ਫੜਿਆ ਹੋਇਆ ਹੈ।ਸਰਕਾਰ ਖ਼ਿਲਾਫ਼ ਬੋਲਣ ਵਾਲਿਆਂ ਦੀ ਆਵਾਜ਼ ਨੂੰ ਦੱਬਿਆ ਜਾ ਰਿਹਾ ਹੈ।ਆਗੂ, ਲੇਖਕ ਅਤੇ ਚੈਨਲਾਂ ’ਤੇ ਬੀ ਜੇ ਪੀ ਖਿਲਾਫ ਬੋਲਣ ਵਾਲੇ ਜੇਲ੍ਹਾਂ ਅੰਦਰ ਡੱਕੇ ਹੋਏ ਹਨ।ਕੇਂਦਰ ਸਰਕਾਰ ਵੱਲੋਂ ਹਿੰਦੁਸਤਾਨ ਦੇ ਜਲ, ਜੰਗਲ ਅਤੇ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਧੜਾਧੜ ਵੇਚੇ ਜਾ ਰਹੇ ਹਨ। ਆਦਿਵਾਸੀਆਂ ਦੇ 250 ਤੋਂ ਉੱਪਰ ਪਿੰਡ ਢਾਹ ਕੇ ਥੇਹ ਬਣਾ ਦਿੱਤੇ ਗਏ ਹਨ। ਉਨ੍ਹਾਂ ਨੂੰ ਆਰਜ਼ੀ ਕੈਂਪਾਂ ਵਿੱਚ ਫੋਰਸ ਨੇ ਘੇਰ ਕੇ ਰੱਖਿਆ ਹੋਇਆ ਹੈ। ਅਜਿਹੇ ਮੌਕੇ ਸੀ ਪੀ ਆਈ ਦੀ ਕੌਮੀ ਕਾਂਗਰਸ ਤੋਂ ਕਮਿਊਨਿਸਟ ਧਿਰਾਂ ਅਤੇ ਅਗਾਂਹਵਧੂ ਤਾਕਤਾਂ ਨੂੰ ਬਹੁਤ ਆਸਾਂ ਹਨ। ਬਰਾੜ ਨੇ ਮੰਗ ਕੀਤੀ ਕਿ ਹੜ੍ਹਾਂ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਪ੍ਰਤੀ ਏਕੜ ਇੱਕ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਖੇਤ ਮਜ਼ਦੂਰਾਂ ਨੂੰ ਵੀ ਘੱਟੋ-ਘੱਟ ਘਰ ਪ੍ਰਤੀ 30 ਹਜ਼ਾਰ ਰੁਪਏ ਦਿੱਤਾ ਜਾਵੇ।ਢੱਠੇ ਘਰਾਂ ਦਾ ਵੱਖਰਾ ਮੁਆਵਜ਼ਾ ਹੋਵੇ।
ਪਿਰਥੀਪਾਲ ਸਿੰਘ ਮਾੜੀਮੇਘਾ ਤੇ ਅਮਰਜੀਤ ਸਿੰਘ ਆਸਲ ਨੇ ਕਿਹਾ ਕਿ ਲੜਾਈ ਤਾਂ ਸਾਡੀ ਇਹ ਬਣਦੀ ਹੈ ਕਿ ਅਸੀਂ ਰੁਜ਼ਗਾਰ ਪ੍ਰਾਪਤੀ ਲਈ ਲੋਕਾਂ ਤੇ ਖਾਸ ਕਰਕੇ ਜੁਆਨੀ ਨੂੰ ਲਾਮਬੰਦ ਕਰੀਏ।ਕਿਸਾਨਾਂ ਦੀਆਂ ਫਸਲਾਂ ਦੀ ਵਿਕਰੀ ਲਈ ਐੱਮ ਐੱਸ ਪੀ ਲਈ ਅਤੇ ਕਾਰਪੋਰੇਟਾਂ ਦੀ ਜ਼ਮੀਨ ਹੜੱਪਣ ਵਾਲੀ ਨੀਤੀ ਦੇ ਵਿਰੁੱਧ ਲੜੀਏ। ਖੇਤ ਮਜ਼ਦੂਰਾਂ ਤੇ ਫੈਕਟਰੀ ਮਜ਼ਦੂਰਾਂ ਦੀ ਜ਼ਿੰਦਗੀ ਖ਼ੁਸ਼ਹਾਲ ਬਣਾਉਣ ਵਾਸਤੇ ਮਜ਼ਦੂਰਾਂ ਨੂੰ ਲਾਮਬੰਦ ਕਰੀਏ।ਨਰੇਗਾ ਕਾਮਿਆਂ ਨੂੰ ਰੁਜ਼ਗਾਰ ਦਿਵਾਉਣ ਵਾਸਤੇ ਸਰਕਾਰ ਵਿਰੁੱਧ ਮੋਰਚਾ ਲਾਈਏ।
ਸੀ ਪੀ ਆਈ ਦੀ ਸੂਬਾ ਸਕੱਤਰੇਤ ਮੈਂਬਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕਿਹਾ ਕਿ ਔਰਤਾਂ ਦੇ ਰੁਜ਼ਗਾਰ ਵਾਸਤੇ ਔਰਤਾਂ ਨੂੰ ਪਾਰਟੀ ਨਾਲ ਜੋੜੀਏ। ਔਰਤਾਂ ਸਮਾਜ ਦਾ ਅੱਧਾ ਹਿੱਸਾ ਹਨ।ਇਸ ਲਈ ਦਾਣਾ ਮੰਡੀ ਮੁਹਾਲੀ ਰੈਲੀ ਵਿੱਚ ਵੱਧ ਤੋਂ ਵੱਧ ਔਰਤਾਂ ਪਹੁੰਚਣਗੀਆਂ, ਜਿਨ੍ਹਾਂ ਵਿੱਚ ਵਧੇਰੇ ਖੇਤ ਮਜ਼ਦੂਰ ਔਰਤਾਂ ਹੋਣਗੀਆਂ। ਰੁਪਿੰਦਰ ਕੌਰ ਮਾੜੀਮੇਘਾ ਨੇ ਕਿਹਾ ਕਿ ਮੋਦੀ ਸਰਕਾਰ ਨਰੇਗਾ ਕਾਨੂੰਨ ਖਤਮ ਕਰਨ ਦੇ ਰਾਹ ਤੁਰੀ ਹੋਈ ਹੈ। ਜੇ ਕੰਮ ਦਿੱਤਾ ਜਾਂਦਾ ਹੈ ਤਾਂ ਫਿਰ ਪੈਸੇ ਖਾਤਿਆਂ ਵਿੱਚ ਨਹੀਂ ਪਾਏ ਜਾਂਦੇ। ਸਮਾਗਮ ਨੂੰ ਮਹਿੰਦਰਪਾਲ ਸਿੰਘ ਮੁਹਾਲੀ ਸੂਬਾ ਕਾਰਜਕਾਰਨੀ ਮੈਂਬਰ, ਕਿਸਾਨ ਆਗੂ ਸੂਰਤ ਸਿੰਘ ਧਰਮਕੋਟ, ਨਰੰਜਣ ਦਾਸ ਮੇਹਲੀ, ਪਰਮਿੰਦਰ ਮੇਨਕਾ, ਜਸਵਿੰਦਰ ਸਿੰਘ ਭੰਗਲ ਅਤੇ ਇਸਤਰੀ ਸਭਾ ਦੀ ਆਗੂ ਜੁਗਿੰਦਰ ਕੌਰ ਨੇ ਵੀ ਸੰਬੋਧਨ ਕੀਤਾ।