12 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ, ਅੱਜ ਵੀ ਭਾਰੀ ਮੀਂਹ ਦੀ ਚੇਤਾਵਨੀ

0
76

ਚੰਡੀਗੜ੍ਹ : ਪੰਜਾਬ ਦੇ 12 ਜ਼ਿਲ੍ਹੇ ਹੜ੍ਹਾਂ ਕਰਕੇ ਪ੍ਰਭਾਵਤ ਹੋ ਚੁੱਕੇ ਹਨ। ਇਨ੍ਹਾਂ ਵਿੱਚ ਅੰਮਿ੍ਰਤਸਰ, ਬਰਨਾਲਾ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮਾਨਸਾ, ਮੋਗਾ, ਪਠਾਨਕੋਟ ਅਤੇ ਮੁਹਾਲੀ ਦੇ ਕੁਝ ਇਲਾਕੇ ਸ਼ਾਮਲ ਹਨ, ਜਿਸ ਦੇ 1300 ਤੋਂ ਵੱਧ ਪਿੰਡ ਪ੍ਰਭਾਵਤ ਹੋ ਚੁੱਕੇ ਹਨ। ਲੱਖਾਂ ਲੋਕ ਬੇਘਰ ਹੋ ਚੁੱਕੇ ਹਨ। ਹੁਣ ਤੱਕ 29 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 15688 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਪਠਾਨਕੋਟ ਵਿੱਚ 6, ਅੰਮਿ੍ਰਤਸਰ, ਬਰਨਾਲਾ, ਹੁਸ਼ਿਆਰਪੁਰ, ਲੁਧਿਆਣਾ, ਮਾਨਸਾ ਅਤੇ ਰੋਪੜ ਵਿੱਚ 3-3 ਅਤੇ ਬਠਿੰਡਾ, ਗੁਰਦਾਸਪੁਰ, ਪਟਿਆਲਾ, ਮੁਹਾਲੀ ਤੇ ਸੰਗਰੂਰ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਸ਼ੂਆਂ ਦਾ ਨੁਕਸਾਨ ਹੋਇਆ ਹੈ। ਸੂਬਾ ਸਰਕਾਰ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 129 ਰਾਹਤ ਕੈਂਪ ਚਲਾਏ ਗਏ ਹਨ, ਜਿੱਥੇ 7144 ਲੋਕਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅਗਲੇ 24 ਘੰਟੇ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਹੁਸ਼ਿਆਰਪੁਰ, ਨਵਾਂ ਸ਼ਹਿਰ, ਗੜਸ਼ੰਕਰ, ਰੋਪੜ ਅਤੇ ਪਟਿਆਲਾ ਸਣੇ ਆਲੇ-ਦੁਆਲੇ ਦੇ ਇਲਾਕੇ ਵਿੱਚ ਭਾਰੀ ਮੀਂਹ ਪੈਣ ਲਈ ‘ਰੈੱਡ ਅਲਰਟ’ ਵੀ ਜਾਰੀ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਵਿੱਚ ਮੱਧਮ ਮੀਂਹ ਪੈਣ ਲਈ ‘ਔਰੇਂਜ ਅਲਰਟ’ ਜਾਰੀ ਕੀਤਾ ਹੈ। ਅਧਿਕਾਰੀਆਂ ਅਨੁਸਾਰ ਪੰਜਾਬ ਵਿੱਚ ਅਗਸਤ ਵਿੱਚ 253.7 ਮਿਲੀਮੀਟਰ ਮੀਂਹ ਪਿਆ, ਜੋ ਕਿ ਆਮ ਨਾਲੋਂ 74 ਪ੍ਰਤੀਸ਼ਤ ਵੱਧ ਹੈ ਅਤੇ 25 ਸਾਲਾਂ ਵਿੱਚ ਸੂਬੇ ਵਿੱਚ ਸਭ ਤੋਂ ਵੱਧ ਹੈ।
ਇਸੇ ਦੌਰਾਨ ‘ਟਰੈਕਟਰ’, ਜਿਸ ਨੂੰ ਕਿਸਾਨ ਆਪਣਾ ‘ਪੁੱਤ’ ਮੰਨਦੇ ਹਨ ਅਤੇ ਧਰਨੇ ਪ੍ਰਦਰਸ਼ਨਾਂ ਦੌਰਾਨ ਇਨ੍ਹਾਂ ਦੀ ਆਮ ਕਰਕੇ ਵਰਤੋਂ ਕਰਦੇ ਹਨ, ਅੱਜ ਜਦੋਂ ਪੰਜਾਬ ’ਤੇ ਬਿਪਤਾ ਪਈ ਹੈ ਤਾਂ ਉਹ ਕਿਸਾਨ ਨਾਲ ਨਾਇਕ ਬਣ ਕੇ ਉੱਭਰਿਆ ਹੈ।
ਕਦੇ ਟਰੈਕਟਰ ਨੂੰ ‘ਪਰੇਸ਼ਾਨੀ ਪੈਦਾ ਕਰਨ ਵਾਲਾ ਵਾਹਨ’ (ਨਿਊਸੈਂਸ ਵਹੀਕਲ) ਕਿਹਾ ਜਾਂਦਾ ਸੀ। ਸੜਕ ਨਿਯਮਾਂ ਦੀ ਉਲੰਘਣਾ ਲਈ ਅਕਸਰ ਟਰੈਕਟਰ ਚਾਲਕਾਂ ਦਾ ਚਲਾਨ ਕੀਤਾ ਜਾਂਦਾ ਸੀ। ਕਈ ਮਾਮਲਿਆਂ ਵਿੱਚ ਤਾਂ ਟਰੈਕਟਰ ਜ਼ਬਤ ਵੀ ਕੀਤੇ ਗਏ, ਪਰ ਉਹੀ ਟਰੈਕਟਰ ਹੁਣ ਹੜ੍ਹਾਂ ਦੌਰਾਨ ਪੰਜਾਬ ਦਾ ਸਭ ਤੋਂ ਭਰੋਸੇਮੰਦ ਬਚਾਅ ਸਾਧਨ ਬਣ ਗਿਆ ਹੈ। ਜਿਵੇਂ-ਜਿਵੇਂ ਭਾਰੀ ਮੀਂਹ ਕਾਰਨ ਮਾਲਵਾ ਦੇ ਪਿੰਡਾਂ ਤੋਂ ਲੈ ਕੇ ਮਾਝਾ ਅਤੇ ਦੋਆਬਾ ਦੇ ਨੀਵੇਂ ਇਲਾਕਿਆਂ ਸਮੇਤ ਪੰਜਾਬ ਦੇ ਵੱਡੇ ਹਿੱਸੇ ਹੜ੍ਹਾਂ ਦੀ ਲਪੇਟ ਵਿੱਚ ਆ ਰਹੇ ਹਨ, ਇਹ ਟਰੈਕਟਰ ਪਾਣੀ ਵਿੱਚ ਡੁੱਬੇ ਇਲਾਕਿਆਂ ਵਿੱਚ ਜਾ ਕੇ ਫਸੇ ਪਰਵਾਰਾਂ ਨੂੰ ਬਚਾਉਣ ਵਿੱਚ ਮਦਦ ਕਰ ਰਿਹਾ ਹੈ ਅਤੇ ਭੋਜਨ, ਪੀਣਯੋਗ ਪਾਣੀ, ਦਵਾਈਆਂ ਵਰਗੀਆਂ ਜ਼ਰੂਰੀ ਵਸਤਾਂ ਪਹੁੰਚਾ ਰਹੇ ਹਨ। ਉਨ੍ਹਾਂ ਇਲਾਕਿਆਂ ਵਿੱਚ, ਜਿੱਥੇ ਸਰਕਾਰੀ ਵਾਹਨ ਅਤੇ ਐਮਰਜੈਂਸੀ ਸੇਵਾਵਾਂ ਨਹੀਂ ਪਹੁੰਚ ਸਕਦੀਆਂ, ਟਰੈਕਟਰ ਲੱਕ-ਲੱਕ ਤੱਕ ਪਾਣੀ ਵਿੱਚੋਂ ਲੰਘ ਕੇ ਲੋਕਾਂ ਤੱਕ ਪਹੁੰਚ ਰਹੇ ਹਨ। ਬਲਕਿ ਹੁਣ ਅਧਿਕਾਰੀ ਵੀ ਹੜ੍ਹ ਪ੍ਰਭਾਵਤ ਖੇਤਰਾਂ ਵਿੱਚ ਜਾਣ ਲਈ ਇਨ੍ਹਾਂ ਟਰੈਕਟਰਾਂ ਦੀ ਸਵਾਰੀ ਕਰਦੇ ਨਜ਼ਰ ਆ ਰਹੇ ਹਨ। ਪਿੰਡ ਵਾਲੇ ਅਤੇ ਟਰੈਕਟਰ ਮਾਲਕ, ਜਿਨ੍ਹਾਂ ਵਿੱਚੋਂ ਕਈਆਂ ਨੂੰ ਪਹਿਲਾਂ ਜੁਰਮਾਨਾ ਭਰਨਾ ਪਿਆ ਸੀ, ਹੁਣ ਆਪਣੇ ਗੁਆਂਢੀਆਂ ਅਤੇ ਅਜਨਬੀਆਂ ਦੀ ਮਦਦ ਕਰਨ ਲਈ ਆਪਣੇ ਵਾਹਨਾਂ ਦੀ ਸਵੈ-ਇੱਛਾ ਨਾਲ ਵਰਤੋਂ ਕਰ ਰਹੇ ਹਨ ਅਤੇ ਆਪਣੀ ਜਾਨ ਨੂੰ ਵੀ ਖਤਰੇ ਵਿੱਚ ਪਾ ਰਹੇ ਹਨ।