ਮਾਨਸਾ (ਆਤਮਾ ਸਿੰਘ ਪਮਾਰ)
ਵਰ੍ਹਦੇ ਮੀਂਹ ਵਿੱਚ ਹਜ਼ਾਰਾਂ ਮਨਰੇਗਾ ਮਜ਼ਦੂਰਾਂ ਨੇ ਬੁੱਧਵਾਰ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਪ੍ਰਦਰਸ਼ਨ ਕਰਨ ਉਪਰੰਤ ਸ਼ਹਿਰ ’ਚ ਜ਼ੋਰਦਾਰ ਰੋਸ ਮਾਰਚ ਕੀਤਾ ਅਤੇ ਇੱਕ ਮੰਗ ਪੱਤਰ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਰਾਹੀ ਭੇਜਿਆ ।
ਇਸ ਮੌਕੇ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਸੂਬੇ ’ਚ ਆਏ ਭਿਆਨਕ ਹੜ੍ਹ ਕੁਦਰਤੀ ਕਰੋਪੀ ਨਹੀਂ, ਸਗੋਂ ਸਮੇਂ ਦੇ ਹਾਕਮਾਂ ਦੀ ਨਲਾਇਕੀ ਹੈ, ਜਿਸ ਕਾਰਨ ਲੱਖਾਂ ਏਕੜ ਫ਼ਸਲ, ਹਜ਼ਾਰਾਂ ਪਿੰਡ ਤੇ ਲੱਖਾਂ ਘਰ ਬਰਬਾਦ ਹੋ ਚੁੱਕੇ ਹਨ ਤੇ ਲੱਖਾਂ ਲੋਕ ਆਪਣਾ ਸਭ ਕੁਝ ਗੁਆ ਚੁੱਕੇ ਹਨ। ਅਰਸ਼ੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹੜ੍ਹਾਂ ਨੂੰ ਕੌਮੀ ਆਫ਼ਤ ਐਲਾਨੇ, ਤਾਂ ਕਿ ਕੌਮੀ ਰਾਹਤ ਫੰਡ ਵਿੱਚੋਂ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ।
ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ �ਿਸ਼ਨ ਚੌਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉਡਤ ਨੇ ਜੋਸ਼ੀਲੇ ਭਾਸ਼ਣ ਰਾਹੀਂ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਕੋਸਦਿਆਂ ਕਿਹਾ ਕਿ ਦੋਵੇਂ ਸਰਕਾਰਾਂ ਲਗਾਤਾਰ ਮਨਰੇਗਾ ਕਾਨੂੰਨ ਕਮਜ਼ੋਰ ਕਰਨ ਦੇ ਕੋਝੇ ਯਤਨ ਕਰ ਰਹੀਆਂ ਹਨ।ਪਿਛਲੇ ਸਾਲ ਘਟਾਏ ਬਜਟ ਕਾਰਨ ਕਾਮਿਆਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ, ਹੁਣ ਮਨਰੇਗਾ ਕੰਮਾਂ ਵਿੱਚ ਕਟੌਤੀ ਕਰਕੇ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ, ਜਿਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਰਾਸ਼ਨ ਕਾਰਡ ਬਹਾਲ ਕਰਨ, ਦਿਹਾੜੀ ਇੱਕ ਹਜ਼ਾਰ ਰੁਪਏ, ਦੋ ਸੌ ਦਿਨ ਕੰਮ ਦੇਣ, ਪੈਨਸ਼ਨ ਘੱਟੋ-ਘੱਟ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਮੰਗ ਵੀ ਕੀਤੀ।
ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲੋਂ, ਦਲਜੀਤ ਸਿੰਘ ਮਾਨਸ਼ਾਹੀਆ, ਸੀ ਪੀ ਆਈ ਆਗੂ ਵੇਦ ਪ੍ਰਕਾਸ਼ ਬੁਢਲਾਡਾ, ਸੀਤਾ ਰਾਮ ਗੋਬਿੰਦਪੁਰਾ, ਕੇਵਲ ਸਿੰਘ ਸਮਾਓ, ਖੇਤ ਮਜ਼ਦੂਰ ਸਭਾ ਤੇ ਏਟਕ ਦੇ ਕਰਨੈਲ ਸਿੰਘ ਭੀਖੀ, ਜਗਸੀਰ ਸਿੰਘ ਰਾਏਕੇ, ਦੁਕਾਨਦਾਰ ਆਗੂ ਰਤਨ ਭੋਲਾ ਨੇ ਮਜ਼ਦੂਰਾਂ ਦੀਆਂ ਮੰਗਾਂ ਦੀ ਹਮਾਇਤ ਕਰਦਿਆਂ ਕਿਸਾਨ, ਮਜ਼ਦੂਰ, ਦੁਕਾਨਦਾਰ ਤੇ ਮੁਲਾਜ਼ਮਾਂ ਦੀ ਏਕਤਾ ਨੂੰ ਮਜ਼ਬੂਤ ਕਰਕੇ ਸਾਂਝੇ ਸੰਘਰਸ਼ਾਂ ਲਈ ਤਿਆਰ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ।
ਹੋਰਨਾਂ ਤੋਂ ਇਲਾਵਾ ਹਰਮੀਤ ਸਿੰਘ ਬੋੜਾਵਾਲ, ਕਰਨੈਲ ਸਿੰਘ ਦਾਤੇਵਾਸ, ਪਵਨ ਕੁਮਾਰ ਬੁਢਲਾਡਾ, ਹਰਦਿਆਲ ਸਿੰਘ ਬੁਢਲਾਡਾ, ਜੱਗਾ ਸ਼ੇਰ ਖਾਂ ਵਾਲਾ, ਬੰਬੂ ਸਿੰਘ, ਗੁਰਦੇਵ ਦਲੇਲ ਸਿੰਘ ਵਾਲਾ, ਕਪੂਰ ਸਿੰਘ ਕੋਟ ਲੱਲੂ, ਬੂਟਾ ਸਿੰਘ ਬਰਨਾਲਾ, ਸੁਖਦੇਵ ਪੰਧੇਰ, ਮਨਜੀਤ ਕੌਰ ਦਲੇਲ ਸਿੰਘ ਵਾਲਾ, ਧੰਨਾ ਬੱਪੀਆਣਾ, ਮੱਘਰ ਸਿੰਘ ਮੀਰਪੁਰ, ਗੁਰਪਿਆਰ ਫੱਤਾ, ਸ਼ੰਕਰ ਜਟਾਣਾ, ਬਲਦੇਵ ਦੂਲੋਵਾਲ, ਦੇਸ ਰਾਜ ਕੋਟ ਧਰਮੂ, ਬੂਟਾ ਬਾਜੇ ਵਾਲਾ, ਰਾਜ ਧਿੰਗੜ, ਗੁਰਤੇਜ ਚਹਿਲਾਂ ਵਾਲਾ, ਜਗਰੂਪ ਸੱਦਾ ਸਿੰਘ ਵਾਲਾ ਆਦਿ ਆਗੂਆਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।





