ਫਾਜ਼ਿਲਕਾ : ਪੰਜਾਬ ਇਸਤਰੀ ਸਭਾ ਜ਼ਿਲ੍ਹਾ ਫਾਜ਼ਿਲਕਾ ਦੀ ਇਕ ਟੀਮ, ਜਿਸ ਵਿੱਚ ਪ੍ਰਧਾਨ ਸੁਮਿਤਰਾ, ਮੀਤ ਪ੍ਰਧਾਨ ਸੁਸ਼ਮਾ ਗੋਲਡਨ, ਸਹਾਇਕ ਸਕੱਤਰ ਹਰਜੀਤ ਢੰਡੀਆਂ ਸ਼ਾਮਲ ਹਨ, ਨੇ ਹੜ੍ਹ ਵਾਲੇ ਇਲਾਕਿਆਂ ਦਾ ਦੌਰਾ ਕੀਤਾ। ਟੀਮ ਨੇ ਵੇਖਿਆ ਕਿ ਲੋਕਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਬਿਲਕੁਲ ਤਬਾਹ ਹੋ ਚੁੱਕੀਆਂ ਹਨ ਅਤੇ ਖੇਤਾਂ ਦਾ ਏਨਾ ਬੁਰਾ ਹਾਲ ਹੈ ਕਿ ਅਗਲੀ ਫਸਲ ਦੀ ਵੀ ਬੇਯਕੀਨੀ ਹੈ। ਲੋਕਾਂ ਦੇ ਘਰ ਵੀ ਢਹਿ ਗਏ ਹਨ, ਸਭ ਕੁਝ ਤਬਾਹ ਹੋ ਗਿਆ ਹੈ ਅਤੇ ਉਹ ਕੈਂਪਾਂ ਵਿੱਚ ਬੜੀ ਵਿਚਾਰਗੀ ਦੀ ਹਾਲਤ ਵਿੱਚ ਦਿਨ ਬਤੀਤ ਕਰ ਰਹੇ ਹਨ। ਸੁਸ਼ਮਾ ਗੋਲਡਨ ਨੇ ਕਿਹਾ ਕਿ ਪੀੜਤਾਂ ਦੀ ਜਿੰਨੀ ਵੀ ਹੋ ਸਕੇ ਲੋਕ ਮਦਦ ਕਰਨ ਲਈ ਅੱਗੇ ਆਉਣ। ਇਸਤਰੀ ਸਭਾ ਦੀ ਟੀਮ ਨੇ ਪੀੜਤ ਪਰਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਹਨਾਂ ਦੀ ਮਦਦ ਜ਼ਰੂਰ ਕਰਨਗੇ।ਇਹ ਜਥਾ ਪਿੰਡ ਢਾਣੀ, ਆਤੂਵਾਲਾ ਹਿਠਾੜ ਕਾਵਾਂ ਵਿਖੇ ਸੁਮਿੱਤਰਾ ਦੀ ਅਗਵਾਈ ਵਿੱਚ ਗਿਆ ਅਤੇ ਖਾਣ-ਪੀਣ ਦਾ ਸਮਾਨ ਵੰਡ ਕੇ ਆਇਆ।ਪੰਜਾਬ ਇਸਤਰੀ ਸਭਾ ਆਪਣੇ ਤਰੀਕੇ ਨਾਲ ਲੋਕਾਂ ਦੀ ਬਾਅਦ ਵਿੱਚ ਮਦਦ ਕਰੇਗੀ, ਜਦੋਂ ਬਾਕੀ ਐੱਨ ਜੀ ਓਜ਼ ਆਪਣਾ ਕੰਮ ਖਤਮ ਕਰ ਜਾਣਗੀਆਂ, ਕਿਉਕਿ ਉਦੋਂ ਵੀ ਉਹਨਾਂ ਨੂੰ ਮਦਦ ਦੀ ਬਹੁਤ ਲੋੜ ਪਵੇਗੀ। ਪੰਜਾਬ ਇਸਤਰੀ ਸਭਾ ਫਾਜ਼ਿਲਕਾ ਦੇ ਜਨਰਲ ਸਕੱਤਰ ਜੋਗਿੰਦਰ ਕੌਰ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹਾ ਆਪਣੀ ਸਾਰੀ ਸ਼ਕਤੀ ਮੁਤਾਬਕ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਵੇਗਾ ਅਤੇ ਵੱਧ ਤੋਂ ਵੱਧ ਮਦਦ ਕਰੇਗਾ।





