ਸਕੂਲ ਅੱਜ ਤੋਂ ਖੁੱਲ੍ਹ ਜਾਣਗੇ, ਪਰ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਭਲਕੇ ਆਉਣਗੇ

0
161

ਭਲਾਣ (ਹਰਭਜਨ ਢਿੱਲੋਂ)-ਪੰਜਾਬ ਵਿੱਚ ਸਕੂਲ 8 ਸਤੰਬਰ ਨੂੰ ਖੁੱਲ੍ਹ ਜਾਣਗੇ, ਪਰ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ, ਜਦੋਂ ਕਿ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਕਾਲਜ ਤੇ ਯੂਨੀਵਰਸਿਟੀਆਂ ਆਮ ਵਾਂਗ ਖੁੱਲ੍ਹਣਗੀਆਂ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨੰਗਲ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੇ ਕੋਈ ਸਕੂਲ ਜਾਂ ਕਾਲਜ ਹੜ੍ਹ ਤੋਂ ਪ੍ਰਭਾਵਤ ਹੈ ਤਾਂ ਉਸ ਨੂੰ ਬੰਦ ਕਰਨ ਦਾ ਫੈਸਲਾ ਡਿਪਟੀ ਕਮਿਸ਼ਨਰ ਵੱਲੋਂ ਲਿਆ ਜਾਵੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ 8 ਸਤੰਬਰ ਨੂੰ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ, ਜਦੋਂ ਕਿ ਅਧਿਆਪਕ ਸਕੂਲ ਵਿੱਚ ਹਾਜ਼ਰ ਹੋਣਗੇ ਤੇ ਸਾਫ-ਸਫਾਈ ਯਕੀਨੀ ਬਣਾਉਣਗੇ। ਇਸ ਕੰਮ ਲਈ ਪੰਚਾਇਤਾਂ, ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨਾਂ ਦੀ ਮਦਦ ਲਈ ਜਾਵੇਗੀ। ਜੇ ਕਿਸੇ ਸਰਕਾਰੀ ਸਕੂਲ ਦੀ ਇਮਾਰਤ ਵਿੱਚ ਕੋਈ ਦਿੱਕਤ ਜਾਂ ਨੁਕਸ ਪਾਇਆ ਜਾਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ ਜਾਵੇ। ਸਾਰੇ ਸਰਕਾਰੀ ਸਕੂਲ ਆਮ ਵਾਂਗ 9 ਸਤੰਬਰ ਤੋਂ ਖੁੱਲ੍ਹਣਗੇ। ਉਨ੍ਹਾ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਸਕੂਲ ਦੀ ਇਮਾਰਤ ਅਤੇ ਕਲਾਸ ਰੂਮ ਬਿਲਕੁਲ ਸੁਰੱਖਿਅਤ ਹਨ।