ਬਾਬੂ ਕਾਂਸ਼ੀ ਰਾਮ ਦੇ ਬਹੁਜਨ ਅੰਦੋਲਨ ਨੇ ਉੱਤਰੀ ਭਾਰਤੀ ਰਾਜਨੀਤੀ ਦੇ ਸਮਾਜਿਕ ਵਿਆਕਰਣ ਨੂੰ ਬਦਲ ਦਿੱਤਾ ਸੀ। ਇਸ ਨੇ ਇੱਕ ਦਲਿਤ ਔਰਤ ਨੂੰ ਚਾਰ ਵਾਰ ਦੇਸ਼ ਦੇ ਸਭ ਤੋਂ ਵੱਡੇ ਰਾਜ ਯੂ ਪੀ ਦੀ ਮੁੱਖ ਮੰਤਰੀ ਬਣਾਇਆ। ਅੱਜ ਇਸ ਪਾਰਟੀ ਦਾ ਯੂ ਪੀ ਵਿਧਾਨ ਸਭਾ ਵਿੱਚ ਕੋਈ ਵਿਧਾਇਕ ਨਹੀਂ ਹੈ, ਲੋਕ ਸਭਾ ਵਿੱਚ ਕੋਈ ਸੰਸਦ ਮੈਂਬਰ ਨਹੀਂ ਹੈ ਅਤੇ ਰਾਜ ਸਭਾ ਵਿੱਚ ਆਖਰੀ ਬਚਿਆ ਹੋਇਆ ਸੰਸਦ ਮੈਂਬਰ ਰਾਮਜੀ ਗੌਤਮ ਨਵੰਬਰ 2026 ਵਿੱਚ ਸੇਵਾਮੁਕਤ ਹੋ ਜਾਵੇਗਾ। ਇਸ ਲਈ ਸਵਾਲ ਗੰਭੀਰ ਹੈ : ਕੀ ਕਾਂਸ਼ੀ ਰਾਮ ਦਾ ਬਹੁਜਨ ਮਿਸ਼ਨ ਆਪਣੇ ਰਾਜਨੀਤਕ ਅੰਤ ਵੱਲ ਵਧ ਰਿਹਾ ਹੈ?
ਇਹ ਕਹਾਣੀ ਕਿਸੇ ਵੱਡੇ ਰਾਜਨੀਤਕ ਪਰਵਾਰ, ਪੂੰਜੀਪਤੀਆਂ ਜਾਂ ਸਥਾਪਤ ਪਾਰਟੀ ਤੋਂ ਸ਼ੁਰੂ ਨਹੀਂ ਸੀ ਹੋਈ। ਕਾਂਸ਼ੀ ਰਾਮ ਨੇ ਪਹਿਲਾਂ ਪੜ੍ਹੇ-ਲਿਖੇ ਦਲਿਤ, ਆਦਿਵਾਸੀ, ਪੱਛੜੇ ਅਤੇ ਘੱਟਗਿਣਤੀ ਸਰਕਾਰੀ ਕਰਮਚਾਰੀਆਂ ਨੂੰ ਜਥੇਬੰਦ ਕੀਤਾ। ਇਹ ਯਤਨ, ਜੋ 1970 ਦੇ ਦਹਾਕੇ ਵਿੱਚ ਸ਼ੁਰੂ ਹੋਇਆ ਸੀ, 1978 ਵਿੱਚ ਬਾਮਸੇਫ (ਆਲ ਇੰਡੀਆ ਬੈਕਵਰਡ ਐਂਡ ਮਾਈਨੌਰਿਟੀ ਕਮਿਊਨਿਟੀਜ਼ ਇੰਪਲਾਈਜ਼ ਫੈਡਰੇਸ਼ਨ) ਦੇ ਗਠਨ ਨਾਲ ਸਿਰੇ ਲੱਗਾ। 1981 ਵਿੱਚ ਉਨ੍ਹਾ ਨੇ ਦਲਿਤ ਸੋਸ਼ਿਤ ਸਮਾਜ ਸੰਘਰਸ਼ ਸਮਿਤੀ (ਡੀ ਐੱਸ 4) ਬਣਾਈ ਅਤੇ 14 ਅਪ੍ਰੈਲ, 1984 ਨੂੰ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ। ਇਹ ਕ੍ਰਮ ਬਹੁਤ ਅਹਿਮ ਸੀ-ਪਹਿਲਾਂ, ਵਿਚਾਰਧਾਰਕ ਕਾਰਕੁੰਨ, ਫਿਰ ਸਮਾਜਿਕ ਸੰਗਠਨ ਅਤੇ ਅੰਤ ਵਿੱਚ ਇੱਕ ਰਾਜਨੀਤਕ ਪਾਰਟੀ। ਦੂਜੇ ਸ਼ਬਦਾਂ ਵਿੱਚ, ਪਹਿਲਾਂ ਜ਼ਮੀਨ ਤਿਆਰ ਕੀਤੀ ਗਈ, ਫਿਰ ਬੀਜ ਬੀਜੇ ਗਏ ਅਤੇ ਫਿਰ ਵਾਢੀ ਦੀ ਉਮੀਦ ਕੀਤੀ ਗਈ।
ਕਾਂਸ਼ੀ ਰਾਮ ਦਾ ਮੰਨਣਾ ਸੀ ਕਿ ਜਿਸ ਸਮਾਜ ਦੀ ਆਬਾਦੀ ਬਹੁਤ ਵੱਡੀ ਹੈ, ਪਰ ਸੱਤਾ ਵਿੱਚ ਹਿੱਸੇਦਾਰੀ ਬਹੁਤ ਛੋਟੀ, ਉਸ ਦੀ ਪਹਿਲੀ ਲੋੜ ਆਪਣੀ ਗਿਣਤੀ ਨੂੰ ਰਾਜਨੀਤਕ ਚੇਤਨਾ ਵਿੱਚ ਬਦਲਣਾ ਹੈ। ਉਨ੍ਹਾ ਦਾ ਸੰਦੇਸ਼ ਸਾਫ ਸੀ ਕਿ ਬਹੁਜਨਾਂ ਨੂੰ ਕਿਸੇ ਹੋਰ ਦਾ ਵੋਟ ਬੈਂਕ ਕਿਉਂ ਬਣਨਾ ਚਾਹੀਦਾ ਹੈ, ਉਨ੍ਹਾਂ ਨੂੰ ਖੁਦ ਸੱਤਾ ਦੇ ਦਾਅਵੇਦਾਰ ਕਿਉਂ ਨਹੀਂ ਬਣਨਾ ਚਾਹੀਦਾ? ਯੂ ਪੀ ਇਸ ਲਈ ਸਭ ਤੋਂ ਵੱਡਾ ਪ੍ਰਯੋਗ ਖੇਤਰ ਬਣਿਆ। 1995 ਵਿੱਚ ਮਾਇਆਵਤੀ ਪਹਿਲੀ ਵਾਰ ਭਾਜਪਾ ਦੇ ਸਮਰਥਨ ਨਾਲ ਮੁੱਖ ਮੰਤਰੀ ਬਣੀ। ਉਹ ਬਾਅਦ ਵਿੱਚ 1997, 2002 ਅਤੇ 2007 ਵਿੱਚ ਮੁੱਖ ਮੰਤਰੀ ਬਣੀ। ਇੱਕ ਨਿਮਨ ਦਲਿਤ ਪਰਵਾਰ ਤੋਂ ਇੱਕ ਔਰਤ ਦਾ ਯੂ ਪੀ ਦੇ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਣਾ ਭਾਰਤੀ ਲੋਕਤੰਤਰ ਵਿੱਚ ਅਸਾਧਾਰਨ ਘਟਨਾਵਾਂ ਵਿੱਚੋਂ ਇੱਕ ਸੀ। ਬਸਪਾ ਨੇ ਲੱਖਾਂ ਦਲਿਤਾਂ ਨੂੰ ਇਹ ਅਹਿਸਾਸ ਕਰਨ ਲਈ ਮਨੋਵਿਗਿਆਨਕ ਤਾਕਤ ਦਿੱਤੀ ਕਿ ਉਹ ਸਿਰਫ ਸਰਕਾਰੀ ਸਹਾਇਤਾ ਮੰਗਣ ਵਾਲਾ ਭਾਈਚਾਰਾ ਨਹੀਂ-ਉਹ ਆਪਣੀਆਂ ਸਰਕਾਰਾਂ ਬਣਾ ਸਕਦੇ ਹਨ। ਆਪਣੇ ਬਲਬੂਤੇ ਪੂਰਨ ਬਹੁਮਤ ਨਾਲ ਮੁੱਖ ਮੰਤਰੀ ਬਣਨ ਵਾਲੀ ਮਾਇਆਵਤੀ ਨੂੰ ਇੱਕ ਵਾਰ ਭਵਿੱਖ ਦੀ ਪ੍ਰਧਾਨ ਮੰਤਰੀ ਵੀ ਮੰਨਿਆ ਜਾਣ ਲੱਗਾ ਸੀ, ਪਰ ਉਹ ਸਿਖਰ ਅੰਤ ਵਿੱਚ ਗਿਰਾਵਟ ਦੀ ਸ਼ੁਰੂਆਤ ਸਾਬਤ ਹੋਇਆ।
ਕਾਂਸ਼ੀ ਰਾਮ ਦੀ ਤਾਕਤ ਇਸ ਦਾ ਕਾਡਰ ਸੀ। ਮਾਇਆਵਤੀ ਦੇ ਕਾਰਜਕਾਲ ਦੌਰਾਨ ਬਸਪਾ ਹੌਲੀ-ਹੌਲੀ ਇੱਕ ਬਹੁਤ ਹੀ ਕੇਂਦਰੀਕ੍ਰਿਤ ਪਾਰਟੀ ਬਣ ਗਈ। ਬਹੁਤ ਸਾਰੇ ਪ੍ਰਮੁੱਖ ਨੇਤਾ ਛੱਡ ਗਏ ਜਾਂ ਕੱਢ ਦਿੱਤੇ ਗਏ। ਕਾਂਸ਼ੀ ਰਾਮ ਨੇ ਮਾਇਆਵਤੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਸੀ। ਦੋਵਾਂ ਵਿਚਕਾਰ ਕੋਈ ਖੂਨ ਦਾ ਰਿਸ਼ਤਾ ਨਹੀਂ ਸੀ। ਉਨ੍ਹਾ ਆਪਣੇ ਅੰਦੋਲਨ ਦੇ ਅੰਦਰੋਂ ਇੱਕ ਵਰਕਰ ਚੁਣਿਆ ਅਤੇ ਉਸ ਨੂੰ ਦੇਸ਼ ਦੇ ਸਭ ਤੋਂ ਮਹੱਤਵਪੂਰਨ ਦਲਿਤ ਨੇਤਾਵਾਂ ਵਿੱਚੋਂ ਇੱਕ ਵਿੱਚ ਬਦਲ ਦਿੱਤਾ। ਅੱਜ ਉਸੇ ਪਾਰਟੀ ਦੇ ਅੰਦਰ ਉੱਤਰਾਧਿਕਾਰੀ ਬਾਰੇ ਚਰਚਾ ਮਾਇਆਵਤੀ ਦੇ ਭਰਾ ਆਨੰਦ ਕੁਮਾਰ ਅਤੇ ਭਤੀਜਿਆਂ ਆਕਾਸ਼ ਅਤੇ ਈਸ਼ਾਨ ਆਨੰਦ ਦੇ ਆਲੇ-ਦੁਆਲੇ ਘੁੰਮਦੀ ਹੈ। ਕਾਂਸ਼ੀ ਰਾਮ ਦਾ ਮਾਡਲ ਕੇਡਰ ਤੋਂ ਉੱਤਰਾਧਿਕਾਰੀ ਪੈਦਾ ਕਰਨਾ ਸੀ; ਅੱਜ ਪਰਵਾਰ ਦੇ ਅੰਦਰ ਉੱਤਰਾਧਿਕਾਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਸਿਰਫ ਇੱਕ ਸੰਗਠਨਾਤਮਕ ਤਬਦੀਲੀ ਨਹੀਂ ਹੈ, ਸਗੋਂ ਪੂਰੇ ਅੰਦੋਲਨ ਦੀ ਦਿਸ਼ਾ ਵਿੱਚ ਤਬਦੀਲੀ ਦਾ ਸੰਕੇਤ ਹੈ।
ਕਈ ਸਾਲਾਂ ਤੋਂ ਇਹ ਰਾਜਨੀਤਕ ਧਾਰਨਾ ਹੈ ਕਿ ਮਾਇਆਵਤੀ ਭਾਜਪਾ ਦਾ ਵਿਰੋਧ ਸਿਰਫ ਉਸ ਹੱਦ ਤੱਕ ਕਰਦੀ ਹੈ, ਜੋ ਉਸ ਲਈ ਸੁਰੱਖਿਅਤ ਹੈ, ਪਰ ਸਿੱਧੀ ਰਾਜਨੀਤਕ ਜੰਗ ਸ਼ੁਰੂ ਕਰਨ ਦੀ ਹੱਦ ਤੱਕ ਨਹੀਂ ਜਾਂਦੀ। ਮਾਇਆਵਤੀ ਦਾ ਵਾਰ-ਵਾਰ ਸ਼ਿਕਸਤਾਂ ਦੇ ਬਾਵਜੂਦ ‘ਇਕੱਲੇ ਚੱਲਣ’ ‘ਤੇ ਜ਼ੋਰ ਕੁਦਰਤੀ ਤੌਰ ‘ਤੇ ਸਵਾਲ ਖੜ੍ਹੇ ਕਰਦਾ ਹੈ। ਜੇ ਮੁੱਖ ਉਦੇਸ਼ ਭਾਜਪਾ ਨੂੰ ਸੱਤਾ ਤੋਂ ਹਟਾਉਣਾ ਹੈ, ਤਾਂ ਵਿਰੋਧੀ ਗੱਠਜੋੜ ਤੋਂ ਦੂਰੀ ਕਿਉਂ ਬਣਾਈ ਹੈ? ਜੇ ਉਦੇਸ਼ ਬਸਪਾ ਨੂੰ ਮੁੜ ਸੁਰਜੀਤ ਕਰਨਾ ਹੈ, ਤਾਂ ਉਸ ਰਣਨੀਤੀ ਨੂੰ ਕਿਉਂ ਨਹੀਂ ਬਦਲਿਆ ਜਾਂਦਾ, ਜਿਸ ਨੇ ਇਕੱਲੇ ਲੜ ਕੇ ਲਗਾਤਾਰ ਵੋਟਾਂ ਅਤੇ ਸੰਗਠਨ ਦੋਵੇਂ ਗੁਆ ਦਿੱਤੇ ਹਨ? ਇਹ ਕਹਿਣਾ ਗਲਤ ਹੋਵੇਗਾ ਕਿ ਬਸਪਾ ਖਤਮ ਹੋ ਗਈ ਹੈ। ਇਸ ਕੋਲ ਅਜੇ ਵੀ ਯੂ ਪੀ ਵਿੱਚ ਲੱਖਾਂ ਵੋਟਾਂ ਹਨ। ਰਾਜਨੀਤੀ ਵਿੱਚ ਕੁਝ ਵੀ ਅਸੰਭਵ ਨਹੀਂ ਹੁੰਦਾ, ਪਰ ਪਾਰਟੀ ਅੱਗੇ ਇਸ ਵੇਲੇ ਵੱਡੇ ਸਵਾਲ ਇਹ ਹਨ-ਇਸ ਦਾ ਉਦੇਸ਼ ਕੀ ਹੈ? ਕੀ ਇਹ ਸੱਤਾ ਮੁੜ ਪ੍ਰਾਪਤ ਕਰਨਾ ਚਾਹੁੰਦੀ ਹੈ? ਕੀ ਇਹ ਸੁਤੰਤਰ ਬਹੁਜਨ ਅੰਦੋਲਨ ਨੂੰ ਬਚਾਉਣਾ ਚਾਹੁੰਦੀ ਹੈ? ਕੀ ਇਹ ਸਿਰਫ ਆਪਣੀ ਸੁਰੱਖਿਅਤ ਵੋਟ ਹਿੱਸੇਦਾਰੀ ਬਣਾਈ ਰੱਖਣਾ ਚਾਹੁੰਦੀ ਹੈ? ਜਾਂ ਇਹ ਇੱਕ ਰਾਜਨੀਤਕ ਉਲਝਣ ਵਿੱਚ ਹੈ, ਜਿਸ ਦੀ ਦਿਸ਼ਾ ਇਸ ਦੇ ਵਰਕਰਾਂ ਲਈ ਵੀ ਅਸਪੱਸ਼ਟ ਹੈ? ਕਾਂਸ਼ੀ ਰਾਮ ਦਾ ਸੁਪਨਾ ਅਜੇ ਮਰਿਆ ਨਹੀਂ। ਬਹੁਜਨ ਸਮਾਜ ਵੀ ਗਾਇਬ ਨਹੀਂ ਹੋਇਆ।। ਦਲਿਤ, ਪੱਛੜੇ ਵਰਗ, ਆਦਿਵਾਸੀ ਅਤੇ ਘੱਟਗਿਣਤੀਆਂ ਅੱਜ ਵੀ ਰਾਜਨੀਤਿਕ ਪ੍ਰਤੀਨਿਧਤਾ ਲਈ ਓਨੇ ਹੀ ਬੇਤਾਬ ਹਨ, ਜਿੰਨੇ ਉਹ ਕਾਂਸ਼ੀ ਰਾਮ ਦੇ ਸਮੇਂ ਦੌਰਾਨ ਸਨ। ਕਾਂਸ਼ੀ ਰਾਮ ਨੇ ਲਹਿਰ ਅਤੇ ਪਾਰਟੀ ਦੋਵੇਂ ਬਣਾਈਆਂ। ਅੱਜ ਪਾਰਟੀ ਜਿਊਂਦੀ ਹੈ, ਪਰ ਲਹਿਰ ਪੜਤਾਲ ਅਧੀਨ ਹੈ। ਬਹੁਜਨ ਰਾਜਨੀਤੀ ਦੀ ਲੋੜ ਅਜੇ ਵੀ ਮੌਜੂਦ ਹੈ; ਸਵਾਲ ਇਹ ਹੈ : ਕੀ ਬਹੁਜਨ ਸਮਾਜ ਪਾਰਟੀ ਅਜੇ ਵੀ ਉਸ ਲੋੜ ਦਾ ਸਭ ਤੋਂ ਪ੍ਰਭਾਵਸ਼ਾਲੀ ਰਾਜਨੀਤਕ ਪ੍ਰਗਟਾਵਾ ਹੈ? 2027 ਦੀਆਂ ਯੂ ਪੀ ਚੋਣਾਂ ਸੰਭਾਵਤ ਤੌਰ ‘ਤੇ ਇਸ ਸਵਾਲ ਦਾ ਸਭ ਤੋਂ ਫੈਸਲਾਕੁੰਨ ਜਵਾਬ ਪ੍ਰਦਾਨ ਕਰਨਗੀਆਂ ਅਤੇ ਇਹ ਜਵਾਬ ਨਾ ਸਿਰਫ ਬਸਪਾ ਦਾ ਭਵਿੱਖ, ਸਗੋਂ ਸਮੁੱਚੇ ਬਹੁਜਨ ਅੰਦੋਲਨ ਦੀ ਦਿਸ਼ਾ ਨਿਰਧਾਰਤ ਕਰੇਗਾ।



