ਪਠਾਨਕੋਟ (ਨ ਜ਼ ਸ)
ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਸ਼ੁੱਕਰਵਾਰ ਦੋਸ਼ ਲਾਇਆ ਕਿ ਪਾਰਟੀ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਉਦਘਾਟਨ ਵਿੱਚ ਸ਼ਾਮਲ ਹੋਣ ਲਈ ਪਠਾਨਕੋਟ ਆਉਂਦਿਆਂ ਉਨ੍ਹਾ ਦੇ ਕਾਫਲੇ ‘ਤੇ ‘ਆਪ’ ਵਰਕਰਾਂ ਨੇ ਹਮਲਾ ਕੀਤਾ। ਵਿਧਾਇਕ ਸ਼ੈਰੀ ਨੇ ਹਮਲਾਵਰਾਂ ਨੂੰ ਭੇਜਿਆ ਸੀ। ਬਿੱਟੂ ਨੇ ਦਾਅਵਾ ਕੀਤਾ ਕਿ ਬਟਾਲਾ ਨੇੜੇ ਆਮ ਆਦਮੀ ਪਾਰਟੀ ਦੇ 100 ਤੋਂ ਵੱਧ ਵਰਕਰਾਂ ਵੱਲੋਂ ਕਾਫਲੇ ‘ਤੇ ਪੱਥਰਾਂ ਅਤੇ ਆਂਡਿਆਂ ਨਾਲ ਹਮਲਾ ਕੀਤਾ ਗਿਆ, ਜਿਸ ਨਾਲ ਦੋ ਸੁਰੱਖਿਆ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਜੈਮਰ ਵਾਲੀ ਗੱਡੀ ਦਾ ਵੀ ਨੁਕਸਾਨ ਹੋਇਆ। ਸਥਾਨਕ ਪੁਲਸ ਖਾਮੋਸ਼ ਤਮਾਸ਼ਾਈ ਬਣੀ ਰਹੀ ਅਤੇ ਉਨ੍ਹਾਂ ਦੀ ਸੁਰੱਖਿਆ ਟੀਮ ਨੇ ਮੌਕੇ ਤੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਉਨ੍ਹਾ ਇਸ ਪੂਰੇ ਮਾਮਲੇ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜਾਣੂ ਕਰਵਾ ਦਿੱਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾ ਨੂੰ ਜਾਂ ਉਨ੍ਹਾ ਦੇ ਸਾਥੀਆਂ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੇ ਡੀ ਜੀ ਪੀ ਜ਼ਿੰਮੇਵਾਰ ਹੋਣਗੇ। ਉਨ੍ਹਾ ਪੰਜਾਬ ਸਰਕਾਰ ਤੋਂ ਘਟਨਾ ਦੀ ਤੁਰੰਤ ਜਾਂਚ ਦੀ ਮੰਗ ਕੀਤੀ।





