ਲੁਧਿਆਣਾ (ਰੈਕਟਰ ਕਥੂਰੀਆ)
ਕਿਸਾਨਾਂ ਦੇ ਭਾਰੀ ਇਕੱਠ ਨਾਲ ਸ਼ੁੱਕਰਵਾਰ ਪੀ ਏ ਯੂ ਦਾ ਦੋ ਰੋਜ਼ਾ ਕਿਸਾਨ ਮੇਲਾ ਅਰੰਭ ਹੋ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਮੇਲੇ ਦਾ ਉਦਘਾਟਨ ਕਰਨ ਦੇ ਨਾਲ-ਨਾਲ ਅਗਾਂਹਵਧੂ ਕਿਸਾਨਾਂ ਤੇ ਖੇਤੀ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਮਾਹਰਾਂ ਨੂੰ ਸਨਮਾਨਤ ਵੀ ਕੀਤਾ। ਮੁੱਖ ਮੰਤਰੀ ਨੇ ਕਿਸਾਨ ਯੂਨੀਅਨਾਂ ਨੂੰ ਧਰਨੇ ਲਾਉਣ ਦੀ ਥਾਂ ਉਨ੍ਹਾ ਨਾਲ ਸਿੱਧੇ ਮਿਲ ਕੇ ਮੰਗਾਂ ‘ਤੇ ਵਿਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾ ਕਿਹਾ, ”ਤੁਸੀਂ ਪਹਿਲਾਂ ਪ੍ਰੋਟੈੱਸਟ ਕਰਦੇ ਹੋ ਤੇ ਫਿਰ ਕਹਿੰਦੇ ਹੋ ਕਿ ਮੀਟਿੰਗ ਕਰੋ। ਤੁਸੀਂ ਪਹਿਲਾਂ ਹੀ ਮੇਰੇ ਕੋਲ ਆਓ। ਮੈਂ ਕਿਸਾਨਾਂ ਦਾ ਮਿੱਤਰ ਕੀੜਾ ਹਾਂ ਪਰ ਤੁਸੀਂ ਮੇਰੇ ‘ਤੇ ਹੀ ਸਪਰੇਅ ਕਰਦੇ ਹੋ।”
ਮਾਨ ਨੇ ਨਹਿਰੀ ਪਾਣੀ ਨੂੰ ਸੁਚੱਜੇ ਤਰੀਕੇ ਨਾਲ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਲਈ ਸਰਕਾਰੀ ਕੋਸ਼ਿਸ਼ਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ 22 ਫੀਸਦੀ ਵਰਤੋਂ ਯੋਗ ਪਾਣੀ ਨੂੰ 88 ਫੀਸਦੀ ਤੱਕ ਵਧਾ ਦੇਣਾ ਨਾ ਸਿਰਫ ਧਰਤੀ ਹੇਠਲੇ ਪਾਣੀ ਦੀ ਖਪਤ ਨੂੰ ਘੱਟ ਕਰਨ ਵਾਲਾ ਤੱਤ ਹੈ ਬਲਕਿ ਇਸ ਨਾਲ ਕੁਦਰਤੀ ਪੋਸ਼ਕ ਤੱਤ ਵੀ ਫਸਲਾਂ ਨੂੰ ਮਿਲਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਮੱਸਿਆਵਾਂ ਅਤੇ ਹੱਲ ਵਿਚਕਾਰ ਜੋ ਅੰਤਰ ਹੈ, ਉਸਨੂੰ ਘਟਾਉਣ ਲਈ ਸਾਡੀ ਸਰਕਾਰ ਅਤੇ ਪੀ ਏ ਯੂ ਮਾਹਰਾਂ ਨੂੰ ਸਿਰਤੋੜ ਕੋਸ਼ਿਸ਼ ਕਰਨੀ ਪਵੇਗੀ। ਉਨ੍ਹਾ ਕਿਹਾ ਕਿ ਦਾਲਾਂ ਅਤੇ ਹੋਰ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਅਤੇ ਮੰਡੀਕਰਨ ਗੰਭੀਰ ਸਮੱਸਿਆ ਬਣੀ ਹੋਈ ਹੈ।
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਦੇ ਸਹਿਯੋਗ ਦੀ ਸਖਤ ਲੋੜ ਹੈ।
ਮੁੱਖ ਮੰਤਰੀ ਵੱਲੋਂ ਸਨਮਾਨੇ ਜਾਣ ਵਾਲਿਆਂ ਵਿੱਚ ਮਨਦੀਪ ਸਿੰਘ ਖੱਟੜਾ, ਕੁਲਵਿੰਦਰ ਸਿੰਘ, ਬਲਧੀਰ ਸਿੰਘ, ਗੁਰਦਿਆਲ ਸਿੰਘ, ਗੁਰਮੀਤ ਸਿੰਘ, ਜੋਬਨਜੀਤ ਸਿੰਘ, ਮਨਪ੍ਰੀਤ ਸਿੰਘ ਅਤੇ ਪਿੰਡ ਮੋਹੀ ਕਲਾਂ ਜ਼ਿਲ੍ਹਾ ਪਟਿਆਲਾ ਦੀ ਪੰਚਾਇਤ ਸ਼ਾਮਲ ਹੈ।





