ਕਿਸਾਨਾਂ ਨੂੰ ਖੇਤਾਂ ’ਚੋਂ ਰੇਤ ਹਟਾਉਣ ਦੀ ਮਿਲੇਗੀ ਇਜਾਜ਼ਤ

0
119

ਚੰਡੀਗੜ੍ਹ (ਗੁਰਜੀਤ ਬਿੱਲਾ, �ਿਸ਼ਨ ਗਰਗ)
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਐਤਵਾਰ ਐਲਾਨ ਕੀਤਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਾਲ ਹੀ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਤ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਲਈ ਤਿਆਰ ਹੈ। ਸੂਬਾ ਸਰਕਾਰ ਜਲਦੀ ਹੀ ਇੱਕ ਨੀਤੀ ਦਾ ਐਲਾਨ ਕਰੇਗੀ, ਜਿਸ ਨਾਲ ਕਿਸਾਨਾਂ ਨੂੰ ਹੜ੍ਹਾਂ ਕਾਰਨ ਆਪਣੇ ਖੇਤਾਂ ਵਿੱਚ ਜਮ੍ਹਾਂ ਹੋਈ ਰੇਤ ਨੂੰ ਕੱਢਣ ਦੀ ਆਗਿਆ ਦਿੱਤੀ ਜਾਵੇਗੀ, ਤਾਂ ਜੋ ਖੇਤੀਬਾੜੀ ਗਤੀਵਿਧੀਆਂ ਬਿਨਾਂ ਦੇਰੀ ਦੇ ਮੁੜ ਸ਼ੁਰੂ ਹੋ ਸਕਣ।
ਸਿਸੋਦੀਆ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਪਹਿਲਾਂ ਹੀ ਇਸ ਮੁੱਦੇ ’ਤੇ ਅਧਿਕਾਰੀਆਂ ਨਾਲ ਚਰਚਾ ਕਰ ਚੁੱਕੇ ਹਨ ਅਤੇ ਭਰੋਸਾ ਦਿੱਤਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਇੱਕ ਸਪੱਸ਼ਟ ਨੀਤੀ ਦਾ ਐਲਾਨ ਕੀਤਾ ਜਾਵੇਗਾ, ਤਾਂ ਜੋ ਕਿਸਾਨਾਂ ਨੂੰ ਬਿਨਾਂ ਕਿਸੇ ਨੌਕਰਸ਼ਾਹੀ ਅੜਿੱਕਿਆਂ ਦੇ ਆਪਣੇ ਖੇਤਾਂ ਵਿੱਚੋਂ ਰੇਤ ਹਟਾਉਣ ਦੀ ਇਜਾਜ਼ਤ ਮਿਲ ਸਕੇ।
ਉਨ੍ਹਾ ਕਿਹਾ ਕਿ ਇਸ ਫੈਸਲੇ ਨਾਲ ਨਾ ਸਿਰਫ਼ ਕਿਸਾਨਾਂ ਨੂੰ ਅਗਲੇ ਬਿਜਾਈ ਸੀਜ਼ਨ ਲਈ ਆਪਣੀ ਜ਼ਮੀਨ ਤਿਆਰ ਕਰਨ ਵਿੱਚ ਮਦਦ ਮਿਲੇਗੀ, ਸਗੋਂ ਉਨ੍ਹਾਂ ਨੂੰ ਰੇਤ ਵੇਚਣ ਦਾ ਮੌਕਾ ਵੀ ਮਿਲੇਗਾ, ਤਾਂ ਜੋ ਇਸ ਦੀ ਵਰਤੋਂ ਉਸਾਰੀ ਦੇ ਮਕਸਦਾਂ ਲਈ ਵੀ ਕੀਤੀ ਜਾ ਸਕੇ। ਸਿਸੋਦੀਆ ਨੇ ਕਿਹਾ ਕਿ ਇਹ ਇੱਕ ਦੋਹਰੀ ਰਾਹਤ ਹੋਵੇਗੀ, ਜ਼ਮੀਨ ਫਸਲਾਂ ਲਈ ਸਾਫ਼ ਹੋ ਜਾਵੇਗੀ ਅਤੇ ਕਿਸਾਨ ਰੇਤ ਵੇਚ ਕੇ ਕੁਝ ਆਮਦਨ ਵੀ ਕਰ ਸਕਦੇ ਹਨ।
ਸਿਸੋਦੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਸੀਨੀਅਰ ਆਗੂਆਂ ਨੇ ਮੁੱਖ ਮੰਤਰੀ ਨਾਲ ਗੱਲ ਤਾਂ ਕੀਤੀ ਹੈ, ਪਰ ਅਜੇ ਤੱਕ ਕੋਈ ਠੋਸ ਵਿੱਤੀ ਸਹਾਇਤਾ ਦਾ ਐਲਾਨ ਨਹੀਂ ਕੀਤਾ।