ਕਾਮਰੇਡ ਗੁਰਬਖਸ਼ ਸਿੰਘ ਧੂੜਕੋਟ ਦੇ ਪਰਵਾਰ ਵੱਲੋਂ ਇੱਕ ਲੱਖ ਦਾ ਯੋਗਦਾਨ

0
101

ਮੋਗਾ : ਜ਼ਿਲ੍ਹਾ ਮੋਗਾ ਦੇ ਮਰਹੂਮ ਕਮਿਊਨਿਸਟ ਆਗੂਆਂ ਦੇ ਪਰਵਾਰਾਂ ਵੱਲੋਂ ਪਾਰਟੀ ਦੇ ਮਹਾਂ-ਸੰਮੇਲਨ ਲਈ ਲਗਾਤਾਰ ਸਹਾਇਤਾ ਪਹੁੰਚਾਈ ਜਾ ਰਹੀ ਹੈ। ਇਸ ਕੜੀ ਵਜੋਂ ਪਿਛਲੇ ਦਿਨੀਂ ਸਾਬਕਾ ਐੱਮ ਐੱਲ ਏ ਕਾਮਰੇਡ ਗੁਰਬਖਸ਼ ਸਿੰਘ ਧੂੜਕੋਟ ਦੇ ਪਰਵਾਰ ਵੱਲੋਂ ਇੱਕ ਲੱਖ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ।ਕਾਮਰੇਡ ਗੁਰਬਖਸ਼ ਸਿੰਘ ਧੂੜਕੋਟ ਵਿਦਿਆਰਥੀ ਜੀਵਨ ਤੋਂ ਹੀ ਕਮਿਊਨਿਸਟ ਲਹਿਰ ਵਿੱਚ ਕੁੱਦ ਪਏ ਸਨ।ਪੰਜਾਬ ਵਿੱਚ ਜਦੋਂ ਸਹਿਕਾਰਤਾ ਮੁਹਿੰਮ ਚੱਲੀ ਤਾਂ ਉਹ ਮੋਗਾ ਸੈਂਟਰਲ ਕੋਆਪਰੇਟਿਵ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਬਣੇ।ਡਾਇਰੈਕਟਰ ਹੁੰਦਿਆਂ ਉਹਨਾਂ ਬੈਂਕ ਕਰਮਚਾਰੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਦੂਜੀਆਂ ਬੈਂਕਾਂ ਦੇ ਕਰਮਚਾਰੀਆਂ ਦੇ ਬਰਾਬਰ ਤਨਖਾਹ ਸਕੇਲ ਦੇਣ ਦਾ ਫੈਸਲਾ ਕੀਤਾ। ਉਨ੍ਹਾ ਦੀ ਪ੍ਰੇਰਨਾ ਸਦਕਾ ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਦੀ ਸੂਬਾ ਪੱਧਰੀ ਕਨਵੈਨਸ਼ਨ ਮੋਗਾ ਵਿਖੇ ਕੀਤੀ ਗਈ, ਜਿਸ ਨੂੰ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੇ ਸਕੱਤਰ ਐੱਚ ਐੱਲ ਪਰਵਾਨਾ ਵੀ ਸੰਬੋਧਨ ਕਰਨ ਆਏ।ਉਹਨਾ ਸਮੇਂ-ਸਮੇਂ ਚੱਲੀਆਂ ਮੁਹਿੰਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ, ਜਿਵੇਂ ਕਿ ਬੇਦੀ ਫਾਰਮ ਦੇ ਘੋਲ ਵਿੱਚ ਜਥਿਆਂ ਦੀ ਅਗਵਾਈ ਕੀਤੀ।ਖੁਸ਼-ਹੈਸੀਅਤੀ ਟੈਕਸ ਦੇ ਖਿਲਾਫ ਗੁਪਤਵਾਸ ਰਹਿ ਕੇ ਕਿਸਾਨੀ ਨੂੰ ਜਥੇਬੰਦ ਕੀਤਾ।1962 ਵਿੱਚ ਉਹ ਹਲਕਾ ਨਿਹਾਲ ਸਿੰਘ ਵਾਲਾ ਤੋਂ ਅਸੈਂਬਲੀ ਲਈ ਚੁਣੇ ਗਏ। ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਉਹ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਨੌਜਵਾਨਾ ਦੀ ਆਵਾਜ਼ ਸਨ।ਉਹਨਾ ਦਾ ਸਮੁੱਚਾ ਪਰਵਾਰ ਕਮਿਊਨਿਸਟ ਪਾਰਟੀ ਨਾਲ ਜੁੜਿਆ ਹੋਇਆ ਹੈ।ਉਹਨਾਂ ਦੇ ਬੇਟੇ, ਪੋਤਰੇ, ਪੋਤਰੀਆਂ ਕਮਿਊਨਿਸਟ ਲਹਿਰ ਦੇ ਸਮਰਥਕ ਹਨ ਅਤੇ ਸਮੇਂ-ਸਮੇਂ ਪਾਰਟੀ ਦੀ ਮਦਦ ਕਰਦੇ ਰਹਿੰਦੇ ਹਨ, ਇਸ ਲਈ ਉਹਨਾ ਕਾਮਰੇਡ ਜਗਰੂਪ ਦੇ ਸੁਨੇਹੇ ’ਤੇ ਫੁੱਲ ਚੜ੍ਹਾਉਦਿਆਂ ਇੱਕ ਲੱਖ ਰੁਪਏ ਸਹਾਇਤਾ ਭੇਜੀ।ਪਾਰਟੀ ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਜਗਜੀਤ ਸਿੰਘ ਧੂੜਕੋਟ ਨੇ ਪਰਵਾਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਰਵਾਰ ਸਮੇਂ-ਸਮੇਂ ਖਿੜੇ ਮੱਥੇ ਪਾਰਟੀ ਦੀ ਸਹਾਇਤਾ ਕਰਦਾ ਹੈ।