ਪਾਰਟੀ ਕਾਂਗਰਸ ਦੌਰਾਨ ਸੱਭਿਆਚਾਰਕ ਪ੍ਰੋਗਰਾਮ ’ਚ ਲੋਕ ਭਾਵਨਾਵਾਂ ਦਾ ਰੰਗ ਨਜ਼ਰ ਆਵੇਗਾ

0
148

ਚੰਡੀਗੜ੍ਹ (ਗਿਆਨ ਸੈਦਪੁਰੀ)
ਭਾਰਤੀ ਕਮਿਊਨਿਸਟ ਪਾਰਟੀ ਦਾ 25ਵਾਂ ਮਹਾਂ-ਸੰਮੇਲਨ 21 ਸਤੰਬਰ ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿੱਚ ਹੋ ਰਿਹਾ ਹੈ। 21 ਸਤੰਬਰ ਨੂੰ ਮਹਾਂ-ਸੰਮੇਲਨ ਨਾਲ ਸੰਬੰਧਤ ਮੋਹਾਲੀ ਵਿੱਚ ਵੱਡੀ ਰੈਲੀ ਹੋਵੇਗੀ। ਕਿਸਾਨ ਭਵਨ ਚੰਡੀਗੜ੍ਹ ਵਿੱਚ ਬਣਾਏ ਕਾਮਰੇਡ ਸੁਧਾਕਰ ਰੈਡੀ ਨਗਰ ਵਿੱਚ ਹੋ ਰਹੀ ਪਾਰਟੀ ਕਾਂਗਰਸ ਲੋਕ ਰਾਜ, ਸਮਾਜਕ ਬਰਾਬਰੀ ਅਤੇ ਪੂਰੇ ਸੰਸਾਰ ਵਿੱਚ ਸੁੱਖ-ਸ਼ਾਂਤੀ ਰੱਖਣ ਲਈ ਲੜੇ ਜਾ ਰਹੇ ਯੁੱਧ ਨੂੰ ਮਜ਼ਬੂਤ ਕਰਨ ਦਾ ਰਸਤਾ ਤੈਅ ਕਰੇਗੀ। ਉਕਤ ਵਿਚਾਰਾਂ ਦਾ ਪ੍ਰਗਟਾਵਾ 25ਵੀਂ ਪਾਰਟੀ ਕਾਂਗਰਸ ਦੀ ਸਵਾਗਤੀ ਕਮੇਟੀ ਦੇ ਚੇਅਰਮੈਨ ਡਾਕਟਰ ਸਵਰਾਜਬੀਰ ਸਿੰਘ ਨੇ ਕੀਤਾ। ਉਹ ਪਾਰਟੀ ਕਾਂਗਰਸ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਬਣਾਈ ਗਈ ਮੀਡੀਆ ਕਮੇਟੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਇਸ ਮਹਾਂ-ਸੰਮੇਲਨ ਦੀ ਮਹੱਤਤਾ ਇਸ ਕਰਕੇ ਹੋਰ ਵਧ ਜਾਂਦੀ ਹੈ ਕਿ ਇਹ ਸੀ ਪੀ ਆਈ ਦੇ ਸ਼ਤਾਬਦੀ ਸਾਲ ਵਿੱਚ ਹੋ ਰਹੀ ਹੈ। ਡਾ. ਸਵਰਾਜਬੀਰ ਨੇ ਮਹਾਂ-ਸੰਮੇਲਨ ਦੌਰਾਨ ਹੋਣ ਵਾਲੇ ਗਹਿਰ-ਗੰਭੀਰ ਚਿੰਤਨ ਮੰਥਨ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮਾਂ ਬਾਰੇ ਵੀ ਗੱਲ ਕੀਤੀ। ਉਨ੍ਹਾ ਕਿਹਾ ਕਿ ਹਰ ਸ਼ਾਮ ਨੂੰ ਸੱਭਿਆਚਾਰਕ ਸਮਾਗਮ ਹੋਣਗੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਇਨਕਲਾਬੀ ਗੀਤਾਂ, ਕੋਰੀਓਗ੍ਰਾਫ਼ੀਆਂ ਅਤੇ ਨਾਟਕਾਂ ਵਿੱਚ ਲੋਕ ਭਾਵਨਾਵਾਂ ਦਾ ਸੂਹਾ ਰੰਗ ਨਜ਼ਰ ਆਵੇਗਾ। ਸਮੇਂ-ਸਮੇਂ ਦੀਆਂ ਇਨਕਲਾਬੀ ਲਹਿਰਾਂ ਦੇ ਸੂਰਮਿਆਂ ਦੀ ਗਾਥਾ ਵੀ ਇਨ੍ਹਾਂ ਪ੍ਰੋਗਰਾਮਾਂ ਦਾ ਹਿੱਸਾ ਹੋਵੇਗੀ। ਡਾ. ਸਵਰਾਜਬੀਰ ਨੇ ਮੀਡੀਆ ਕਮੇਟੀ ਨੂੰ ਤਾਕੀਦ ਕੀਤੀ ਕਿ ਮਹਾਂ-ਸੰਮੇਲਨ ਦੇ ਹਰ ਰੰਗ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਾ ਰਹੇ। ਮੀਟਿੰਗ ਵਿੱਚ ਕਾਮਰੇਡ ਗੁਰਨਾਮ ਕੰਵਰ, ਲਵਪ੍ਰੀਤ ਸਿੰਘ ਮਾੜੀਮੇਘਾ, ਰੈਕਟਰ ਕਥੂਰੀਆ, ਡਾ. ਮੇਘਾ ਸਿੰਘ, ਕਾਰਤਿਕਾ ਸਿੰਘ, ਗੁਰਮਿੰਦਰ ਸਿੰਘ ਗੁਰੀ ਆਦਿ ਸ਼ਾਮਲ ਸਨ।