ਦੇਹਰਾਦੂਨ ’ਚ ਬੱਦਲ ਫਟਣ ਕਾਰਨ ਭਾਰੀ ਤਬਾਹੀ

0
131

ਦੇਹਰਾਦੂਨ : ਸੋਮਵਾਰ ਦੇਰ ਰਾਤ ਦੇਹਰਾਦੂਨ ਦੇ ਸਹਿਸਤਰਧਾਰਾ ਇਲਾਕੇ ’ਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ। ਅਚਾਨਕ ਆਏ ਹੜ੍ਹ ਨਾਲ ਤਮਸਾ ਨਦੀ ’ਚ ਪਾਣੀ ਦਾ ਪੱਧਰ ਵਧ ਗਿਆ ਹੈ। ਤੇਜ਼ ਪਾਣੀ ਦੇ ਵਹਾਅ ’ਚ ਕਈ ਗੱਡੀਆਂ ਵਹਿ ਗਈਆਂ ਅਤੇ ਦੋ ਵਿਅਕਤੀ ਲਾਪਤਾ ਹੋ ਗਏ। ਇਸ ਦੌਰਾਨ ਮੁੱਖ ਬਾਜ਼ਾਰ ’ਚ ਮਲਬਾ ਭਰ ਜਾਣ ਕਾਰਨ ਹੋਟਲਾਂ ਅਤੇ ਦੁਕਾਨਾਂ ਦਾ ਨੁਕਸਾਨ ਹੋਇਆ ਹੈ। ਹਾਲਾਤ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਤੇਜ਼ ਮੀਂਹ ਕਾਰਨ ਟਪਕੇਸ਼ਵਰ ਮਹਾਂਦੇਵ ਮੰਦਰ ਪੂਰੀ ਤਰ੍ਹਾਂ ਹੜ੍ਹ ਦੀ ਲਪੇਟ ’ਚ ਆ ਗਿਆ। ਮੰਦਰ ਦੇ ਪੁਜਾਰੀ ਅਨੁਸਾਰ ਸਵੇਰੇ ਕਰੀਬ 5 ਵਜੇ ਨਦੀ ’ਚ ਪਾਣੀ ਦਾ ਪੱਧਰ ਵਧਿਆ, ਜਿਸ ਕਾਰਨ ਪੂਰਾ ਮੰਦਰ ਡੁੱਬ ਗਿਆ ਅਤੇ ਕਈ ਮੂਰਤੀਆਂ ਵਹਿ ਗਈਆਂ। ਹਾਲਾਂ ਕਿ ਗਰਭਗ੍ਰਹਿ ਸੁਰੱਖਿਅਤ ਹੈ, ਪਰ ਪਾਣੀ ਉਤਰਨ ਤੋਂ ਬਾਅਦ ਮੰਦਰ ਦੇ ਕੰਪਲੈਕਸ ’ਚ ਕਰੀਬ ਦੋ ਫੁੱਟ ਮਲਬਾ ਜਮ੍ਹਾਂ ਮਿਲਿਆ। ਰਿਸ਼ੀਕੇਸ਼ ’ਚ ਮੰਗਲਵਾਰ ਸਵੇਰ ਤੋਂ ਹੀ ਚੰਦਰਭਾਗਾ ਨਦੀ ’ਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ। ਇਸ ਮੌਕੇ ਪਾਣੀ ਹਾਈਵੇ ਤੱਕ ਪਹੁੰਚ ਗਿਆ, ਜਿਸ ਨਾਲ ਆਵਾਜਾਈ ਪ੍ਰਭਾਵਤ ਹੋਈ ਹੈ। ਐੱਸ ਡੀ ਆਰ ਐੱਫ ਦੀ ਟੀਮ ਨੇ ਨਦੀ ’ਚ ਫਸੇ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਟੀਮ ਅਨੁਸਾਰ ਕਈ ਵਾਹਨ ਅਜੇ ਵੀ ਪਾਣੀ ’ਚ ਫਸੇ ਹੋਏ ਹਨ।