ਮੰਡੀ : ਮੰਗਲਵਾਰ ਤੜਕਸਾਰ ਮੰਡੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਅਤੇ ਇਸ ਦੌਰਾਨ ਢਿੱਗਾਂ ਡਿੱਗਣ ਅਤੇ ਹੜ੍ਹ ਨਾਲ ਭਾਰੀ ਤਬਾਹੀ ਹੋਈ ਹੈ। ਇਸ ਘਟਨਾ ਵਿੱਚ 3 ਵਿਅਕਤੀ ਮਾਰੇ ਗਏ, ਜਦ ਕਿ ਚਾਰ ਲੋਕ ਲਾਪਤਾ ਹੋ ਗਏ। ਦੋ ਜਣਿਆਂ ਨੂੰ ਬਚਾ ਲਿਆ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਸੁੰਦਰਨਗਰ ਸਬ-ਡਵੀਜ਼ਨ ਦੀ ਨਿਹਰੀ ਤਹਿਸੀਲ ਦੀ ਬੋਏ ਪੰਚਾਇਤ ਦੇ ਬਰਾਗਟਾ ਪਿੰਡ ਵਿੱਚ ਇੱਕ ਘਰ ’ਤੇ ਢਿੱਗਾਂ ਡਿੱਗਣ ਨਾਲ ਪਰਵਾਰ ਦੇ ਪੰਜ ਮੈਂਬਰ ਮਲਬੇ ਹੇਠਾਂ ਦੱਬ ਗਏ। ਇਸ ਦੌਰਾਨ ਪਿੰਡ ਵਾਸੀਆਂ ਤੁਰੰਤ ਬਚਾਅ ਕਾਰਜ ਸ਼ੁਰੂ ਕਰਦਿਆਂ ਗੰਭੀਰ ਜ਼ਖਮੀ ਹੋਏ ਦੋ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਥਾਨਕ ਲੋਕਾਂ, ਪੁਲਸ ਅਤੇ ਆਫ਼ਤ ਪ੍ਰਬੰਧਨ ਕਰਮਚਾਰੀਆਂ ਦੀ ਇੱਕ ਸਾਂਝੀ ਬਚਾਅ ਟੀਮ ਬਾਕੀ ਤਿੰਨ ਵਿਅਕਤੀਆਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਲਗਾਤਾਰ ਮੀਂਹ ਅਤੇ ਮਿੱਟੀ ਦੀ ਅਸਥਿਰ ਸਥਿਤੀ ਕਾਰਨ ਬਚਾਅ ਕਾਰਜਾਂ ਵਿੱਚ ਰੁਕਾਵਟ ਆ ਰਹੀ ਹੈ। ਇੱਕ ਹੋਰ ਘਟਨਾ ਵਿੱਚ ਬੀਤੀ ਦੇਰ ਰਾਤ ਧਰਮਪੁਰ ਬਾਜ਼ਾਰ ਖੇਤਰ ਵਿੱਚ ਅਚਾਨਕ ਹੜ੍ਹ ਆਉਣ ਕਾਰਨ ਮੁੱਖ ਬੱਸ ਅੱਡਾ ਅਤੇ ਆਸ-ਪਾਸ ਦੀਆਂ ਦੁਕਾਨਾਂ ਪਾਣੀ ’ਚ ਡੁੱਬ ਗਈਆਂ। ਹੜ੍ਹ ਦੇ ਪਾਣੀ ਨਾਲ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਹੜ੍ਹ ਵਿੱਚ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਕੁਝ ਬੱਸਾਂ ਅਤੇ ਇਲਾਕੇ ਵਿੱਚ ਖੜ੍ਹੇ ਹੋਰ ਵਾਹਨਾਂ ਵਹਿ ਗਏ। ਹੜ੍ਹ ਦਾ ਪਾਣੀ ਦੁਕਾਨਾਂ ਵਿੱਚ ਵੜਨ ਕਾਰਨ ਸਾਮਾਨ ਅਤੇ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪਹੁੰਚਿਆ ਹੈ। ਮੁੱਢਲੇ ਅਨੁਮਾਨ ਅਨੁਸਾਰ ਕਈ ਕਰੋੜਾਂ ਦਾ ਨੁਕਸਾਨ ਹੋਇਆ ਹੈ। ਡਿਪਟੀ ਕਮਿਸ਼ਨਰ ਮੰਡੀ ਅਪੂਰਵ ਦੇਵਗਨ ਨੇ ਦੱਸਿਆ ਕਿ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਦੋ ਲੋਕਾਂ ਨੂੰ ਬਚਾ ਲਿਆ ਗਿਆ ਹੈ।





