ਗ਼ਦਰੀ ਬਾਬਿਆਂ ਦੇ ਮੇਲੇ ਦੀ ਸਫਲਤਾ ਲਈ ਵਿਚਾਰ-ਵਟਾਂਦਰਾ

0
140

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਬਾਬਾ ਸੋਹਣ ਸਿੰਘ ਭਕਨਾ ਲਾਇਬ੍ਰੇਰੀ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਦੀ ਮੀਟਿੰਗ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਇਹ ਮੀਟਿੰਗ ਗਦਰੀ ਬਾਬਿਆਂ ਦਾ ਮੇਲਾ, ਜੋ 30-31 ਅਕਤੂਬਰ ਤੇ ਪਹਿਲੀ ਨਵੰਬਰ ਨੂੰ ਲੱਗ ਰਿਹਾ ਹੈ, ਦੀ ਕਾਮਯਾਬੀ ਲਈ ਕੀਤੀ ਗਈ। ਇਸ ਮੇਲੇ ਦੀ ਆਵਾਜ਼ ਵਿਦਿਆਰਥੀਆਂ ਦੇ ਪਰਵਾਰਾਂ ਤੱਕ ਪਹੁੰਚਣੀ ਚਾਹੀਦੀ ਹੈ। ਮਾੜੀਮੇਘਾ ਨੇ ਕਿਹਾ ਕਿ ਇਸ ਵਾਰ ਮੇਲਾ ਗ਼ਦਰੀ ਵੀਰਾਂਗਣਾਂ ਗੁਲਾਬ ਕੌਰ ਦੀ 100 ਵਰੇ੍ਹਗੰਢ ਨੂੰ ਸਮਰਪਿਤ ਹੋ ਰਿਹਾ ਹੈ। ਮੇਲੇ ਵਿੱਚ ਉੱਘੇ ਕਾਲਮ ਨਵੀਸ ਪ੍ਰਭਾਤ ਪਟਨਾਇਕ, ਡਾਕਟਰ ਸਵਰਾਜਬੀਰ, ਵਿਦਵਾਨ ਮੁਹੰਮਦ ਯੂਸਫ ਤਾਰੀਗਾਮੀ ਅਤੇ ਨਵਸ਼ਰਨ ਵਿਚਾਰ ਪ੍ਰਗਟ ਕਰਨਗੇ। ਪਹਿਲੀ ਨਵੰਬਰ ਨੂੰ ਦੁਪਹਿਰ ਤੋਂ ਬਾਅਦ ਭਾਈ ਜਵਾਲਾ ਸਿੰਘ ਹਾਲ ਵਿੱਚ ਵਿਚਾਰ-ਚਰਚਾ ਵਿੱਚ ਕਮੇਟੀ ਮੈਂਬਰ ਹਰਦੇਵ ਸਿੰਘ ਅਰਸ਼ੀ ਸਾਬਕਾ ਐੱਮ ਐੱਲ ਏ, ਮੰਗਤ ਰਾਮ ਪਾਸਲਾ, ਡਾਕਟਰ ਪਰਮਿੰਦਰ, ਸੁਖਵਿੰਦਰ ਸਿੰਘ ਸੇਖੋਂ ਅਤੇ ਰਮਿੰਦਰ ਸਿੰਘ ਪਟਿਆਲਾ ਹਿੱਸਾ ਲੈਣਗੇ। ਸਾਰੀ ਰਾਤ ਨਾਟਕ ਮੇਲਾ ਚੱਲੇਗਾ। ਮੀਟਿੰਗ ਨੂੰ ਚਰੰਜੀ ਲਾਲ ਕੰਗਣੀਵਾਲ, ਰਣਜੀਤ ਸਿੰਘ ਔਲਖ, ਗੁਰਮੀਤ, ਵਿਜੇ ਬੰਬੇਲੀ ਤੇ ਡਾਕਟਰ ਅਸ਼ੋਕ ਸਹੋਤਾ ਨੇ ਸੰਬੋਧਨ ਕੀਤਾ। ਮੀਟਿੰਗ ਵਿੱਚ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਵੀ ਹਾਜ਼ਰ ਸਨ।