ਲੇਹ : ਲੱਦਾਖ ਦੇ ਡੀ ਜੀ ਪੀ ਐੱਸ ਡੀ ਸਿੰਘ ਜਮਵਾਲ ਨੇ ਸਨਿੱਚਰਵਾਰ ਕਿਹਾ ਕਿ ਸੋਨਮ ਵਾਂਗਚੁੱਕ ਦੇ ਪਾਕਿਸਤਾਨੀ ਲਿੰਕ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਹਾਲ ਹੀ ਵਿੱਚ ਇੱਕ ਪਾਕਿਸਤਾਨ ਏਜੰਟ ਨੂੰ ਗਿ੍ਰਫਤਾਰ ਕੀਤਾ ਗਿਆ ਸੀ, ਜਿਸ ਨੇ ਵਾਂਗਚੁੱਕ ਦੇ ਪ੍ਰਦਰਸ਼ਨਾਂ ਦੀਆਂ ਵੀਡੀਓਜ਼ ਸਰਹੱਦ ਪਾਰ ਭੇਜੀਆਂ ਸਨ। ਡੀ ਜੀ ਪੀ ਨੇ ਕਿਹਾ ਕਿ ਵਾਂਗਚੁੱਕ ਨੇ ਪਾਕਿਸਤਾਨੀ ਅਖਬਾਰ ‘ਦੀ ਡਾਅਨ’ ਦੇ ਪ੍ਰੋਗਰਾਮ ਵਿੱਚ ਵੀ ਸ਼ਿਰਕਤ ਕੀਤੀ ਸੀ।
ਇਸੇ ਦੌਰਾਨ ਤਿੰਨ ਦਿਨ ਪਹਿਲਾਂ ਲਗਾਏ ਗਏ ਕਰਫਿਊ ਤੋਂ ਬਾਅਦ ਪਹਿਲੀ ਵਾਰ ਸਨਿੱਚਰਵਾਰ ਦੁਪਹਿਰ ਨੂੰ ਕੁਝ ਘੰਟਿਆਂ ਦੀ ਢਿੱਲ ਦੌਰਾਨ ਲੋਕਾਂ ਨੇ ਲੰਮੀਆਂ ਕਤਾਰਾਂ ਵਿੱਚ ਲੱਗ ਕੇ ਜ਼ਰੂਰੀ ਸਮਾਨ ਖਰੀਦਿਆ।
ਜਲਵਾਯੂ ਕਾਰਕੰੁਨ ਸੋਨਮ ਵਾਂਗਚੁੱਕ ਨੂੰ ਕੌਮੀ ਸੁਰੱਖਿਆ ਐਕਟ ਤਹਿਤ ਗਿ੍ਰਫਤਾਰ ਕਰਕੇ ਜੋਧਪੁਰ ਜੇਲ੍ਹ ਵਿੱਚ ਡੱਕਣ ਤੋਂ ਬਾਅਦ ਲੇਹ ਵਿੱਚ ਜਨਜੀਵਨ ਠੱਪ ਹੋ ਗਿਆ ਹੈ। ਬਾਜ਼ਾਰ ਬੰਦ ਹਨ, ਸੜਕਾਂ ’ਤੇ ਸੁੰਨ ਪੱਸਰੀ ਹੋਈ ਹੈ ਅਤੇ ਸਿਰਫ ਨੀਮ ਫੌਜੀ ਬਲਾਂ ਦੇ ਜਵਾਨ ਹੀ ਖਾਲੀ ਗਲੀਆਂ ਵਿੱਚ ਗਸ਼ਤ ਕਰ ਰਹੇ ਹਨ। ਪੁਲਸ ਨੇ ਕਈ ਥਾਵਾਂ ’ਤੇ ਚੌਕੀਆਂ ਸਥਾਪਤ ਕੀਤੀਆਂ ਹਨ।
ਸਥਾਨਕ ਲੋਕਾਂ ਨੇ ਕਿਹਾ ਕਿ ਅਗਲੇ ਦੋ ਦਿਨ ਅਹਿਮ ਹਨ, ਕਿਉਂਕਿ ਹਾਲ ਹੀ ਵਿੱਚ ਹੋਈ ਹਿੰਸਾ ਦੌਰਾਨ ਮਾਰੇ ਗਏ ਚਾਰ ਵਿਅਕਤੀਆਂ ਦੇ ਅੰਤਮ ਸੰਸਕਾਰ ਹੋਣਗੇ। ਲੱਦਾਖ ਪ੍ਰਸ਼ਾਸਨ ਨੇ ਹਿੰਸਾ ਲਈ ਵਾਂਗਚੁੱਕ ਦੀ ਹਿਰਾਸਤ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਨੇਪਾਲ ਅੰਦੋਲਨ ਅਤੇ ਅਰਬ ਸਪਰਿੰਗ ਦੇ ਹਵਾਲੇ ਨਾਲ ਉਸ ਦੇ ਭੜਕਾਊ ਭਾਸ਼ਣਾਂ ਦੀ ਲੜੀ ਦੇ ਨਤੀਜੇ ਵਜੋਂ ਬੁੱਧਵਾਰ ਦੀ ਹਿੰਸਾ ਹੋਈ, ਜਿਸ ਦੌਰਾਨ ਚਾਰ ਜਣੇ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ।





