ਸਿਧਾਰਥਨਗਰ : ਯੂ ਪੀ ਦੇ ਇਸ ਸ਼ਹਿਰ ਦੀ ਪਾਣੀ ਦੀ ਟੈਂਕੀ ‘ਤੇ 16 ਘੰਟਿਆਂ ਤੋਂ ਫਸੇ ਦੋ ਬੱਚਿਆਂ ਨੂੰ ਹਵਾਈ ਸੈਨਾ ਦੇ ਹੈਲੀਕਾਪਟਰ ਨੇ ਬਚਾਇਆ। ਸ਼ਨੀਵਾਰ ਪੰਜ ਬੱਚੇ ਕਾਸ਼ੀਰਾਮ ਆਵਾਸ ਕਲੋਨੀ ਵਿੱਚ 60 ਫੁੱਟ ਉੱਚੀ ਪਾਣੀ ਦੀ ਟੈਂਕੀ ‘ਤੇ ਚੜ੍ਹ ਕੇ ਰੀਲ ਬਣਾਉਣ ਗਏ। ਹੇਠਾਂ ਉਤਰਦੇ ਸਮੇਂ ਪੌੜੀ ਟੁੱਟ ਗਈ ਅਤੇ ਤਿੰਨ ਬੱਚੇ ਡਿੱਗ ਪਏ। ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ, ਜਦੋਂ ਕਿ ਦੋ ਦੀ ਹਾਲਤ ਗੰਭੀਰ ਹੈ। ਦੋ ਬੱਚੇ ਡੰਡੇ ਨਾਲ ਚਿੰਬੜੇ ਰਹੇ ਅਤੇ ਹੌਲੀ-ਹੌਲੀ ਟੈਂਕੀ ‘ਤੇ ਵਾਪਸ ਚੜ੍ਹ ਗਏ।
ਬਚਾਅ ਲਈ ਗੋਰਖਪੁਰ ਤੋਂ ਇੱਕ ਹਾਈਡ੍ਰੋਲਿਕ ਕਰੇਨ ਲਿਆਂਦੀ ਗਈ, ਜਿਸ ਦੀ ਪੌੜੀ 135 ਫੁੱਟ ਦੀ ਉਚਾਈ ਤੱਕ ਪਹੁੰਚ ਸਕਦੀ ਹੈ, ਪਰ 26 ਸਾਲ ਤੋਂ ਬੰਦ ਟੈਂਕੀ ਦੁਆਲੇ ਦਲਦਲ ਕਾਰਨ ਉਹ ਟੈਂਕੀ ਤੱਕ ਪਹੁੰਚ ਨਹੀਂ ਸਕੀ। ਇਸ ਲਈ 150 ਮੀਟਰ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਦੇਰ ਰਾਤ ਤੱਕ ਸੜਕ ਦਾ 120 ਮੀਟਰ ਪੂਰਾ ਹੋ ਗਿਆ ਸੀ। ਇਸ ਦੌਰਾਨ ਸਵੇਰੇ 3 ਵਜੇ ਦੇ ਕਰੀਬ ਭਾਰੀ ਮੀਂਹ ਸ਼ੁਰੂ ਹੋ ਗਿਆ, ਜਿਸ ਕਾਰਨ ਕੰਮ ਰੋਕਣਾ ਪਿਆ। ਸਥਿਤੀ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਫੌਜ ਦੀ ਮਦਦ ਮੰਗੀ। ਐਤਵਾਰ ਸਵੇਰੇ 5:20 ਵਜੇ ਦੇ ਕਰੀਬ ਹਵਾਈ ਸੈਨਾ ਦਾ ਹੈਲੀਕਾਪਟਰ ਪਹੁੰਚਿਆ ਤੇ ਉਸ ਨੇ ਦੋਵਾਂ ਬੱਚਿਆਂ ਨੂੰ ਸੁਰੱਖਿਅਤ ਬਚਾਇਆ।
12 ਸਾਲਾ ਬਾਲੇ ਚਾਰ ਦਿਨ ਪਹਿਲਾਂ ਸਿਧਾਰਥਨਗਰ ਦੀ ਕਾਸ਼ੀਰਾਮ ਆਵਾਸ ਕਲੋਨੀ ਵਿੱਚ ਆਪਣੇ ਚਚੇਰੇ ਭਰਾ ਦੀਪ ਚੰਦ ਦੇ ਘਰ ਆਇਆ ਸੀ। ਸ਼ਨੀਵਾਰ ਦੁਪਹਿਰ 3 ਵਜੇ ਉਹ ਗੁਆਂਢੀ ਗੋਲੂ (15), ਸੰਨੀ (11), ਕੱਲੂ (15) ਅਤੇ ਪਵਨ (16) ਨਾਲ ਘਰ ਦੇ ਨੇੜੇ ਇੱਕ ਟੁੱਟੀ ਹੋਈ ਪਾਣੀ ਦੀ ਟੈਂਕੀ ‘ਤੇ ਚੜ੍ਹ ਗਿਆ ਤਾਂ ਜੋ ਇੱਕ ਰੀਲ ਬਣਾਈ ਜਾ ਸਕੇ। ਥੋੜ੍ਹੀ ਦੇਰ ਰੁਕਣ ਤੋਂ ਬਾਅਦ ਸਾਰੇ ਇੱਕ-ਇੱਕ ਕਰਕੇ ਹੇਠਾਂ ਉਤਰਨ ਲੱਗੇ। ਅਚਾਨਕ ਢਿੱਲੀ ਪੌੜੀ ਟੁੱਟ ਗਈ, ਜਿਸ ਨਾਲ ਬਾਲੇ, ਸੰਨੀ ਅਤੇ ਗੋਲੂ ਹੇਠਾਂ ਡਿੱਗ ਪਏ। ਪੌੜੀਆਂ ਦਾ ਮਲਬਾ ਬਾਲੇ ‘ਤੇ ਡਿੱਗ ਪਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਸੰਨੀ ਅਤੇ ਗੋਲੂ ਜ਼ਖਮੀ ਹੋ ਗਏ। ਕੱਲੂ ਅਤੇ ਪਵਨ ਫਸ ਗਏ। ਮਰਨ ਵਾਲਾ ਬਾਲੇ ਸਿਧਾਰਥਨਗਰ ਦੇ ਮੋਹਨਾ ਥਾਣਾ ਖੇਤਰ ਦੇ ਜੁਗਲੀਪੁਰ ਦਾ ਰਹਿਣ ਵਾਲਾ ਸੀ। ਉਹ ਆਪਣੇ ਪਰਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦੀ ਇੱਕ ਵੱਡੀ ਭੈਣ ਹੈ। ਗੋਲੂ ਸ਼ਾਸਤਰੀ ਨਗਰ ਦਾ ਰਹਿਣ ਵਾਲਾ ਹੈ। ਉਸ ਦਾ ਪਿਤਾ ਮਜ਼ਦੂਰ ਹੈ। ਸੰਨੀ ਦੋ ਦਿਨ ਪਹਿਲਾਂ ਆਪਣੀ ਭੈਣ ਸੁਨੀਤਾ ਦੇ ਘਰ ਆਇਆ ਸੀ। ਕੱਲੂ, ਨੇ ਚਾਰ ਸਾਲ ਪਹਿਲਾਂ ਪੜ੍ਹਾਈ ਛੱਡ ਦਿੱਤੀ ਸੀ। ਪਵਨ ਵੀ ਪੜ੍ਹਾਈ ਛੱਡ ਚੁੱਕਾ ਹੈ।



