ਬ੍ਰਿਜ ਭੂਸ਼ਣ ਦੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ‘ਚ ਮੈਂ ਵੀ ਸੀ : ਵਿਨੇਸ਼ ਫੋਗਾਟ

0
4

ਨਵੀਂ ਦਿੱਲੀ : ਵਿਨੇਸ਼ ਫੋਗਾਟ ਨੇ ਐਤਵਾਰ ਦਾਅਵਾ ਕੀਤਾ ਕਿ ਉਹ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵੱਲੋਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਾਈਆਂ ਗਈਆਂ ਭਲਵਾਨਾਂ ਵਿੱਚੋਂ ਇੱਕ ਸੀ ਅਤੇ ਉਨ੍ਹਾਂ ਛੇ ਭਲਵਾਨਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਉਸ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਹਨ।
ਲਗਭਗ 20 ਮਹੀਨਿਆਂ ਬਾਅਦ ਮੈਟ ‘ਤੇ ਵਾਪਸੀ ਕਰਨ ਜਾ ਰਹੀ ਫੋਗਾਟ ਨੇ ਕਿਹਾ ਕਿ ਉਸ ਨੂੰ ਇੱਕ ਅਦਾਲਤੀ ਮਾਮਲੇ ਦੇ ਵਿਚਕਾਰ ਇਹ ਸਵੀਕਾਰ ਕਰਨ ਲਈ ਮਜਬੂਰ ਹੋਣਾ ਪਿਆ ਹੈ, ਕਿਉਂਕਿ ਫੈਡਰੇਸ਼ਨ ਨੇ ਬ੍ਰਿਜ ਭੂਸ਼ਣ ਦੇ ਇਲਾਕੇ ਗੋਂਡਾ ਵਿੱਚ ਮਹੱਤਵਪੂਰਨ ਰੈਂਕਿੰਗ ਟੂਰਨਾਮੈਂਟ ਕਰਵਾਉਣ ਦਾ ਫੈਸਲਾ ਕੀਤਾ ਹੈ। ਉਸ ਨੇ ਕਿਹਾ ਕਿ ਉੱਥੇ ਮੁਕਾਬਲਾ ਕਰਨ ਲਈ ਬਹੁਤ ਮਾਨਸਕ ਦਬਾਅ ਹੋਵੇਗਾ। ਉਸ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਮੁਕਾਬਲੇ ਦੌਰਾਨ ਉਸ ਨੂੰ ਕੁਝ ਹੋਇਆ, ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ।
ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਬੋਲਦੇ ਹੋਏ ਫੋਗਾਟ ਨੇ ਕਿਹਾ, ‘ਕੋਈ ਵੀ ਖਿਡਾਰੀਆਂ ਦੀ ਮਦਦ ਲਈ ਅੱਗੇ ਨਹੀਂ ਆ ਰਿਹਾ। ਇਹ ਇਸ ਤਰ੍ਹਾਂ ਹੈ, ਜਿਵੇਂ ਸਰਕਾਰ ਨੇ ਬ੍ਰਿਜ ਭੂਸ਼ਣ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ ਕਿ ਤੁਸੀਂ ਜੋ ਚਾਹੋ ਕਰੋ, ਭਾਵੇਂ ਤੁਸੀਂ ਮਹਿਲਾ ਭਲਵਾਨਾਂ ਨਾਲ ਕੁਝ ਕਰੋ, ਭਾਵੇਂ ਤੁਸੀਂ ਕੁਸ਼ਤੀ ਦੀ ਦੁਨੀਆ ਨਾਲ ਕੁਝ ਕਰੋ। ਅਸੀਂ ਤੁਹਾਡੇ ਨਾਲ ਖੜ੍ਹੇ ਹਾਂ।’
ਉਸ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਫੈਡਰੇਸ਼ਨ ਦੇ ਪ੍ਰਧਾਨ ਸੰਜੇ ਸਿੰਘ ਨੇ ਕਿਹਾ ਕਿ ਉਹ ਉਸ ਦੀ ਸੁਰੱਖਿਆ ਦੀ ਨਿੱਜੀ ਤੌਰ ‘ਤੇ ਗਰੰਟੀ ਦੇਣਗੇ, ਪਰ ਫੋਗਾਟ, ਜੋ ਕਿ ਇੱਕ ਕਾਂਗਰਸੀ ਵਿਧਾਇਕ ਵੀ ਹੈ, ਨੂੰ ਇਸ ਮੁੱਦੇ ਦਾ ਰਾਜਨੀਤੀਕਰਨ ਨਹੀਂ ਕਰਨਾ ਚਾਹੀਦਾ। ਉੁਸ ਨੇ ਕਿਹਾ ਕਿ ਜੇ ਉਹ ਰਾਜਨੀਤੀ ਖੇਡਣਾ ਚਾਹੁੰਦੀ ਹੈ, ਤਾਂ ਇਹ ਉਸ ਦੀ ਮਰਜ਼ੀ ਹੈ। ਨਾਲ ਹੀ, ਮਾਮਲਾ ਅਦਾਲਤ ਵਿੱਚ ਹੈ, ਇਸ ਲਈ ਉਹ ਇਸ ‘ਤੇ ਕੋਈ ਟਿੱਪਣੀ ਨਹੀਂ ਕਰਨਗੇ। ਸੱਚਾਈ ਸਾਹਮਣੇ ਆਉਣ ਦਿਓ।
ਪੈਰਿਸ ਉਲੰਪਿਕ ਵਿੱਚ ਦਿਲ ਟੁੱਟਣ ਤੋਂ ਬਾਅਦ ਕੁਸ਼ਤੀ ਤੋਂ ਦੂਰ ਰਹਿਣ ਤੋਂ ਬਾਅਦ ਫੋਗਾਟ ਨੇ ਕਿਹਾ ਕਿ ਉਹ ਨੈਸ਼ਨਲ ਓਪਨ ਰੈਂਕਿੰਗ ਟੂਰਨਾਮੈਂਟ ਵਿੱਚ ਵਾਪਸੀ ਦੀ ਤਿਆਰੀ ਕਰ ਰਹੀ ਹੈ। ਇਹ ਭਲਵਾਨਾਂ ਲਈ ਏਸ਼ੀਆਈ ਖੇਡਾਂ ਦੇ ਚੋਣ ਟਰਾਇਲਾਂ ਲਈ ਕੁਆਲੀਫਾਈ ਕਰਨ ਦਾ ਆਖਰੀ ਮੌਕਾ ਹੈ। ਇਹ ਰੈਂਕਿੰਗ ਟੂਰਨਾਮੈਂਟ 10 ਤੋਂ 12 ਮਈ ਤੱਕ ਯੂ ਪੀ ਦੇ ਗੋਂਡਾ ਦੇ ਨੰਦੀਨੀਨਗਰ ਮਹਾਂਵਿਦਿਆਲਿਆ ਵਿੱਚ ਹੋਣ ਵਾਲਾ ਹੈ। ਬ੍ਰਿਜ ਭੂਸ਼ਣ ਨੰਦੀਨੀਨਗਰ ਮਹਾਂਵਿਦਿਆਲਿਆ ਦਾ ਬਾਨੀ ਹੈ ਅਤੇ ਗੋਂਡਾ ਤੋਂ ਸਾਬਕਾ ਸੰਸਦ ਮੈਂਬਰ ਹੈ। 2023 ਵਿੱਚ ਦੇਸ਼ ਦੀਆਂ ਕੁਝ ਚੋਟੀ ਦੀਆਂ ਮਹਿਲਾ ਭਲਵਾਨਾਂ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਉਹ ਦਿੱਲੀ ਦੀ ਇੱਕ ਅਦਾਲਤ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਵਿਨੇਸ਼ ਫੋਗਾਟ ਉਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਦੇ ਨਾਲ ਬ੍ਰਿਜ ਭੂਸ਼ਣ ਖਿਲਾਫ ਪ੍ਰੋਟੈੱਸਟ ਵਿੱਚ ਸ਼ਾਮਲ ਸੀ। ਫੋਗਾਟ ਨੇ ਕਿਹਾ ਕਿ ਗੋਂਡਾ ਵਿੱਚ ਮੁਕਾਬਲਾ ਨਿਰਪੱਖ ਢੰਗ ਨਾਲ ਕਰਵਾਇਆ ਜਾਵੇ ਅਤੇ ਇਸ ਗੱਲ ‘ਤੇ ਚਿੰਤਾ ਪ੍ਰਗਟ ਕੀਤੀ ਕਿ ਤੋਲਣ ਦੀ ਪ੍ਰਕਿਰਿਆ ਅਤੇ ਮੁਕਾਬਲੇ ਨਾਲ ਸਮਝੌਤਾ ਕੀਤਾ ਜਾਵੇਗਾ। ਫੋਗਾਟ ਨੇ ਕਿਹਾ, ‘ਇੱਕ ਮਹੀਨਾ ਪਹਿਲਾਂ ਕੁਸ਼ਤੀ ਫੈਡਰੇਸ਼ਨ ਆਫ ਇੰਡੀਆ ਨੇ ਰੈਂਕਿੰਗ ਟੂਰਨਾਮੈਂਟ ਗੋਂਡਾ ਵਿੱਚ ਕਰਾਉਣ ਦਾ ਐਲਾਨ ਕੀਤਾ, ਜਿੱਥੇ ਬ੍ਰਿਜ ਭੂਸ਼ਣ ਦਾ ਘਰ ਹੈ ਅਤੇ ਉਸ ਦਾ ਆਪਣਾ ਨਿੱਜੀ ਕਾਲਜ ਹੈ। ਕਿਹੜਾ ਰੈਫਰੀ ਕਿਸ ਮੈਚ ਦੀ ਅਗਵਾਈ ਕਰੇਗਾ, ਕੌਣ ਕਿੰਨੇ ਅੰਕ ਦੇਵੇਗਾ, ਮੈਚ ਚੇਅਰਮੈਨ ਕਿੱਥੇ ਬੈਠੇਗਾ, ਕਿਸ ਨੇ ਜਿੱਤਣਾ ਹੈ ਅਤੇ ਕਿਸ ਨੇ ਹਾਰਨਾ ਹੈ… ਇਹ ਸਭ ਬ੍ਰਿਜ ਭੂਸ਼ਣ ਅਤੇ ਉਸ ਦੇ ਲੋਕਾਂ ਵੱਲੋਂ ਨਿਯੰਤਰਤ ਕੀਤਾ ਜਾਵੇਗਾ।’
ਇਸ ਦੋਸ਼ ਦਾ ਜਵਾਬ ਦਿੰਦੇ ਹੋਏ ਸੰਜੇ ਸਿੰਘ ਨੇ ਕਿਹਾ, ‘ਗੋਂਡਾ ਵਿੱਚ ਹੋਣ ਵਾਲੇ ਨੈਸ਼ਨਲ ਓਪਨ ਰੈਂਕਿੰਗ ਟੂਰਨਾਮੈਂਟ ਲਈ ਲਗਭਗ 1200 ਐਂਟਰੀਆਂ ਆਈਆਂ ਹਨ, ਜਿਨ੍ਹਾਂ ਵਿੱਚੋਂ ਲਗਭਗ 800 ਹਰਿਆਣਾ ਦੇ ਭਲਵਾਨ ਹਨ। ਕਿਸੇ ਵੀ ਹੋਰ ਭਲਵਾਨ ਨੂੰ ਕੋਈ ਇਤਰਾਜ਼ ਨਹੀਂ। ਜੇ ਵਿਨੇਸ਼ ਫੋਗਾਟ ਪੱਖਪਾਤੀ ਰੈਫਰੀ ਬਾਰੇ ਚਿੰਤਤ ਹੈ, ਤਾਂ ਮੈਂ ਉਸ ਨੂੰ ਭਰੋਸਾ ਦਿਵਾ ਸਕਦਾ ਹਾਂ ਕਿ ਚੁਣੇ ਗਏ ਸਾਰੇ ਰੈਫਰੀ ਭਾਰਤੀ ਕੁਸ਼ਤੀ ਫੈਡਰੇਸ਼ਨ ਅਤੇ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਪੈਨਲ ਤੋਂ ਹੋਣਗੇ। ਇਹ ਇੱਕ ਨਿਰਪੱਖ ਚੋਣ ਹੈ ਅਤੇ ਨਾ ਤਾਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਨਾ ਹੀ ਮੇਰਾ ਇਸ ਵਿੱਚ ਕੋਈ ਦਖਲ ਹੈ ਕਿ ਰੈਫਰੀ ਕੌਣ ਹੋਵੇਗਾ।’ ਦਿੱਲੀ ਪੁਲਸ ਦੀ ਚਾਰਜਸ਼ੀਟ ਵਿੱਚ ਬ੍ਰਿਜ ਭੂਸ਼ਣ ਨੂੰ ਮਹਿਲਾ ਭਲਵਾਨਾਂ ਨਾਲ ਜਿਨਸੀ ਸ਼ੋਸ਼ਣ, ਛੇੜਛਾੜ ਅਤੇ ਪਿੱਛਾ ਕਰਨ ਦੇ ਦੋਸ਼ ਵਿੱਚ ਮੁਕੱਦਮਾ ਚਲਾਉਣ ਲਈ ਜ਼ਿੰਮੇਵਾਰ ਪਾਇਆ ਗਿਆ ਹੈ। ਛੇ ਮਹਿਲਾ ਭਲਵਾਨਾਂ ਨੇ ਅਪ੍ਰੈਲ 2023 ਵਿੱਚ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਦੇਸ਼ ਦੇ ਚੋਟੀ ਦੇ ਭਲਵਾਨਾਂ ਨੇ ਉਸ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਹੋਏ ਜੰਤਰ-ਮੰਤਰ ‘ਤੇ ਦੋ ਮਹੀਨਿਆਂ ਤੱਕ ਵਿਰੋਧ ਪ੍ਰਦਰਸ਼ਨ ਕੀਤਾ ਸੀ।