ਲੱਦਾਖ ’ਚ ਪੁਲਸ ਨੇ ਤਸ਼ਦਦ ਕੀਤਾ : ਗੀਤਾਂਜਲੀ

0
120

ਲੇਹ : ਜਲਵਾਯੂ ਕਾਰਕੁਨ ਸੋਨਮ ਵਾਂਗਚੁੱਕ ਦੀ ਪਤਨੀ ਅਤੇ ਹਿਮਾਲਿਅਨ ਇੰਸਟੀਚਿਊਟ ਆਫ ਅਲਟਰਨੇਟਿਵਜ਼ ਦੀ ਸੀ ਈ ਓ ਗੀਤਾਂਜਲੀ ਜੇ. ਅੰਗਮੋ ਨੇ ਵੀਰਵਾਰ ਇੱਥੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ 24 ਸਤੰਬਰ ਨੂੰ ਹੋਈ ਹਿੰਸਾ ਤੋਂ ਬਾਅਦ ਲੱਦਾਖ ਦੇ ਲੋਕਾਂ ’ਤੇ ਪੁਲਸ ਤਸ਼ੱਦਦ ਦਾ ਦੋਸ਼ ਲਗਾਇਆ| ਲੱਦਾਖ ਦੀ ਮੌਜੂਦਾ ਸਥਿਤੀ ਦੀ ਤੁਲਨਾ ਬਰਤਾਨਵੀ ਭਾਰਤ ਦੇ ਸਮੇਂ ਨਾਲ ਕਰਦਿਆਂ ਉਨ੍ਹਾ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਲੱਦਾਖ ਪੁਲਸ ਦੀ ‘ਦੁਰਵਰਤੋਂ’ ਕਰ ਰਿਹਾ ਹੈ| ਗੀਤਾਂਜਲੀ ਨੇ ਐੱਕਸ ’ਤੇ ਲਿਖਿਆ, ‘ਕੀ ਭਾਰਤ ਸੱਚਮੁੱਚ ਆਜ਼ਾਦ ਹੈ? 1857 ਵਿੱਚ 24,000 ਅੰਗਰੇਜ਼ਾਂ ਨੇ ਰਾਣੀ ਦੇ ਹੁਕਮਾਂ ’ਤੇ 30 ਕਰੋੜ ਭਾਰਤੀਆਂ ’ਤੇ ਜ਼ੁਲਮ ਕਰਨ ਲਈ 1,35,000 ਭਾਰਤੀ ਸਿਪਾਹੀਆਂ ਦੀ ਵਰਤੋਂ ਕੀਤੀ| ਅੱਜ ਇੱਕ ਦਰਜਨ ਪ੍ਰਸ਼ਾਸਕ ਤਿੰਨ ਲੱਖ ਲੱਦਾਖੀਆਂ ’ਤੇ ਜ਼ੁਲਮ ਅਤੇ ਤਸ਼ੱਦਦ ਕਰਨ ਲਈ 2400 ਲੱਦਾਖੀ ਪੁਲਸ ਮੁਲਾਜ਼ਮਾਂ ਦੀ ਦੁਰਵਰਤੋਂ ਕਰ ਰਹੇ ਹਨ|’ ਸੋਨਮ ਨੂੰ ਰਾਸ਼ਟਰੀ ਸੁਰੱਖਿਆ ਐਕਟ ਅਧੀਨ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਗੀਤਾਂਜਲੀ ਅੰਗਮੋ ਨੇ ਵਾਂਗਚੁਕ ਦੇ ਇੱਕ ਪਾਕਿਸਤਾਨੀ ਖੁਫੀਆ ਕਾਰਜਕਾਰੀ ਨਾਲ ਸੰਪਰਕ ਵਿੱਚ ਹੋਣ ਦੇ ਦੋਸ਼ਾਂ ਦਾ ਖੰਡਨ ਕੀਤਾ ਸੀ ਅਤੇ ਲੱਦਾਖ ਪੁਲਸ ’ਤੇ ‘ਏਜੰਡੇ’ ਤਹਿਤ ਕੰਮ ਕਰਨ ਦਾ ਦੋਸ਼ ਲਾਇਆ ਸੀ|
ਗੀਤਾਂਜਲੀ ਨੇ ਦੋਸ਼ ਲਾਇਆ—ਡੀ ਜੀ ਪੀ, ਜੋ ਵੀ ਕਹਿ ਰਹੇ ਹਨ, ਉਨ੍ਹਾ ਦਾ ਇੱਕ ਏਜੰਡਾ ਹੈ| ਉਹ ਕਿਸੇ ਵੀ ਹਾਲਤ ਵਿੱਚ 6ਵੇਂ ਸ਼ਡਿਊਲ ਨੂੰ ਲਾਗੂ ਨਹੀਂ ਕਰਨਾ ਚਾਹੁੰਦੇ ਅਤੇ ਕਿਸੇ ਨੂੰ ਬਲੀ ਦਾ ਬੱਕਰਾ ਬਣਾਉਣਾ ਚਾਹੁੰਦੇ ਹਨ|’ ਉਨ੍ਹਾ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਅਤੇ ਇੱਕ ਪਾਕਿਸਤਾਨੀ ਮੀਡੀਆ ਆਊਟਲੈਟ ਵੱਲੋਂ ਕਰਵਾਏ ਗਏ ਇੱਕ ਜਲਵਾਯੂ ਪਰਿਵਰਤਨ ਸੰਮੇਲਨ ਵਿੱਚ ਸ਼ਾਮਲ ਹੋਏ ਸਨ|