ਮੁਹਾਲੀ : ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਪੰਜਾਬੀ ਗਾਇਕ ਰਾਜਵੀਰ ਜਵੰਦਾ (35) ਆਖਰਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ | ਉਹ ਬਹੁਤ ਹੀ ਥੋੜ੍ਹੇ ਸਮੇ ਵਿਚ ਪੰਜਾਬੀਆਂ ਦਾ ਚਹੇਤਾ ਗਾਇਕ ਬਣ ਗਿਆ ਸੀ | ਉਸ ਨੇ ਆਪਣੇ ਸਭਿਅਕ ਗਾਣਿਆਂ ਨਾਲ ਸਭ ਦਾ ਮਨ ਮੋਹਿਆ | ਜਵੰਦਾ ਨੇ ਬੁੱਧਵਾਰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਸਵੇਰੇ 10.55 ਵਜੇ ਆਖਰੀ ਸਾਹ ਲਿਆ | ਜਵੰਦਾ 27 ਸਤੰਬਰ ਨੂੰ ਬੱਦੀ ਨਜ਼ਦੀਕ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਸੀ ਤੇ ਪਿਛਲੇ 12 ਦਿਨਾਂ ਤੋਂ ਹਸਪਤਾਲ ਵਿਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਸੀ | ਹਾਦਸੇ ਮੌਕੇ ਜਵੰਦਾ ਆਪਣੇ ਮੋਟਰਸਾਈਕਲ ‘ਤੇ ਸ਼ਿਮਲਾ ਜਾ ਰਿਹਾ ਸੀ |
ਫੋਰਟਿਸ ਹਸਪਤਾਲ ਦੇ ਡਾਇਰੈਕਟਰ ਅਭਿਜੀਤ ਸਿੰਘ ਨੇ ਗਾਇਕ ਦੇ ਦੇਹਾਂਤ ਦੀ ਪੁਸ਼ਟੀ ਕੀਤੀ | ਹਸਪਤਾਲ ਨੇ ਰਾਜਵੀਰ ਜਵੰਦਾ ਦੀ ਮਿ੍ਤਕ ਦੇਹ ਪਰਵਾਰ ਨੂੰ ਸੌਂਪ ਦਿੱਤੀ ਹੈ | ਗਾਇਕ ਦੀ ਦੇਹ ਮੁਹਾਲੀ ਦੇ ਸੈਕਟਰ 71 ਵਿਚਲੀ ਉਸ ਦੀ 91 ਨੰਬਰ ਕੋਠੀ ਵਿੱਚ ਰੱਖਣ ਤੋਂ ਬਾਅਦ ਜਗਰਾਓਾ ਨੇੜੇ ਜੱਦੀ ਪਿੰਡ ਪੋਨਾ ਲਿਜਾਈ ਜਾਵੇਗੀ | ਰਾਜਵੀਰ ਜਵੰਦਾ ਦਾ ਅੰਤਮ ਸੰਸਕਾਰ ਵੀਰਵਾਰ ਨੂੰ ਕੀਤਾ ਜਾਵੇਗਾ |





