ਮਜੀਠੀਆ ਤੋਂ ਪੁੱਛਗਿੱਛ ਕਰਨ ਵਾਲਾ ਡੀ ਆਈ ਜੀ ਗਿ੍ਫਤਾਰ

0
47

ਸੀ ਬੀ ਆਈ ਵੱਲੋਂ ਹਰਚਰਨ ਸਿੰਘ ਭੁੱਲਰ ਨੂੰ ਰੰਗੇ ਹੱਥੀਂ ਫੜਨ ਦਾ ਦਾਅਵਾ
ਚੰਡੀਗੜ੍ਹ : ਸੀ ਬੀ ਆਈ ਨੇ ਰੋਪੜ ਰੇਂਜ ਦੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੂੰ ਵੀਰਵਾਰ ਪੰਜ ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਉਨ੍ਹਾ ਦੇ ਮੁਹਾਲੀ ਸਥਿਤ ਦਫਤਰ ‘ਚੋਂ ਗਿ੍ਫਤਾਰ ਕਰ ਲਿਆ | ਸੂਤਰਾਂ ਮੁਤਾਬਕ ਸੀ ਬੀ ਆਈ ਦੀ ਟੀਮ ਨੇ ਇੱਕ ਹੋਰ ਵਿਅਕਤੀ ਨੂੰ ਵੀ ਕਾਬੂ ਕੀਤਾ ਹੈ |
ਰਿਪੋਰਟਾਂ ਅਨੁਸਾਰ, ਸੀ ਬੀ ਆਈ ਨੂੰ ਭੁੱਲਰ ਵਿਰੁੱਧ ਭਿ੍ਸ਼ਟਾਚਾਰ ਨਾਲ ਸੰਬੰਧਤ ਕੁਝ ਲੈਣ-ਦੇਣ ਅਤੇ ਅਹੁਦੇ ਦੀ ਦੁਰਵਰਤੋਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ | ਇਸ ਦੇ ਆਧਾਰ ‘ਤੇ, ਏਜੰਸੀ ਨੇ ਜਾਂਚ ਸ਼ੁਰੂ ਕੀਤੀ ਸੀ | ਸੂਤਰਾਂ ਨੇ ਕਿਹਾ ਕਿ ਭੁੱਲਰ ਦੇ ਦਫਤਰ, ਘਰ ਤੇ ਕੁਝ ਹੋਰ ਟਿਕਾਣਿਆਂ ਦੀ ਵੀ ਤਲਾਸ਼ੀ ਲਈ ਗਈ | ਭੁੱਲਰ ਨੂੰ ਗਿ੍ਫਤਾਰ ਕਰਨ ਮਗਰੋਂ ਪੰਚਕੂਲਾ ਤੇ ਫਿਰ ਮੁਹਾਲੀ ਵਾਪਸ ਲਿਆਂਦਾ ਗਿਆ | ਸੀ ਬੀ ਆਈ ਟੀਮ ਨੇ ਇਸ ਪੂਰੀ ਕਾਰਵਾਈ ਦੌਰਾਨ ਇਹ ਯਕੀਨੀ ਬਣਾਇਆ ਕਿ ਡੈਪੂਟੇਸ਼ਨ ‘ਤੇ ਆਏ ਪੰਜਾਬ ਪੁਲਸ ਦੇ ਕਿਸੇ ਵੀ ਕਰਮਚਾਰੀ ਨੂੰ ਛਾਪੇਮਾਰੀ ਕਰਨ ਵਾਲੀ ਟੀਮ ਦਾ ਹਿੱਸਾ ਨਾ ਬਣਾਇਆ ਜਾਵੇ |
ਸੂਤਰਾਂ ਨੇ ਦੱਸਿਆ ਕਿ ਸੀ ਬੀ ਆਈ ਚੰਡੀਗੜ੍ਹ ਨੇ ਇਹ ਕਾਰਵਾਈ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ (ਕਬਾੜੀਏ) ਦੀ ਸ਼ਿਕਾਇਤ ‘ਤੇ ਕੀਤੀ ਹੈ | ਕਬਾੜੀਏ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਪਹਿਲਾਂ ਭੁੱਲਰ ਉਸ ਦਾ ਗੈਰਕਾਨੂੰਨੀ ਕਾਰੋਬਾਰ ਜਾਰੀ ਰੱਖਣ ਲਈ ਹਰ ਮਹੀਨੇ ਦੋ ਲੱਖ ਰੁਪਏ ਲੈਂਦੇ ਸਨ ਤੇ ਫਿਰ ਪੰਜ ਲੱਖ ਰੁਪਏ ਕਰ ਦਿੱਤੇ ਸਨ | ਚੇਤੇ ਰਹੇ ਕਿ ਭੁੱਲਰ ਦੇ ਡੀ ਆਈ ਜੀ ਹੁੰਦਿਆਂ ਚੇਸੀ ਨੰਬਰ ਬਦਲ ਕੇ ਸਕਰੈਪ ਗੱਡੀਆਂ ਵੇਚਣ ਦੀਆਂ ਪਿੱਛੇ ਜਿਹੇ ਕਾਫੀ ਖਬਰਾਂ ਛਪੀਆਂ ਸਨ | ਸੂਤਰਾਂ ਮੁਤਾਬਕ ਭੁੱਲਰ ਨੇ ਵੱਖ-ਵੱਖ ਵਿਅਕਤੀਆਂ ਤੇ ਕੰਪਨੀਆਂ ਨਾਲ ਰਿਸ਼ਵਤ ਦੇ ਮਹੀਨੇ ਬੰਨ੍ਹੇ ਹੋਏ ਸਨ |
ਭੁੱਲਰ ਨੇ ਪਿਛਲੇ ਸਾਲ 27 ਨਵੰਬਰ ਨੂੰ ਰੋਪੜ ਰੇਂਜ ਦੇ ਡੀ ਆਈ ਜੀ ਦਾ ਅਹੁਦਾ ਸੰਭਾਲਿਆ ਸੀ | ਇਸ ਤੋਂ ਪਹਿਲਾਂ ਉਹ ਪਟਿਆਲਾ ਰੇਂਜ ਦੇ ਡੀ ਆਈ ਜੀ ਸਨ | ਭੁੱਲਰ ਰੋਪੜ ਰੇਂਜ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਨਸ਼ਾ ਵਿਰੋਧੀ ਮੁਹਿੰਮ ਵਿੱਚ ਸ਼ਾਮਲ ਸਨ | ਭੁੱਲਰ ਪੰਜਾਬ ਦੇ ਸਾਬਕਾ ਡੀ ਜੀ ਪੀ ਮਹਿਲ ਸਿੰਘ ਭੁੱਲਰ ਦੇ ਪੁੱਤਰ ਹਨ | ਉਨ੍ਹਾ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਵੀ ਕੀਤੀ, ਜਿਸ ਨੇ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਕੀਤੀ ਸੀ | ਉਨ੍ਹਾ ਦਾ ਛੋਟਾ ਭਰਾ ਕੁਲਦੀਪ ਸਿੰਘ ਭੁੱਲਰ ਕਾਂਗਰਸੀ ਵਿਧਾਇਕ ਰਹਿ ਚੁੱਕਾ ਹੈ |