ਕੈਨੇਡਾ ’ਚ ਕਾਰ ’ਤੇ ਪਿਸ਼ਾਬ ਕਰਨ ਤੋਂ ਰੋਕਣ ’ਤੇ ਹੋਈ ਪੰਜਾਬੀ ਕਾਰੋਬਾਰੀ ਦੀ ਹੱਤਿਆ

0
66

ਕੈਲਗਰੀ : ਐਡਮਿੰਟਨ ਦੇ ਡਾਊਨ ਟਾਊਨ ਵਿਚ ਇਕ ਅਜਨਬੀ ਵੱਲੋਂ ਕੀਤੇ ਹਮਲੇ ਵਿਚ ਭਾਰਤੀ ਮੂਲ ਦੇ 55 ਸਾਲਾ ਕਾਰੋਬਾਰੀ ਆਰਵੀ ਸਿੰਘ ਸੱਗੂ ਦੀ ਮੌਤ ਹੋ ਗਈ। ਸੱਗੂ ਨੇ ਇਕ ਅਜਨਬੀ ਨੂੰ 109 ਸਟਰੀਟ ’ਤੇ ਦਿ ਕੌਮਨ ਰੈਸਟੋਰੈਂਟ ਨੇੜੇ ਆਪਣੀ ਕਾਰ ’ਤੇ ਪਿਸ਼ਾਬ ਕਰਨ ਤੋਂ ਰੋਕਿਆ ਸੀ। ਐਡਮਿੰਟਨ ਪੁਲਸ ਸਰਵਿਸ ਮੁਤਾਬਕ ਸੱਗੂ ਤੇ ਉਸ ਦੀ ਮਹਿਲਾ ਮਿੱਤਰ ਰਾਤ ਦੇ ਖਾਣੇ ਮਗਰੋਂ ਆਪਣੇ ਵਾਹਨ ਕੋਲ ਵਾਪਸ ਆ ਰਹੇ ਸਨ ਜਦੋਂ ਉਨ੍ਹਾਂ ਅਜਨਬੀ ਨੂੰ ਆਪਣੀ ਕਾਰ ’ਤੇ ਪਿਸ਼ਾਬ ਕਰਦਿਆਂ ਦੇਖਿਆ। ਜਦੋਂ ਸੱਗੂ ਨੇ ਉਸ ਨੂੰ ਸਵਾਲ ਕੀਤਾ ਤਾਂ ਮਸ਼ਕੂਕ ਨੇ ਕਥਿਤ ਉਸ ਦੇ ਸਿਰ ’ਤੇ ਵਾਰ ਕੀਤਾ। ਸੱਗੂ ਜ਼ਮੀਨ ’ਤੇ ਡਿੱਗ ਪਿਆ ਤੇ ਬੇਹੋਸ਼ ਹੋ ਗਿਆ। ਉਸ ਨੂੰ ਗੰਭੀਰ ਸੱਟਾਂ ਨਾਲ ਫੌਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਜੀਵਨ ਰੱਖਿਅਕ ਪ੍ਰਣਾਲੀ ’ਤੇ ਰੱਖਿਆ ਗਿਆ। ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਸੱਗੂ ਦੀ ਮੌਤ ਹੋ ਗਈ। ਪੁਲਸ ਨੇ ਦੋਸ਼ੀ 40 ਸਾਲਾ ਕਾਇਲੇ ਪੈਪਿਨ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਤਫ਼ਤੀਸ਼ਕਾਰਾਂ ਦਾ ਕਹਿਣਾ ਹੈ ਕਿ ਸੱਗੂ ਅਤੇ ਪੈਪਿਨ ਹਮਲੇ ਤੋਂ ਪਹਿਲਾਂ ਇੱਕ-ਦੂਜੇ ਨੂੰ ਨਹੀਂ ਜਾਣਦੇ ਸਨ।
ਸਾਬਕਾ ਡੀ ਐੱਸ ਪੀ ਗਿ੍ਰਫਤਾਰ
ਸ੍ਰੀ ਆਨੰਦਪੁਰ ਸਾਹਿਬ (ਅਰਵਿੰਦਰ ਸਿੰਘ ਬਿੰਦੀ)-ਆਪ ਦੇ ਆਗੂ ਨਿਤਿਨ ਨੰਦਾ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਵੀਰਵਾਰ ਪੁਲਸ ਨੇ ਸਾਬਕਾ ਡੀ ਐਸ ਪੀ ਦਿਲਸ਼ੇਰ ਸਿੰਘ ਰਾਣਾ ਨੂੰ ਗਿ੍ਰਫਤਾਰ ਕਰ ਲਿਆ। ਐੱਸ ਐੱਸ ਪੀ ਰੂਪਨਗਰ ਗੁਲਨੀਤ ਖੁਰਾਣਾ ਨੇ ਦੱਸਿਆ ਕਿ ਨਿਤਿਨ ਨੰਦਾ ਅਤੇ ਦਿਲਸ਼ੇਰ ਸਿੰਘ ਰਾਣਾ ਵਿਚਕਾਰ ਜ਼ਮੀਨ ਨੂੰ ਲੈ ਕੇ ਆਪਸੀ ਵਿਵਾਦ ਚੱਲ ਰਿਹਾ ਸੀ।ਨਿਤਿਨ ਨੰਦਾ ਨੇ ਦਿਲਸ਼ੇਰ ਸਿੰਘ ਤੋਂ ਜ਼ਮੀਨ ਖਰੀਦਣ ਲਈ ਬਿਆਨਾ ਕੀਤਾ ਸੀ, ਪਰ ਬਾਅਦ ਵਿੱਚ ਸੌਦਾ ਪੂਰਾ ਨਹੀਂ ਹੋਇਆ, ਜਿਸ ਸੰਬੰਧੀ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ।ਗੋਲੀ ਕਾਂਡ ਵਿੱਚ ਕੁੱਲ ਚਾਰ ਵਿਅਕਤੀਆਂ ਦੇ ਖ਼ਿਲਾਫ ਐੱਫ ਆਈ ਆਰ ਦਰਜ ਕੀਤੀ ਗਈ ਹੈ, ਜਿਨ੍ਹਾਂ ਵਿੱਚ ਦਿਲਸ਼ੇਰ ਸਿੰਘ ਰਾਣਾ, ਰਣ ਬਹਾਦਰ, ਰਾਮ ਸਿੰਘ, ਡਾਕਟਰ ਅਜੇ ਰਾਣਾ ਸ਼ਾਮਲ ਹੈ।ਦਿਲਸ਼ੇਰ ਸਿੰਘ ਰਾਣਾ ਨੂੰ ਅਦਾਲਤ ਵਿੱਚ ਆਤਮ ਸਮਰਪਣ ਲਈ ਜਾਂਦੇ ਸਮੇਂ ਰਸਤੇ ਵਿੱਚ ਗਿ੍ਰਫਤਾਰ ਕਰ ਲਿਆ ਗਿਆ।