ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵਿੱਚ ਸੋਮਵਾਰ ਨੂੰ ਵਿਦਿਆਰਥੀਆਂ ਵੱਲੋਂ ਸਿਆਸੀ ਅਤੇ ਕਿਸਾਨ ਆਗੂਆਂ ਦੇ ਨਾਲ ਮਿਲ ਕੇ ਲੰਬੇ ਸਮੇਂ ਤੋਂ ਲਟਕਦੀਆਂ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਕੀਤੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਮਾਹੌਲ ਗਰਮ ਨਜ਼ਰ ਆਇਆ। ਇਸ ਅੰਦੋਲਨ ਕਾਰਨ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਅਤੇ ਸਵੇਰੇ ਤੜਕਸਾਰ ਗੇਟ ਬੰਦ ਕਰ ਦਿੱਤੇ ਗਏ ਤਾਂ ਜੋ ਪ੍ਰਦਰਸ਼ਨਕਾਰੀਆਂ ਨੂੰ ਕੈਂਪਸ ਦੇ ਅੰਦਰ ਇਕੱਠੇ ਹੋਣ ਤੋਂ ਰੋਕਿਆ ਜਾ ਸਕੇ। ਇਸ ਹੰਗਾਮੇ ਦੇ ਵਿਚਕਾਰ ਇੱਕ ਵਿਦਿਆਰਥਣ ਵਿਰੋਧ ਪ੍ਰਦਰਸ਼ਨ ਦਾ ਅਚਾਨਕ ਮੋਹਰੀ ਚਿਹਰਾ ਬਣ ਗਈ, ਜਦੋਂ ਇੱਕ ਪੁਲਸ ਕਰਮਚਾਰੀ ਨਾਲ ਉਸ ਦੇ ਟਕਰਾਅ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਕਲਿੱਪ ਵਿੱਚ ਵਿਦਿਆਰਥਣ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, “ਬਾਂਹ ਛੱਡੋ… ਜੇ ਮੇਰੇ ’ਤੇ ਪੈ ਗਈ ਫਿਰ ਆਪਣਾ ਹਿਸਾਬ ਲਾ ਲਈਂ… ਲੜਦੇ ਲੋਕੀਂ ਜ਼ਿੰਦਾਬਾਦ।” ਇਸ ਧੀ ਦੀ ਪਛਾਣ ਹਰਮਨਪ੍ਰੀਤ ਕੌਰ ਵਜੋਂ ਹੋਈ ਹੈ ਅਤੇ ਉਹ ਸ੍ਰੀ ਅਨੰਦਪੁਰ ਸਾਹਿਬ ਦੀ ਰਹਿਣ ਵਾਲੀ ਹੈ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਐਂਥਰੋਪੋਲੋਜੀ ਵਿਭਾਗ ਵਿੱਚ ਦੂਜੇ ਸਾਲ ਦੀ ਵਿਦਿਆਰਥਣ ਹੈ। ਉਸ ਨੇ ਬਾਅਦ ਵਿੱਚ ਦੱਸਿਆ ਕਿ ਉਹ ਸਵੇਰੇ 5 ਵਜੇ ਦੇ ਕਰੀਬ ਯੂਨੀਵਰਸਿਟੀ ਵੱਲ ਤੁਰ ਪਈ ਸੀ। ਉਸ ਨੇ ਕਿਹਾ, “ਯੂਨੀਵਰਸਿਟੀ ਦਾ ਕੋਈ ਵੀ ਗੇਟ ਖੁੱਲ੍ਹਾ ਨਹੀਂ ਸੀ। ਜਦੋਂ ਮੈਂ ਇੱਕ ਗੇਟ ’ਤੇ ਪਹੁੰਚੀ, ਤਾਂ ਇੱਕ ਪੁਲਸ ਕਰਮਚਾਰੀ ਨੇ ਮੇਰੀ ਬਾਂਹ ਫੜ ਲਈ ਤਾਂ ਮੈਂ ਉਸ ਦਾ ਦਲੇਰੀ ਨਾਲ ਮੁਕਾਬਲਾ ਕੀਤਾ।’’ ਬਾਅਦ ਵਿੱਚ ਉਨ੍ਹਾਂ ਨੇ ਮੈਨੂੰ ਅੰਦਰ ਜਾਣ ਦਿੱਤਾ। ਵਿਦਿਆਰਥਣ ਦੇ ਪਿਤਾ ਸੁਖਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਧੀ ਆਪਣੇ ਹੱਕ ਲਈ ਲੜਨਾ ਚੰਗੀ ਤਰ੍ਹਾਂ ਜਾਣਦੀ ਹੈ। ਹਰਮਨਪ੍ਰੀਤ ਕੌਰ ਦਾ ਭਰਾ ਜਸ਼ਨਪ੍ਰੀਤ ਸਿੰਘ ਏਅਰ ਫੋਰਸ ਵਿੱਚ ਹੈ।





